Chandigarh News : ਚੰਡੀਗੜ੍ਹ ਵਾਸੀਆਂ ਲਈ ਵੱਡੀ ਖ਼ਬਰ, ਹੁਣ ਪਾਣੀ ਬਰਬਾਦ ਕਰਨ 'ਤੇ ਕੱਟੇ ਜਾਣਗੇ ਚਲਾਨ, ਲੱਗੇਗਾ ਭਾਰੀ ਜੁਰਮਾਨਾ
Chandigarh News : ਚੰਡੀਗੜ੍ਹ ਸ਼ਹਿਰ ਵਾਸੀਆਂ ਲਈ ਵੱਡੀ ਖ਼ਬਰ ਹੈ। ਨਗਰ ਨਿਗਮ ਅੱਜ ਤੋਂ ਪਾਣੀ ਦੀ ਬਰਬਾਦ ਕਰਨ ਵਾਲਿਆਂ ਖਿਲਾਫ਼ ਸਖਤ ਕਾਰਵਾਈ ਸ਼ੁਰੂ ਕਰਨ ਜਾ ਰਹੀ ਹੈ। ਨਿਗਮ 7 ਅਪ੍ਰੈਲ ਤੋਂ ਸ਼ਹਿਰ ਵਿੱਚ ਪਾਣੀ ਬਰਬਾਦ (Water Wastage) ਕਰਨ ਵਾਲਿਆਂ ਦੇ ਚਲਾਨ ਕੱਟੇਗੀ।
ਜਾਣਕਾਰੀ ਅਨੁਸਾਰ ਚੰਡੀਗੜ੍ਹ ਨਗਰ ਨਿਗਮ ਨੇ ਇਸ ਗਰਮੀਆਂ ਦੇ ਇਸ ਸੀਜ਼ਨ ਦੌਰਾਨ ਪੀਣ ਵਾਲੇ ਪਾਣੀ ਦੀ ਸੰਭਾਲ ਲਈ ਯੋਜਨਾ ਬਣਾਈ ਹੈ, ਜਿਸ ਤਹਿਤ ਪਾਣੀ ਦੀ ਬਰਬਾਦੀ ਕਰਨ 'ਤੇ ਅੱਜ 7 ਅਪ੍ਰੈਲ ਤੋਂ ਲਾਗੂ ਹੋ ਜਾਣਗੇ। ਨਿਯਮਾਂ ਤਹਿਤ ਪਾਣੀ ਦੀ ਬਰਬਾਦੀ ਕਰਨ ਵਾਲਿਆਂ ਨੂੰ ਭਾਰੀ ਜੁਰਮਾਨੇ ਲਗਾਏ ਜਾਣਗੇ।
ਨਗਰ ਨਿਗਮ ਵੱਲੋਂ ਪਾਣੀ ਸਪਲਾਈ ਦੇ ਸਮੇਂ ਦੌਰਾਨ ਲਾਅਨ ਨੂੰ ਪਾਣੀ ਦੇਣ, ਵਾਹਨਾਂ ਅਤੇ ਵਿਹੜਿਆਂ ਆਦਿ ਨੂੰ ਧੋਣ, ਓਵਰਹੈੱਡ/ਅੰਡਰਗਰਾਊਂਡ ਵਾਟਰ ਟੈਂਕਾਂ ਤੋਂ ਓਵਰਫਲੋਅ, ਵਾਟਰ ਮੀਟਰ ਚੈਂਬਰ ਤੋਂ ਲੀਕੇਜ, ਟੂਟੀਆਂ ਨਾ ਲਗਾਉਣ ਕਾਰਨ ਪਾਣੀ ਦੀ ਬਰਬਾਦੀ, ਫੈਰੂਲ ਤੋਂ ਵਾਟਰ ਮੀਟਰ ਤੱਕ ਪਾਈਪਲਾਈਨ ਵਿੱਚ ਲੀਕੇਜ, ਕੂਲਰਾਂ ਤੋਂ ਲੀਕੇਜ, ਪਾਣੀ ਸਪਲਾਈ ਲਾਈਨ ’ਤੇ ਸਿੱਧੇ ਬੂਸਟਰ ਪੰਪ ਲਗਾ ਕੇ ਪਾਣੀ ਦੀ ਵਰਤੋਂ ਕਰਨਾ ਜਾਂ ਕਿਸੇ ਹੋਰ ਕਾਰਨ ਕਰਕੇ ਪਾਣੀ ਦੀ ਦੁਰਵਰਤੋਂ ਕਰਨ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।
ਕਮਿਸ਼ਨਰ ਨੇ ਸ਼ਹਿਰ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਾਣੀ ਦੀ ਬਰਬਾਦੀ ਤੋਂ ਬਚਾਅ ਰੱਖਣ ਅਤੇ ਕੀਮਤੀ ਪਾਣੀ ਦੀ ਸੰਭਾਲ ਕਰਕੇ ਸ਼ਹਿਰ ਵਾਸੀਆਂ ਦੀ ਮੰਗ ਨੂੰ ਪੂਰਾ ਕਰਨ ਲਈ ਕਾਰਪੋਰੇਸ਼ਨ ਨੂੰ ਸਹਿਯੋਗ ਦੇਣ।
- PTC NEWS