ਕੈਬਨਿਟ ਮੰਤਰੀ ਬਲਜੀਤ ਕੌਰ ਵੱਲੋਂ YPSF ਦੇ ਜਨਰਲ ਸਕੱਤਰ ਹਰਪ੍ਰੀਤ ਸਾਹਨੀ ਸਣੇ ਪੂਰੀ ਟੀਮ ਦਾ ਸਨਮਾਨ
ਪਟਿਆਲਾ : ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਵੱਲੋਂ ਗਣਤੰਤਰ ਦਿਹਾੜੇ ਉਤੇ ਪਟਿਆਲਾ ਦੇ ਪੋਲੋ ਗਰਾਊਂਡ ਵਿਚ ਆਪਣੇ-ਆਪਣੇ ਖੇਤਰ ਵਿਚ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੀਆਂ ਸ਼ਖ਼ਸੀਅਤਾਂ, ਸੰਸਥਾ ਤੇ ਮਹਿਕਮਿਆਂ ਦਾ ਵਿਸ਼ੇਸ਼ ਤੌਰ ਉਤੇ ਸਨਮਾਨ ਕੀਤਾ ਗਿਆ।
ਇਸ ਦੌਰਾਨ ਕੈਬਨਿਟ ਮੰਤਰੀ ਵੱਲੋਂ ਵਾਈਪੀਐਸਐਫ ਯੰਗ ਪ੍ਰੋਗਰੈਸਿਵ ਸਿੱਖ ਫੋਰਮ ਦੇ ਜਨਰਲ ਸਕੱਤਰ ਹਰਪ੍ਰੀਤ ਸਿੰਘ ਸਾਹਨੀ ਸਮੇਤ ਸਮੁੱਚੀ ਟੀਮ ਦਾ ਸ਼ਾਨਦਾਰ ਸੇਵਾਵਾਂ ਲਈ ਖਾਸ ਤੌਰ ਉਤੇ ਸਨਮਾਨ ਕੀਤਾ ਗਿਆ।
ਬਲਜੀਤ ਕੌਰ ਨੇ ਯੰਗ ਪ੍ਰੋਗਰੈਸਿਵ ਸਿੱਖ ਫੋਰਮ ਵੱਲੋਂ ਗਰੀਬਾਂ ਅਤੇ ਲੋੜਵੰਦਾਂ ਦੀ ਭਲਾਈ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਵਾਈਪੀਐਸਐਫ ਦੇ ਪ੍ਰਧਾਨ ਡਾ. ਪ੍ਰਭਲੀਨ ਸਿੰਘ ਅਤੇ ਪੀਟੀਸੀ ਦੇ ਜਨਰਲ ਸਕੱਤਰ ਅਤੇ ਸੰਪਾਦਕ ਹਰਪ੍ਰੀਤ ਸਿੰਘ ਸਾਹਨੀ ਨੇ ਇਸ ਸਨਮਾਨ ਲਈ ਕੈਬਨਿਟ ਮੰਤਰੀ ਦਾ ਧੰਨਵਾਦ ਕੀਤਾ।
2018 ਵਿੱਚ ਸਥਾਪਿਤ YPSF ਗਰੀਬ ਬੱਚਿਆਂ ਲਈ ਅਣਥੱਕ ਕੰਮ ਕਰ ਰਹੀ ਹੈ। ਇਸ ਦੇ ਹੋਰ ਅਹੁਦੇਦਾਰਾਂ ਵਿੱਚ ਇਕਬਾਲ ਸਿੰਘ ਸਡਾਨਾ, ਅਜੀਤਪਾਲ ਸਿੰਘ ਕੋਹਲੀ ਅਤੇ ਪ੍ਰੋ.(ਡਾ.) ਦਮਨਜੀਤ ਕੌਰ ਸੰਧੂ ਸ਼ਾਮਲ ਹਨ।
ਇਹ ਵੀ ਪੜ੍ਹੋ : ਰਾਜਪਾਲ ਦਾ ਵਿਰੋਧ ਕਰਨ ਪੁੱਜੇ ਲਤੀਫਪੁਰਾ ਪੀੜਤਾਂ ਤੇ ਪੁਲਿਸ ਵਿਚਾਲੇ ਹੰਗਾਮਾ
ਸਮਾਗਮ ਦੌਰਾਨ ਬੋਲਦਿਆਂ ਡਾ. ਪ੍ਰਭਲੀਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਦੇਸ਼ ਭਰ ਤੋਂ ਕੁੱਲ 400 ਗਰੀਬ ਅਤੇ ਲੋੜਵੰਦ ਬੱਚਿਆਂ ਨੂੰ ਗੋਦ ਲਿਆ ਹੈ, ਜਿਨ੍ਹਾਂ ਦੀ ਉਚੇਰੀ ਸਿੱਖਿਆ ਸਮੇਤ ਵਾਈ.ਪੀ.ਐੱਸ.ਐੱਫ. ਵੱਲੋਂ ਸਪਾਂਸਰ ਕੀਤਾ ਜਾ ਰਿਹਾ ਹੈ। 2020 ਵਿੱਚ, ਜਦੋਂ ਪੂਰੀ ਦੁਨੀਆ ਕੋਵਿਡ ਮਹਾਮਾਰੀ ਦੀ ਲਪੇਟ ਵਿੱਚ ਸੀ, ਸੰਸਥਾ ਨੇ ਲੋੜਵੰਦਾਂ ਵਿੱਚ ਮਾਸਕ ਅਤੇ ਦਵਾਈਆਂ ਵੰਡੀਆਂ। ਇਸ ਤੋਂ ਇਲਾਵਾ ਸਿੱਖ ਫੋਰਮ ਨੇ ਮਹਾਮਾਰੀ ਦੌਰਾਨ ਨਿਵੇਕਲੇ ਕੰਮਾਂ ਲਈ 23 ਨੌਜਵਾਨਾਂ ਨੂੰ ਸਨਮਾਨਿਤ ਵੀ ਕੀਤਾ।
ਹਰਪ੍ਰੀਤ ਸਿੰਘ ਸਾਹਨੀ ਨੇ ਦੱਸਿਆ ਕਿ ਯੰਗ ਪ੍ਰੋਗਰੈਸਿਵ ਸਿੱਖ ਫੋਰਮ ਨੇ ਪੀ.ਟੀ.ਸੀ ਗਰੁੱਪ ਦੇ ਸਹਿਯੋਗ ਨਾਲ ਛੇ ਲੜਕੀਆਂ ਦੇ ਗਰੁੱਪ ਨੂੰ ਮੈਰਾਥਨ ਲਈ ਦੁਬਈ ਭੇਜਿਆ, ਜਿਨ੍ਹਾਂ ਵਿੱਚ ਪ੍ਰਤਿਭਾ ਸੀ ਪਰ ਆਰਥਿਕ ਤੰਗੀ ਕਾਰਨ ਅੱਗੇ ਨਹੀਂ ਵਧ ਸਕੇ ਸਨ। ਸਿੱਖ ਫੋਰਮ ਦੇ ਹਰਪ੍ਰੀਤ ਸਿੰਘ ਸਾਹਨੀ, ਡਾ. ਪ੍ਰਭਲੀਨ ਸਿੰਘ ਅਤੇ ਹੋਰ ਅਹੁਦੇਦਾਰਾਂ ਨੇ ਕਿਹਾ ਕਿ ਉਹ ਸਮਾਜ ਲਈ 24 ਘੰਟੇ ਕੰਮ ਕਰਦੇ ਰਹਿਣਗੇ।
- PTC NEWS