Diljit Chandigarh Show : ਸ਼ੋਅ ਦਿਲਜੀਤ ਦਾ, ਕਮਾਈ ਕਰ ਗਏ ਚੋਰ! ਚੰਡੀਗੜ੍ਹ ਸ਼ੋਅ ਦੌਰਾਨ 150 ਤੋਂ ਵੱਧ ਮੋਬਾਈਲ ਹੋਏ ਚੋਰੀ
Diljit Dosanjh Chandigarh Show News : ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦਾ ਚੰਡੀਗੜ੍ਹ ਸ਼ੋਅ ਸ਼ੁਰੂ ਹੋਣ ਤੋਂ ਲੈ ਕੇ ਖਤਮ ਹੋਣ ਤੋਂ ਬਾਅਦ ਵੀ ਵਿਵਾਦਾਂ ਦਾ ਹਿੱਸਾ ਬਣਦਾ ਆ ਰਿਹਾ ਹੈ। ਦਿਲਜੀਤ ਦਾ ਚੰਡੀਗੜ੍ਹ ਦਾ ਸ਼ੋਅ ਤਾਂ ਭਾਵੇਂ ਕੁੱਝ ਘੰਟਿਆਂ ਪਿੱਛੋਂ ਖਤਮ ਹੋ ਗਿਆ, ਪਰ ਇਸ ਦੀ ਛਾਪ ਅਜੇ ਵੀ ਲੋਕਾਂ 'ਤੇ ਕਿਸੇ ਨਾ ਕਿਸੇ ਹਿੱਸੇ ਵੱਜੋਂ ਜਾਰੀ ਹੈ। ਹੁਣ ਤਾਜ਼ਾ ਮਾਮਲਾ ਦਿਲਜੀਤ ਦੋਸਾਂਝ ਦੇ ਸ਼ੋਅ 'ਚ ਚੋਰੀ ਦੀਆਂ ਘਟਨਾਵਾਂ ਦਾ ਸਾਹਮਣੇ ਆ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਇਸ ਸ਼ੋਅ ਦੌਰਾਨ ਚੋਰਾਂ ਵੱਲੋਂ ਲੋਕਾਂ ਦੇ 150 ਤੋਂ ਵੱਧ ਮੋਬਾਈਲ ਚੋਰੀ ਕਰ ਲਏ ਗਏ, ਜਦਕਿ ਕੁੱਝ ਪਰਸ ਵੀ ਚੋਰੀ ਹੋਏ ਹਨ।
ਜਾਣਕਾਰੀ ਅਨੁਸਾਰ ਇਹ ਚੋਰੀ ਦੀਆਂ ਘਟਨਾਵਾਂ ਉਦੋਂ ਵਾਪਰੀਆਂ ਜਦੋਂ ਲੋਕ ਆਪਣੇ ਪਸੰਦੀਦਾ ਗਾਇਕ ਦੇ ਸ਼ੋਅ 'ਚ ਮਗਨ ਸਨ ਅਤੇ ਲੁਤਫ਼ ਲੈਣ ਦੀ ਤਿਆਰੀ ਕਰ ਰਹੇ ਸਨ। ਇਸ ਦੌਰਾਨ ਜਦੋਂ ਸ਼ੋਅ ਵੇਖਣ ਲਈ ਉਤਸ਼ਾਹ ਵਿੱਚ ਲੋਕਾਂ ਦੇ ਐਂਟਰੀ ਗੇਟ 'ਤੇ ਮੋਬਾਈਲ ਚੋਰੀ ਹੋਣ ਦੀ ਗੱਲ ਸਾਹਮਣੇ ਆਈ। ਲੋਕਾਂ ਦੇ ਜ਼ਿਆਦਾਤਰ ਮੋਬਾਈਲ ਐਂਟਰੀ ਗੇਟ 'ਤੇ ਚੋਰੀ ਹੋਏ, ਜਿਸ ਦੀ ਕਈ ਪੀੜਤਾਂ ਨੇ ਪੁਲਿਸ ਸਟੇਸ਼ਨ 'ਤੇ ਸ਼ਿਕਾਇਤ ਦਰਜ ਕਰਵਾਈ।
ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਇਨ੍ਹਾਂ ਸ਼ਿਕਾਇਤਾਂ ਵਿੱਚ ਕੁੱਝ ਪਰਸ ਵੀ ਚੋਰੀ ਹੋਏ ਦੱਸੇ ਗਏ ਹਨ। ਸ਼ਿਕਾਇਤਾਂ ਅਨੁਸਾਰ ਚੋਰਾਂ ਵੱਲੋਂ ਕੁੱਲ 150 ਤੋਂ ਵੱਧ ਲੋਕਾਂ ਦੇ ਮੋਬਾਈਲ ਫੋਨ ਚੋਰੀ ਕਰ ਲਏ ਗਏ। ਚੋਰਾਂ ਨੇ ਐਂਟਰੀ ਗੇਟ 'ਤੇ ਤਾਂ ਫੋਨ ਚੋਰੀ ਕੀਤੇ ਹੀ, ਸਗੋਂ ਚੱਲ ਰਹੇ ਸ਼ੋਅ ਦੌਰਾਨ ਵੀ ਕੁੱਝ ਮੋਬਾਈਲ ਫੋਨ ਚੋਰੀ ਹੋਣ ਬਾਰੇ ਲੋਕਾਂ ਨੇ ਦੱਸਿਆ। ਲੋਕਾਂ ਨੂੰ ਜਿਵੇਂ ਹੀ ਆਪਣੇ ਮੋਬਾਈਲ ਚੋਰੀ ਦਾ ਪਤਾ ਲੱਗਾ ਤਾਂ ਕੁੱਝ ਲੋਕ ਸ਼ੋਅ ਛੱਡ ਕੇ ਸੈਕਟਰ-34 ਥਾਣੇ ਪਹੁੰਅੇ ਅਤੇ ਚੋਰੀ ਦੀ ਸ਼ਿਕਾਇਤ ਵੀ ਦਰਜ ਕਰਵਾਈ।
ਦੱਸ ਦਈਏ ਕਿ ਇਸਤੋਂ ਪਹਿਲਾਂ ਪੰਜਾਬੀ ਗਾਇਕ ਕਰਨ ਔਜਲਾ ਦੇ ਸ਼ੋਅ ਦੌਰਾਨ ਵੀ ਮੋਬਾਈਲ ਚੋਰੀ ਦੀਆਂ 110 ਸ਼ਿਕਾਇਤਾਂ ਸਾਹਮਣੇ ਆਈਆਂ ਸਨ।
ਉਧਰ, ਸੈਕਟਰ 34 ਥਾਣਾ ਪੁਲਿਸ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ।
- PTC NEWS