ਸਰੀ (ਕੈਨੇਡਾ), 7 ਜਨਵਰੀ: ਸਰੀ 'ਚ ਰਹਿਣ ਵਾਲੇ ਪਲਵਿੰਦਰ ਸਿੱਧੂ ਨਾਂ ਦੇ ਪੰਜਾਬੀ ਨੌਜਵਾਨ ਦਾ ਉਸ ਸਮੇਂ ਖ਼ੁਸ਼ੀ ਦਾ ਟਿਕਾਣਾ ਨਹੀਂ ਰਿਹਾ ਜਦੋਂ ਉਸ ਨੂੰ ਪਤਾ ਲੱਗਾ ਕਿ ਉਸ ਨੇ ਲਾਟਰੀ ਜਿੱਤ ਲਈ ਹੈ। ਹਾਲਾਂਕਿ ਉਸਨੂੰ ਅਜੇ ਵੀ ਯਕੀਨ ਨਹੀਂ ਹੈ ਕਿ ਉਸਨੇ $250,000 ਦੀ ਲਾਟਰੀ ਜਿੱਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪਲਵਿੰਦਰ ਦਾ ਕਹਿਣਾ ਹੈ ਕਿ ਉਸ ਨੇ ਪਹਿਲਾਂ ਇਹ ਸੋਚਿਆ ਕਿ ਇਹ 250 ਡਾਲਰ ਹੈ, ਫਿਰ ਸੋਚਿਆ ਕਿ ਇਹ 25,000 ਡਾਲਰ ਹੈ, ਪਰ ਬਾਅਦ ਵਿੱਚ ਉਸ ਨੂੰ ਅਹਿਸਾਸ ਹੋਇਆ ਕਿ ਇਹ ਇਸ ਤੋਂ ਕਿਤੇ ਜ਼ਿਆਦਾ ਹੈ। ਪਲਵਿੰਦਰ ਨੇ ਜਿਹੜਾ ਜੈਕਪੋਟ ਜਿੱਤਿਆ ਉਸਦੀ ਇਨਾਮ ਰਾਸ਼ੀ 250,000 (ਢਾਈ ਲੱਖ) ਡਾਲਰ ਹੈ। ਉਸ ਨੇ ਇਹ ਖ਼ਬਰ ਆਪਣੀ ਪਤਨੀ ਨਾਲ ਵੀ ਸਾਂਝੀ ਕੀਤੀ ਜਿਸ ਨੇ ਸ਼ੁਰੂ ਵਿੱਚ ਉਸ 'ਤੇ ਯਕੀਨ ਨਹੀਂ ਕੀਤਾ। ਜਿੱਤ ਦਾ ਅਹਿਸਾਸ ਹੋਣ ਤੋਂ ਬਾਅਦ ਪਰਿਵਾਰ ਕਾਫੀ ਉਤਸ਼ਾਹਿਤ ਨਜ਼ਰ ਆਇਆ। ਸਿੱਧੂ ਨੇ PlayNow.com 'ਤੇ ਜੇਤੂ ਟਿਕਟ ਖਰੀਦੀ ਸੀ ਅਤੇ 19 ਦਸੰਬਰ ਦੇ ਡਰਾਅ ਦੇ ਡੇਲੀ ਗ੍ਰੈਂਡ ਪ੍ਰਾਈਜ਼ ਜੇਤੂ ਬਣੇ। ਸਿੱਧੂ ਨੇ ਇਨਾਮੀ ਰਾਸ਼ੀ ਨਾਲ ਘਰ ਖਰੀਦਣ ਅਤੇ ਕਾਰੋਬਾਰ ਸ਼ੁਰੂ ਕਰਨ ਦੀ ਯੋਜਨਾ ਬਣਾਈ ਹੈ।