America School Name Jaswant Singh Khalra : ਜਸਵੰਤ ਸਿੰਘ ਖਾਲੜਾ ਦੇ ਨਾਂ ’ਤੇ ਅਮਰੀਕਾ ’ਚ ਬਣੇਗਾ ਐਲੀਮੈਂਟਰੀ ਸਕੂਲ, ਕੇਂਦਰੀ ਯੂਨੀਫਾਈਡ ਦੀ ਮੀਟਿੰਗ ’ਚ ਫੈਸਲਾ
America School Name Jaswant Singh Khalra : ਅਮਰੀਕਾ ’ਚ ਮਨੁੱਖੀ ਅਧਿਕਾਰਾਂ ਦੇ ਕਾਰਕੂੰਨ ਜਸਵੰਤ ਸਿੰਘ ਖਾਲੜਾ ਦੇ ਨਾਂ ’ਤੇ ਐਲੀਮੈਂਟਰੀ ਸਕੂਲ ਬਣਾਇਆ ਜਾਵੇਗਾ। ਮਿਲੀ ਜਾਣਕਾਰੀ ਮੁਤਾਬਿਕ ਸੈਂਟਰਲ ਯੂਨੀਫਾਈਡ ਸਕੂਲ ਡਿਸਟ੍ਰਿਕਟ ਨੇ ਫਰਿਜ਼ਨੋ ਵਿੱਚ ਆਪਣੇ ਨਵੇਂ ਸਕੂਲ ਦਾ ਨਾਮ ਜਸਵੰਤ ਸਿੰਘ ਖਾਲੜਾ ਐਲੀਮੈਂਟਰੀ ਸਕੂਲ ਰੱਖਣ ਦਾ ਫੈਸਲਾ ਕੀਤਾ ਹੈ। ਦੱਸ ਦਈਏ ਕਿ ਉੱਤਰ ਅਮਰੀਕਾ ’ਚ ਕਿਸੇ ਸਿੱਖ ਦੇ ਨਾਂ ’ਤੇ ਇਹ ਪਹਿਲਾਂ ਸਕੂਲ ਹੋਵੇਗਾ।
ਮਿਲੀ ਜਾਣਕਾਰੀ ਮੁਤਾਬਿਕ ਸੈਂਟਰਲ ਯੂਨੀਫਾਈਡ ਸਕੂਲ ਡਿਸਟ੍ਰਿਕਟ ਬੋਰਡ ਦੇ 6 ਮੈਂਬਰਾਂ ਨੇ ਖਾਲੜਾ ਦੇ ਨਾਂ ’ਤੇ ਮੋਹਰ ਲਗਾਈ ਹੈ। ਸੈਂਟਰਲ ਯੂਨੀਫਾਈਡ ਸਕੂਲ ਬੋਰਡ ਦੇ ਚੇਅਰਮੈਨ ਨੈਨਦੀਪ ਸਿੰਘ ਚੰਨ ਨੇ ਕਿਹਾ ਕਿ ਇਹ ਅਮਰੀਕਾ ਦਾ ਪਹਿਲਾ ਪਬਲਿਕ ਸਕੂਲ ਹੋਣ ਦੀ ਸੰਭਾਵਨਾ ਹੈ ਜਿਸਦਾ ਨਾਮ ਕਿਸੇ ਸਿੱਖ ਵਿਅਕਤੀ ਦੇ ਨਾਮ 'ਤੇ ਰੱਖਿਆ ਜਾਵੇਗਾ।
ਇਸ ਸਬੰਧੀ ਚੇਅਰਮੈਨ ਨੈਨਦੀਪ ਸਿੰਘ ਨੇ ਕਿਹਾ ਕਿ ਸਕੂਲ ਦੀ ਉਸਾਰੀ ਦਾ ਕੰਮ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ ਅਤੇ ਇਸਦਾ ਉਦਘਾਟਨ ਸਤੰਬਰ 2025 ਵਿੱਚ ਕੀਤਾ ਜਾਵੇਗਾ। ਫਰਿਜ਼ਨੋ ਵਿੱਚ ਖਾਲੜਾ ਦੇ ਨਾਮ 'ਤੇ ਪਹਿਲਾਂ ਹੀ ਇੱਕ ਪਾਰਕ ਹੈ, ਅਤੇ ਸਥਾਨਕ ਲੋਕ ਉਨ੍ਹਾਂ ਦੇ ਸੰਘਰਸ਼ ਅਤੇ ਮਨੁੱਖੀ ਅਧਿਕਾਰਾਂ ਲਈ ਕੀਤੇ ਯਤਨਾਂ ਤੋਂ ਚੰਗੀ ਤਰ੍ਹਾਂ ਜਾਣੂ ਹਨ। ਇੱਥੇ ਨਾ ਸਿਰਫ਼ ਸਿੱਖ ਭਾਈਚਾਰਾ ਸਗੋਂ ਹੋਰ ਭਾਈਚਾਰਿਆਂ ਦੇ ਲੋਕ ਵੀ ਉਨ੍ਹਾਂ ਦਾ ਸਤਿਕਾਰ ਕਰਦੇ ਹਨ।
ਕਾਬਿਲੇਗੌਰ ਹੈ ਕਿ ਮਨੁੱਖੀ ਅਧਿਕਾਰ ਕਾਰਕੁਨ ਭਾਈ ਜਸਵੰਤ ਸਿੰਘ ਖਾਲੜਾ ਉਹ ਸ਼ਖ਼ਸ ਸਨ, ਜੋ 1980-90 ਵਿਆਂ ਦੌਰਾਨ ਪੰਜਾਬ ਵਿੱਚ ਚੱਲੀ ਹਿੰਸਕ ਖਾੜਕੂ ਲਹਿਰ ਦੌਰਾਨ ਲਾਪਤਾ ਲੋਕਾਂ ਦੀ ਭਾਲ ਕਰਦਿਆਂ 6 ਸਤੰਬਰ 1995 ਦੇ ਦਿਨ ਖ਼ੁਦ ਹੀ ਲਾਪਤਾ ਹੋ ਗਏ ਸਨ।
ਇਹ ਵੀ ਪੜ੍ਹੋ : Khanauri Border Protest News : ਅੰਮ੍ਰਿਤਸਰ ਤੋਂ ਸ਼ੰਭੂ ਸਰਹੱਦ ਤੱਕ ਟਰੈਕਟਰ ਮਾਰਚ; ਕਾਫਲਾ ਲੁਧਿਆਣਾ-ਰਾਜਪੁਰਾ ਤੋਂ ਹੋਵੇਗਾ ਸ਼ੁਰੂ
- PTC NEWS