ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਤੋਂ ਪਿੱਛੇ ਹੱਟ ਕੇ ਜਤਿੰਦਰ ਭੰਗੂ ਨੇ ਸਾਬਤ ਕੀਤਾ ਕਿ ਉਹ ਕਾਇਰ ਇਨਸਾਨ : ਐਡਵੋਕੇਟ ਅਰਸ਼ਦੀਪ ਸਿੰਘ ਕਲੇਰ
Advocate Arshdeep Singh Kler Death Threat : ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਅੱਜ ਕਿਹਾ ਕਿ ਪੰਜਾਬ ਮੰਡੀ ਬੋਰਡ ਦੇ ਚੀਫ ਇੰਜੀਨੀਅਰ ਜਤਿੰਦਰ ਸਿੰਘ ਭੰਗੂ ਨੇ ਪਹਿਲਾਂ ਉੋਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਤੇ ਹੁਣ ਆਪ ਹੀ ਮੁਕਰ ਕੇ ਸਾਬਤ ਕਰ ਦਿੱਤਾ ਹੈ ਕਿ ਉਹ ਕਾਇਰ ਇਨਸਾਨ ਹੈ।
ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਅਰਸ਼ਦੀਪ ਸਿੰਘ ਨੇ ਕਿਹਾ ਕਿ ਭੰਗੂ ਨੇ ਖੁਦ ਮੰਨਿਆ ਹੈ ਕਿ ਉਸਨੇ ਗੁੱਸੇ ਵਿਚ ਆ ਕੇ ਮੈਨੂੰ ਫੋਨ ਕੀਤਾ। ਉਸਨੇ ਖੁਦ ਕਈ ਗੱਲਾਂ ਮੰਨੀਆਂ ਹਨ ਪਰ ਫੋਨ ’ਤੇ ਦਿੱਤੀਆਂ ਕਈ ਧਮਕੀਆਂ ਤੋਂ ਉਹ ਮੁੱਕਰ ਗਿਆ ਤੇ ਹੁਣ ਦਾਅਵੇ ਕਰ ਰਿਹਾ ਹੈ ਕਿ ਇਹ ਧਮਕੀਆਂ ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ ਤਿਆਰ ਕੀਤੀਆਂ ਗਈਆਂ ਹਨ।
ਅਕਾਲੀ ਆਗੂ ਨੇ ਕਿਹਾ ਕਿ ਸੱਚਾਈ ਇਹ ਹੈ ਉਹਨਾਂ ਨੂੰ ਮੰਡੀ ਬੋਰਡ ਦੇ ਅਧਿਕਾਰੀ ਦਾ ਫੋਨ ਆਇਆ ਸੀ ਤੇ ਉਹਨਾਂ ਕੋਈ ਫੋਨ ਨਹੀਂ ਕੀਤਾ। ਉਹਨਾਂ ਕਿਹਾ ਕਿ ਭੰਗੂ ਨੇ ਖੁਦ ਇਹ ਗੱਲ ਪ੍ਰਵਾਨ ਕੀਤੀ ਹੈ। ਉਹਨਾਂ ਕਿਹਾ ਕਿ ਇਸਦੀ ਫੋਨ ਰਿਕਾਰਡਿੰਗ ਮੈਂ ਆਪਣੇ ਦੂਜੇ ਨੰਬਰ ਤੋਂ ਕੀਤੀ ਹੈ ਤੇ ਮੈਂ ਚੁਣੌਤੀ ਦਿੰਦਾ ਹਾਂ ਕਿ ਉਹ ਸਾਬਤ ਕਰੇ ਕਿ ਇਹ ਰਿਕਾਰਡਿੰਗ ਝੂਠੀ ਹੈ।
ਐਡਵੋਕੇਟ ਕਲੇਰ ਨੇ ਕਿਹਾ ਕਿ ਹੁਣ ਗੇਂਦ ਪੰਜਾਬ ਸਰਕਾਰ ਦੇ ਪਾਲੇ ਵਿਚ ਹੈ। ਉਹਨਾਂ ਕਿਹਾ ਕਿ ਮੈਂ ਏ ਡੀ ਜੀ ਪੀ ਲਾਅ ਐਂਡ ਆਰਡਰ ਨੂੰ ਸ਼ਿਕਾਇਤ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਮਾਨ, ਜਿਹਨਾਂ ਕੋਲ ਗ੍ਰਹਿ ਮੰਤਰਾਲਾ ਵੀ ਹਨ, ਨੂੰ ਇਸ ਘਟਨਾ ਦਾ ਨੋਟਿਸ ਲੈਣਾ ਚਾਹੀਦਾ ਹੈ। ਉਹਨਾਂ ਨੂੰ ਪਤਾ ਲਾਉਣਾ ਚਾਹੀਦਾ ਹੈ ਕਿ ਕੀ ਇੰਨੇ ਉੱਚੇ ਅਹੁਦੇ ’ਤੇ ਬੈਠਾ ਵਿਅਕਤੀ ਇਸ ਤਰੀਕੇ ਦੀਆਂ ਧਮਕੀਆਂ ਭਰੀਆਂ ਕਾਲਾਂ ਕਰ ਸਕਦਾ ਹੈ ਅਤੇ ਕੀ ਭੰਗੂ ’ਤੇ ਨਿਯਮ ਲਾਗੂ ਹੁੰਦੇ ਹਨ ਜਾਂ ਨਹੀਂ ?
