ਸੁਪਰੀਮ ਕੋਰਟ ਪਹੁੰਚਿਆ ਚੰਡੀਗੜ੍ਹ ਮੇਅਰ ਚੋਣਾਂ ਦਾ ਵਿਵਾਦ, ਜਾਣੋ ਕੀ ਹੋਵੇਗਾ
ਪੀਟੀਸੀ ਨਿਊਜ਼ ਡੈਸਕ: ਚੰਡੀਗੜ੍ਹ ਮੇਅਰ ਚੋਣਾਂ ਦਾ ਵਿਵਾਦ ਠੱਲ੍ਹਣ ਦਾ ਨਾਂ ਨਹੀਂ ਲੈ ਰਿਹਾ ਹੈ। ਹਾਈਕੋਰਟ 'ਚ ਪਟੀਸ਼ਨ ਤੋਂ ਬਾਅਦ ਹੁਣ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਸੁਪਰੀਮ ਕੋਰਟ ਦਾ ਰੁਖ਼ ਕੀਤਾ ਹੈ। 'ਆਪ' ਤੇ ਕਾਂਗਰਸ ਵੱਲੋਂ ਭਾਜਪਾ 'ਤੇ ਮੇਅਰ ਚੋਣਾਂ ਦੌਰਾਨ ਧਾਂਦਲੀ ਕਰਕੇ ਚੋਣਾਂ ਜਿੱਤ ਦਾ ਇਲਜ਼ਾਮ ਲਾਇਆ ਗਿਆ ਹੈ। ਦੂਜੇ ਪਾਸੇ ਨਵੇਂ ਚੁਣੇ ਮੇਅਰ ਨੇ ਵੀ ਸੁਪਰੀਮ ਕੋਰਟ 'ਚ ਕੈਵਿਏਟ ਦਾਖਲ ਕਰਕੇ ਫੈਸਲਾ ਸੁਣਾਉਣ ਤੋਂ ਪਹਿਲਾਂ ਪੱਖ ਸੁਨਣ ਦੀ ਅਪੀਲ ਕੀਤੀ ਹੈ।
ਦੱਸ ਦਈਏ ਕਿ 30 ਜਨਵਰੀ ਨੂੰ ਹੋਈਆਂ ਚੰਡੀਗੜ੍ਹ ਮੇਅਰ ਚੋਣਾਂ ਵਿੱਚ ਭਾਜਪਾ ਨੇ ਤਿੰਨੇ ਸੀਟਾਂ 'ਤੇ ਕਬਜ਼ਾ ਕਰ ਲਿਆ ਸੀ, ਜਿਸ ਦਾ ਆਪ ਤੇ ਕਾਂਗਰਸ ਵੱਲੋਂ ਤਿੱਖਾ ਵਿਰੋਧ ਕੀਤਾ ਗਿਆ। ਦੋਵਾਂ ਪਾਰਟੀਆਂ ਦਾ ਇਲਜ਼ਾਮ ਹੈ ਕਿ ਭਾਜਪਾ ਨੇ ਇਹ ਚੋਣਾਂ ਧੱਕੇਸ਼ਾਹੀ ਨਾਲ ਜਿੱਤੀਆਂ ਹਨ, ਕਿਉਂਕਿ ਇਸ ਦੌਰਾਨ 8 ਵੋਟਾਂ ਨੂੰ ਰੱਦ ਕਰ ਦਿੱਤਾ ਗਿਆ ਸੀ।
ਆਮ ਆਦਮੀ ਪਾਰਟੀ ਅਤੇ ਕਾਂਗਰਸ ਗਠਜੋੜ (ਇੰਡੀਆ) ਵੱਲੋਂ ਧੱਕੇਸ਼ਾਹੀ ਦੇ ਖਿਲਾਫ਼ ਹਾਈਕੋਰਟ 'ਚ ਵੀ ਪਟੀਸ਼ਨ ਦਾਖਲ ਕੀਤੀ ਸੀ, ਪਰ ਹਾਈਕੋਰਟ ਨੇ ਤੁਰੰਤ ਸੁਣਵਾਈ ਤੋਂ ਇਨਕਾਰ ਕਰ ਦਿੱਤਾ ਸੀ। ਇਸਨੂੰ ਦੇਖਦਿਆਂ ਹੁਣ ਇੰਡੀਆ ਗਠਜੋੜ ਵੱਲੋਂ ਸੁਪਰੀਮ ਕੋਰਟ ਦਾ ਰੁਖ ਕੀਤਾ ਗਿਆ ਹੈ। ਪਟੀਸ਼ਨ ਗਠਜੋੜ ਉਮੀਦਵਾਰ ਕੁਲਦੀਪ ਕੁਮਾਰ ਨੇ ਦਾਖਲ ਕੀਤੀ ਹੈ।
ਉਧਰ, ਦੂਜੇ ਪਾਸੇ ਚੰਡੀਗੜ੍ਹ ਦੇ ਨਵੇਂ ਚੁਣੇ ਹੋਏ ਮੇਅਰ ਮਨੋਜ ਸੋਨਕਰ ਨੇ ਵੀ ਸੁਪਰੀਮ ਕੋਰਟ 'ਚ ਕੈਵੀਏਟ ਦਾਇਰ ਕਰਦਿਆਂ ਕਿਹਾ ਕਿ ਕੁਲਦੀਪ ਕੁਮਾਰ ਦੀ ਪਟੀਸ਼ਨ 'ਤੇ ਕੋਈ ਹੁਕਮ ਜਾਰੀ ਕਰਨ ਤੋਂ ਪਹਿਲਾਂ ਉਸ ਦਾ ਪੱਖ ਵੀ ਸੁਣਿਆ ਜਾਵੇ। ਹੁਣ ਕੱਲ ਸੁਪਰੀਮ ਕੋਰਟ 'ਚ ਇਸ ਪਟੀਸ਼ਨ 'ਤੇ ਤੁਰੰਤ ਸੁਣਵਾਈ ਕਰਨ ਸਬੰਧ ਮੰਗ ਨੂੰ ਲੈ ਕੇ ਮੈਨਸ਼ਨਿੰਗ ਕੀਤੀ ਜਾਵੇਗੀ, ਜਿਸ ਤੋਂ ਬਾਅਦ ਤੈਅ ਹੋਵੇਗਾ ਕਿ ਪਟੀਸ਼ਨ 'ਤੇ ਸੁਣਵਾਈ ਕਦੋਂ ਹੋਵੇਗੀ।
ਸੁਪਰੀਮ ਕੋਰਟ 'ਚ ਪਟੀਸ਼ਨ ਤੋਂ ਇਲਾਵਾ ਕੁਲਦੀਪ ਕੁਮਾਰ ਨੇ ਚੰਡੀਗੜ੍ਹ ਨਗਰ ਨਿਗਮ ਦੇ ਕਮਿਸ਼ਨਰ ਨੂੰ ਵੀ ਅਰਜ਼ੀ ਦੇ ਕੇ 30 ਜਨਵਰੀ ਨੂੰ ਚੋਣਾਂ ਦੀ ਰਿਜ਼ਲਟ ਸ਼ੀਟ, 8 ਰੱਦ ਕਰਾਰ ਦਿੱਤੀਆਂ ਵੋਟਾਂ ਦੀ ਦਾ ਕਾਰਨ ਅਤੇ ਪਿਛਲੇ 10 ਸਾਲਾਂ ਦੌਰਾਨ ਚੋਣਾਂ ਦੀ ਵੀਡੀਓਗ੍ਰਾਫੀ ਦੀ ਕਾਪੀ ਮੰਗੀ ਹੈ।
-