Drug Trafficking : ਚੰਡੀਗੜ੍ਹ ਪੁਲਿਸ ਨੇ ਅੰਤਰਰਾਸ਼ਟਰੀ ਨਸ਼ਾ ਤਸਕਰੀ ਗਿਰੋਹ ਦਾ ਕੀਤਾ ਪਰਦਾਫਾਸ਼, ਇੱਕ ਵਿਦੇਸ਼ੀ ਔਰਤ ਸਮੇਤ 4 ਗ੍ਰਿਫ਼ਤਾਰ
International Drug Trafficking : ਚੰਡੀਗੜ੍ਹ ਪੁਲਿਸ (Chandigarh Police) ਦੇ ਆਪ੍ਰੇਸ਼ਨ ਸੈੱਲ ਨੇ ਨਸ਼ਾ ਤਸਕਰਾਂ ਦੇ ਇੱਕ ਅੰਤਰਰਾਸ਼ਟਰੀ ਗਿਰੋਹ ਦਾ ਪਰਦਾਫਾਸ਼ ਕਰਦਿਆਂ 01 ਵਿਦੇਸ਼ੀ (ਤਨਜ਼ਾਨੀਆ/ਅਫਰੀਕਨ) ਔਰਤ ਸਮੇਤ 04 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਦੋ ਅੰਤਰਰਾਸ਼ਟਰੀ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ 297.40 ਗ੍ਰਾਮ ਹੈਰੋਇਨ (Heroine) ਬਰਾਮਦ ਕੀਤੀ। ਇਹ ਗਿਰੋਹ ਚੰਡੀਗੜ੍ਹ ਅਤੇ ਤਿਕੋਣੀ ਖੇਤਰ ਵਿੱਚ ਸਰਗਰਮ ਸੀ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਆਕਾਸ਼ਦੀਪ ਉਰਫ਼ ਆਕਾਸ਼ ਅਤੇ ਸ਼ਮਸ਼ੇਰ ਸਿੰਘ ਉਰਫ਼ ਸ਼ੇਰਾ ਵਜੋਂ ਹੋਈ ਹੈ।
ਗੋਵਿੰਦਵਾਲ ਜੇਲ੍ਹ ਤੋਂ ਚੱਲ ਰਿਹਾ ਸੀ ਨਸ਼ਾ ਤਸਕਰੀ ਨੈੱਟਵਰਕ
ਪੁਲਿਸ ਅਨੁਸਾਰ, ਇਹ ਮੁਲਜ਼ਮ ਆਪਣੇ ਸਾਥੀ ਗੁਰਲਾਲ ਉਰਫ਼ ਲਾਲਾ ਦੇ ਨਿਰਦੇਸ਼ਾਂ 'ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰ ਰਹੇ ਸਨ। ਗੁਰਲਾਲ ਇਸ ਵੇਲੇ ਗੋਵਿੰਦਵਾਲ ਜੇਲ੍ਹ ਵਿੱਚ ਬੰਦ ਹੈ ਅਤੇ ਪਾਕਿਸਤਾਨ ਦੀ ਆਈਐਸਆਈ ਨਾਲ ਸਿੱਧਾ ਸੰਬੰਧ ਰੱਖਦਾ ਹੈ। ਪੁਲਿਸ ਵੱਲੋਂ ਮੁਲਜ਼ਮਾਂ ਦੇ ਵਿੱਤੀ ਲੈਣ-ਦੇਣ ਅਤੇ ਡਰੱਗ ਮਨੀ ਰਾਹੀਂ ਕੀਤੀ ਜਾ ਰਹੀ ਜਾਇਦਾਦ ਦੀ ਜਾਂਚ ਜਾਰੀ ਹੈ।
ਦਿੱਲੀ ਤੋਂ ਚੰਡੀਗੜ੍ਹ ਨਸ਼ਾ ਤਸਕਰੀ ਕਰਦੀ ਸੀ ਤਨਜ਼ਾਨੀਆ ਔਰਤ ਗ੍ਰਿਫ਼ਤਾਰ
ਇਸ ਮੁਹਿੰਮ ਦੌਰਾਨ, ISBT-17, ਚੰਡੀਗੜ੍ਹ ਤੋਂ ਸ਼ੁਫਾ @ਸ਼ੂਫੀ ਨਾਂ ਦੀ ਇੱਕ ਤਨਜ਼ਾਨੀਆ ਨਾਗਰਿਕ ਔਰਤ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ, ਜਿਸਦੇ ਕਬਜ਼ੇ ਵਿੱਚੋਂ 100 ਕੋਕੀਨ/ਕਰੈਕ ਬਾਲ ਬਰਾਮਦ ਹੋਈ। ਇਹ ਔਰਤ ਦਿੱਲੀ ਤੋਂ ਚੰਡੀਗੜ੍ਹ ਤੱਕ ਨਸ਼ਿਆਂ ਦਾ ਨੈੱਟਵਰਕ ਚਲਾਉਂਦੀ ਸੀ।
ਜਾਣਕਾਰੀ ਅਨੁਸਾਰ ਪੁਲਿਸ ਨੇ ਗੁਪਤ ਸੂਚਨਾ ਮਿਲਣ 'ਤੇ ਸੈਕਟਰ-43, ਚੰਡੀਗੜ੍ਹ ਦੇ ਆਈ.ਐਸ.ਬੀ.ਟੀ. ਨੇੜੇ ਨਾਕਾ ਲਗਾ ਕੇ ਆਕਾਸ਼ਦੀਪ ਸਿੰਘ ਉਰਫ਼ ਆਕਾਸ਼ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ ਦੇ ਕਬਜ਼ੇ ਵਿੱਚੋਂ 297.40 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸ ਮਾਮਲੇ ਵਿੱਚ ਐਫ.ਆਈ.ਆਰ. ਨੰਬਰ 76, ਮਿਤੀ 24.03.2025, U/S 21 NDPS ਐਕਟ ਥਾਣਾ ਸੈਕਟਰ-36, ਚੰਡੀਗੜ੍ਹ ਵਿੱਚ ਦਰਜ ਕੀਤੀ ਗਈ।
ਪੁੱਛਗਿੱਛ ਦੌਰਾਨ ਆਕਾਸ਼ਦੀਪ ਨੇ ਖੁਲਾਸਾ ਕੀਤਾ ਕਿ ਉਹ ਆਪਣੇ ਸਾਥੀ ਸ਼ਮਸ਼ੇਰ ਸਿੰਘ ਉਰਫ਼ ਸ਼ੇਰਾ ਨਾਲ ਮਿਲ ਕੇ ਪੰਜਾਬ ਅਤੇ ਚੰਡੀਗੜ੍ਹ ਵਿੱਚ ਨਸ਼ਿਆਂ ਦੀ ਸਪਲਾਈ ਕਰਦਾ ਸੀ। ਪੁਲਿਸ ਵੱਲੋਂ ਨਸ਼ਾ ਤਸਕਰਾਂ ਦੀ ਚੇਨ ਤੋੜਨ ਲਈ ਹੋਰ ਗਿਰਫ਼ਤਾਰੀਆਂ ਦੀ ਸੰਭਾਵਨਾ ਹੈ।
- PTC NEWS