Chandigarh Murder Update : ਕੋਰਟ ਨੇ ਸਾਬਕਾ AIG ਮਲਵਿੰਦਰ ਸਿੰਘ ਸਿੱਧੂ ਨੂੰ 2 ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜਿਆ
Chandigarh District Court Murder Update : ਪੰਜਾਬ ਪੁਲਿਸ ਦੇ ਸਾਬਕਾ ਏਆਈਜੀ ਨੇ ਸ਼ਨੀਵਾਰ ਨੂੰ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਭਾਰਤੀ ਮਾਲ ਸੇਵਾ (ਆਈਆਰਐਸ) ਦੇ ਅਧਿਕਾਰੀ ਯਾਨੀ ਕਿ ਆਪਣੇ ਜਵਾਈ ਦਾ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਸੀ। ਕਤਲ ਤੋਂ ਮਗਰੋਂ ਮੁਲਜ਼ਮ ਮਲਵਿੰਦਰ ਸਿੰਘ ਸਿੱਧੂ ਨੂੰ ਅੱਜ ਕੋਰਟ ਵਿੱਚ ਪੇਸ਼ ਕੀਤਾ ਗਿਆ, ਜਿਥੇ ਕੋਰਟ ਨੇ ਮੁਲਜ਼ਮ ਨੂੰ 2 ਦਿਨ ਦੇ ਪੁਲਿਸ ਰਿਮਾਂਡ ਉੱਤੇ ਭੇਜ ਦਿੱਤਾ ਹੈ।
ਤਲਾਕ ਦੇ ਕੇਸ ਦੀ ਸੁਣਵਾਈ ਲਈ ਪਹੁੰਚੇ ਸਨ ਕੋਰਟ
ਦੱਸ ਦਈਏ ਕਿ ਮ੍ਰਿਤਕ ਦੀ ਪਛਾਣ ਹਰਪ੍ਰੀਤ ਸਿੰਘ ਵਜੋਂ ਹੋਈ ਸੀ। ਹਰਪ੍ਰੀਤ ਸਿੰਘ ਦਾ ਆਪਣੀ ਪਤਨੀ ਨਾਲ ਤਲਾਕ ਦਾ ਕੇਸ ਚੱਲ ਰਿਹਾ ਸੀ। ਉਹ ਇਸ ਮਾਮਲੇ ਦੀ ਸੁਣਵਾਈ ਲਈ ਅਦਾਲਤ ਪੁੱਜੇ ਸਨ। ਮ੍ਰਿਤਕ ਹਰਪ੍ਰੀਤ ਸਿੰਘ ਖੇਤੀਬਾੜੀ ਵਿਭਾਗ ਵਿੱਚ ਅਧਿਕਾਰੀ ਸੀ। ਉਸ ਦਾ ਵਿਆਹ ਕੁਝ ਸਾਲ ਪਹਿਲਾਂ ਡਾਕਟਰ ਅਮਿਤੋਜ ਕੌਰ ਨਾਲ ਹੋਇਆ ਸੀ। ਇਸ ਸਮੇਂ ਅਮਿਤੋਜ ਕੌਰ ਕੈਨੇਡਾ ਵਿੱਚ ਰਹਿ ਰਹੀ ਹੈ। ਉਸਨੇ ਸਾਲ 2023 ਵਿੱਚ ਤਲਾਕ ਦਾ ਕੇਸ ਦਾਇਰ ਕੀਤਾ ਸੀ। ਵਿਦੇਸ਼ ਵਿੱਚ ਹੋਣ ਕਾਰਨ ਅਮਿਤੋਜ ਕੌਰ ਨੇ ਆਪਣੇ ਪਿਤਾ ਮਾਲਵਿੰਦਰ ਸਿੰਘ ਸਿੱਧੂ ਨੂੰ ਪੇਸ਼ੀ ਲਈ ਪਾਵਰ ਆਫ਼ ਅਟਾਰਨੀ ਦਿੱਤੀ ਸੀ।
