ਚੰਡੀਗੜ੍ਹ 'ਚ ਅੱਜ ਮੇਅਰ ਦੀ ਚੋਣ; ਭਾਜਪਾ ਤੇ INDIA ਗਠਜੋੜ ਵਿਚਾਲੇ ਸਿੱਧਾ ਮੁਕਾਬਲਾ
Chandigarh Mayor Election: ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਅੱਜ ਚੰਡੀਗੜ੍ਹ ਦੇ ਮੇਅਰ ਦੀ ਚੋਣ ਹੋਣ ਜਾ ਰਹੀ ਹੈ। ਇਸ ਚੋਣ ਵਿੱਚ ਕਾਂਗਰਸ-ਆਮ ਆਦਮੀ ਪਾਰਟੀ (ਆਪ) ਗਠਜੋੜ ਅਤੇ ਭਾਜਪਾ ਵਿਚਾਲੇ ਸਿੱਧਾ ਮੁਕਾਬਲਾ ਹੈ।
ਚੰਡੀਗੜ੍ਹ ਮੇਅਰ ਦੀ ਚੋਣ ਲਈ ਵੋਟਿੰਗ ਸਵੇਰੇ 10 ਵਜੇ ਸ਼ੁਰੂ ਹੋਵੇਗੀ। ਇਸ ਸਾਲ ਹੋਣ ਵਾਲੀਆਂ ਚੋਣਾਂ ਵਿੱਚ ਮੇਅਰ ਦੀ ਸੀਟ ਅਨੁਸੂਚਿਤ ਜਾਤੀ ਵਰਗ ਲਈ ਰਾਖਵੀਂ ਹੈ। ਭਾਜਪਾ ਵੱਲੋਂ ਮਨੋਜ ਸੋਨਕਰ ਅਤੇ ‘ਆਪ’ ਵੱਲੋਂ ਕੁਲਦੀਪ ਕੁਮਾਰ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ।
ਚੋਣਾਂ ਦੇ ਮੱਦੇਨਜ਼ਰ ਪੁਲੀਸ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ, ਕਰੀਬ 800 ਪੁਲੀਸ ਮੁਲਾਜ਼ਮ ਤੇ ਨੀਮ ਫ਼ੌਜੀ ਬਲਾਂ ਦੇ ਜਵਾਨ ਤਾਇਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ ਚੰਡੀਗੜ੍ਹ ਨਗਰ ਨਿਗਮ ਨੇੜੇ ਵੀ ਤਿੰਨ ਪੱਧਰੀ ਬੈਰੀਕੇਡ ਲਗਾਏ ਗਏ ਹਨ।
35 ਮੈਂਬਰੀ ਨਗਰ ਨਿਗਮ ਹਾਊਸ 'ਚ 'ਆਪ' ਅਤੇ ਕਾਂਗਰਸ ਗਠਜੋੜ ਦੀਆਂ ਮਿਲ ਕੇ 20 ਵੋਟਾਂ ਹਨ, ਜਦਕਿ ਭਾਜਪਾ ਕੋਲ 15 ਵੋਟਾਂ ਹਨ, ਜਿਸ 'ਚ 14 ਕੌਂਸਲਰਾਂ ਅਤੇ ਸੰਸਦ ਮੈਂਬਰ ਕਿਰਨ ਖੇਰ ਦੀਆਂ ਵੋਟਾਂ ਸ਼ਾਮਲ ਹਨ। ਜਿੱਤ ਦਾ ਜਾਦੂਈ ਨੰਬਰ 19 ਹੈ। ਮੇਅਰ ਦੇ ਅਹੁਦੇ ਲਈ ਗੁਪਤ ਵੋਟਿੰਗ ਹੁੰਦੀ ਹੈ।
ਕਾਬਿਲੇਗੌਰ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਚੰਡੀਗੜ੍ਹ ਪ੍ਰਸ਼ਾਸਨ ਦੇ ਮੇਅਰ ਚੋਣਾਂ ਨੂੰ ਮੁਲਤਵੀ ਕਰਨ ਦੇ ਹੁਕਮਾਂ ਨੂੰ ਰੱਦ ਕਰਦਿਆਂ ਕਿਹਾ ਸੀ ਕਿ ਚੋਣਾਂ 30 ਜਨਵਰੀ ਨੂੰ ਕਰਵਾਈਆਂ ਜਾਣਗੀਆਂ। ਹਾਈ ਕੋਰਟ ਦਾ ਇਹ ਫੈਸਲਾ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਵੱਲੋਂ ਮੇਅਰ ਚੋਣਾਂ ਦੀ ਮਿਤੀ 18 ਜਨਵਰੀ ਤੋਂ 6 ਫਰਵਰੀ ਤੱਕ ਮੁਲਤਵੀ ਕਰਨ ਦੇ ਹੁਕਮਾਂ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ 'ਤੇ ਆਇਆ ਹੈ। ਡਿਪਟੀ ਕਮਿਸ਼ਨਰ ਮੇਅਰ ਦੀਆਂ ਚੋਣਾਂ ਕਰਵਾਉਣ ਲਈ ਜ਼ਿੰਮੇਵਾਰ ਅਥਾਰਟੀ ਹੈ।
ਚੰਡੀਗੜ੍ਹ ਕਾਂਗਰਸ ਪ੍ਰਧਾਨ ਹਰਮੋਹਿੰਦਰ ਸਿੰਘ ਲੱਕੀ ਨੇ ਕਿਹਾ ਕਿ ਮੀਡੀਆ ਨੂੰ ਮੇਅਰ ਚੋਣਾਂ ਦੀ ਕਵਰੇਜ ਨਾ ਕਰਨ ਦੇਣਾ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਹੈ।ਕੋਰਟ ਨੇ ਕਿਤੇ ਵੀ ਇਹ ਨਹੀਂ ਕਿਹਾ ਕਿ ਮੀਡੀਆ ਨਹੀਂ ਜਾਵੇਗਾ। ਅਦਾਲਤ ਦੇ ਹੁਕਮ ਆਜ਼ਾਦ ਅਤੇ ਨਿਰਪੱਖ ਚੋਣਾਂ ਕਰਵਾਉਣ ਦੇ ਹਨ। ਮੀਡੀਆ ਲੋਕਤੰਤਰ ਦਾ ਚੌਥਾ ਥੰਮ ਹੈ। ਮੀਡੀਆ ਰਾਹੀਂ ਸ਼ਹਿਰ ਦੇ ਲੋਕ ਮੇਅਰ ਚੋਣਾਂ ਦੀ ਪਾਰਦਰਸ਼ਤਾ ਨੂੰ ਆਪਣੀਆਂ ਅੱਖਾਂ ਨਾਲ ਦੇਖ ਸਕਦੇ ਸਨ ਹੁਣ ਇਨ੍ਹਾਂ ਨੂੰ ਰੋਕਣ ਦਾ ਮਤਲਬ ਇਹ ਹੋ ਸਕਦਾ ਹੈ ਕਿ ਭਾਜਪਾ ਦੇ ਦਬਾਅ ਹੇਠ ਆ ਕੇ ਪ੍ਰਸ਼ਾਸਨ ਲੋਕਤੰਤਰ ਦਾ ਕਤਲ ਕਰਨ 'ਤੇ ਤੁਲਿਆ ਹੋਇਆ ਹੈ। ਮੇਅਰ ਚੋਣਾਂ ਵਿੱਚ ਸਾਜ਼ਿਸ਼ ਦੀ ਬਦਬੂ ਆ ਰਹੀ ਹੈ। ਭਾਜਪਾ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ।
ਇਹ ਵੀ ਪੜ੍ਹੋ: IMD Weather: ਪੰਜਾਬ-ਦਿੱਲੀ ’ਚ ਛਾਈ ਸੰਘਣੀ ਧੁੰਦ, ਇਨ੍ਹਾਂ ਸੂਬਿਆਂ ’ਚ ਹੋਵੇਗੀ ਬਰਸਾਤ
-