ਕਰੀਬ 5 ਮਹੀਨੇ ਪਹਿਲਾਂ ਅਦਾਲਤ ਨੇ ਮਾਮਲੇ ਨੂੰ ਮੀਡੀਏਸ਼ਨ ਸੈਂਟਰ ਵਿੱਚ ਤਬਦੀਲ ਕਰ ਦਿੱਤਾ ਸੀ। ਦੋਵਾਂ ਧਿਰਾਂ ਵਿਚਾਲੇ ਦੋ ਵਾਰ ਸ਼ਾਂਤੀਪੂਰਨ ਗੱਲਬਾਤ ਹੋਈ। ਸ਼ਨੀਵਾਰ ਨੂੰ ਦੋਵੇਂ ਧਿਰਾਂ ਤੀਜੇ ਦੌਰ ਦੀ ਗੱਲਬਾਤ ਲਈ ਪਹੁੰਚੀਆਂ ਸਨ।
ਬਾਥਰੂਮ ਦਾ ਰਸਤਾ ਪੁੱਛਣ ਦੇ ਬਹਾਨੇ ਲੈ ਕੇ ਗਿਆ ਸੀ ਬਾਹਰ
ਦੱਸ ਦਈਏ ਕਿ ਲੜਕੀ ਦੇ ਪਿਤਾ ਪੰਜਾਬ ਪੁਲਿਸ ਦੇ ਸਾਬਕਾ ਏਆਈਜੀ ਮਾਲਵਿੰਦਰ ਸਿੰਘ ਸਿੱਧੂ ਬਾਥਰੂਮ ਦਾ ਬਹਾਨਾ ਲਗਾ ਕੇ ਆਪਣੇ ਜਵਾਈ ਹਰਪ੍ਰੀਤ ਨੂੰ ਮੀਡੀਏਸ਼ਨ ਸੈਂਟਰ ਤੋਂ ਬਾਹਰ ਲੈ ਗਿਆ। ਬਾਹਰ ਨਿਕਲਦੇ ਹੀ ਸਹੁਰੇ ਨੇ ਕਰੀਬ 5 ਰਾਊਂਡ ਫਾਇਰ ਕੀਤੇ। ਜਿਸ ਵਿੱਚ ਦੋ ਗੋਲੀਆਂ ਹਰਪ੍ਰੀਤ ਸਿੰਘ ਨੂੰ ਲੱਗੀਆਂ। ਆਲੇ-ਦੁਆਲੇ ਦੇ ਲੋਕਾਂ ਨੇ ਹਰਪ੍ਰੀਤ ਨੂੰ ਸੰਭਾਲ ਲਿਆ। ਇਸ ਤੋਂ ਬਾਅਦ ਪਰਿਵਾਰਕ ਮੈਂਬਰ ਉਸ ਨੂੰ ਤੁਰੰਤ ਹਸਪਤਾਲ ਲੈ ਗਏ। ਉਥੇ ਇਲਾਜ ਦੌਰਾਨ ਹਰਪ੍ਰੀਤ ਸਿੰਘ ਦੀ ਮੌਤ ਹੋ ਗਈ।
ਇਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਨੇ ਕਾਰਵਾਈ ਕਰਦੇ ਹੋਏ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਉਸ ਕੋਲੋਂ ਇੱਕ ਹਥਿਆਰ ਬਰਾਮਦ ਹੋਇਆ ਸੀ, ਇਹ ਇੱਕ .32 ਬੋਰ ਦਾ ਪਿਸਤੌਲ ਸੀ।
ਇਹ ਵੀ ਪੜ੍ਹੋ : Sagar Accident : ਵੱਡਾ ਹਾਦਸਾ, ਸ਼ਾਹਪੁਰ 'ਚ ਡਿੱਗੀ ਕੰਧ, ਹਾਦਸੇ 'ਚ 9 ਬੱਚਿਆਂ ਦੀ ਮੌਤ
- PTC NEWS