ਕੇਸ ਵਿਚ ਸਜ਼ਾ ਤੋਂ ਬਚਣ ਲਈ ਭੰਗੂ ਵੱਲੋਂ ਵਰਤੇ ਬਹਾਨਿਆਂ ਦੀ ਗੱਲ ਕਰਦਿਆਂ ਐਡਵੋਕੇਟ ਕਲੇਰ ਨੇ ਕਿਹਾ ਕਿ ਇਕ ਪਾਸੇ ਤਾਂ ਚੀਫ ਇੰਜੀਨੀਅਰ ਇਹ ਮੰਨਦਾ ਹੈ ਕਿ ਉਹ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਅੰਮ੍ਰਿਤਪਾਲ ਸਿੰਘ ਦਾ ਕਰੀਬੀ ਹੈ। ਦੂਜੇ ਪਾਸੇ ਉਹ ਉਸ ਸਰਕਾਰ ਦੀ ਸ਼ਲਾਘਾ ਕਰ ਰਿਹਾ ਹੈ ਜਿਸਨੇ ਅੰਮ੍ਰਿਤਪਾਲ ’ਤੇ ਐਨ ਐਸ ਏ ਲਗਾਈ ਹੈ। ਇਸੇ ਤਰੀਕੇ ਭੰਗੂ ਕਹਿੰਦਾ ਹੈ ਕਿ ਉਸਨੂੰ ਕਲੇਰ ’ਤੇ ਗੁੱਸਾ ਹੈ ਪਰ ਉਹ ਉਸ ਮੁੱਖ ਮੰਤਰੀ ਦੇ ਖਿਲਾਫ ਕੁਝ ਨਹੀਂ ਬੋਲਦਾ ਜਿਸਨੇ ਸਿੱਖ ਨੌਜਵਾਨਾਂ ’ਤੇ ਐਨ ਐਸ ਏ ਲਗਾਈ ਹੈ।
ਐਡਵੋਕੇਟਰ ਕਲੇਰ ਨੇ ਮੰਡੀ ਬੋਰਡ ਦੇ ਅਫਸਰ ਨੂੰ ਆਖਿਆ ਕਿ ਉਹ ਦੋਗਲੀਆਂ ਚਾਲਾਂ ਨਾ ਚੱਲੇ। ਉਹਨਾਂ ਕਿਹਾ ਕਿ ਇਹ ਵੀ ਅਸਲੀਅਤ ਹੈ ਕਿ ਐਨ ਆਈ ਏ ਨੇ ਦੋ ਵਾਰ ਉਸਦੀ ਰਿਹਾਇਸ਼ ’ਤੇ ਛਾਪੇਮਾਰੀ ਕੀਤੀ ਅਤੇ ਕੱਟੜਵਾਦੀ ਅਨਸਰਾਂ ਨਾਲ ਉਸਦੇ ਸੰਬੰਧਾਂ ਬਾਰੇ ਉਸ ਤੋਂ ਪੁੱਛਗਿੱਛ ਕੀਤੀ। ਉਹਨਾਂ ਕਿਹਾ ਕਿ ਤੁਸੀਂ ਅੰਮ੍ਰਿਤਪਾਲ ਸਿੰਘ ਵੱਲੋਂ ਤਿੰਨ ਮਹੀਨੇ ਤੱਕ ਰੂਪੋਸ਼ ਹੋਣ ਮਗਰੋਂ ਉਸਦੇ ਸਰੰਡਰ ਲਈ ਵਿਚੋਲਗੀ ਵੀ ਕੀਤੀ। ਤੁਸੀਂ ਅਜਿਹਾ ਕਰਦਿਆਂ ਇਹ ਦਾਅਵਾ ਨਹੀਂ ਕਰ ਸਕਦੇ ਕਿ ਤੁਸੀਂ ਰਾਜ ਸਰਕਾਰ ਦੇ ਅਧਿਕਾਰੀ ਵਜੋਂ ਜਨਤਕ ਹਿੱਤਾਂ ਵਾਸਤੇ ਕੰਮ ਕਰ ਰਹੇ ਹੋ।
ਐਡਵੋਕੇਟ ਕਲੇਰ ਨੇ ਭੰਗੂ ਦੇ ਇਸ ਦਾਅਵੇ ਨੂੰ ਵੀ ਖਾਰਜ ਕਰ ਦਿੱਤਾ ਕਿ ਉਹ ਉਸਦੇ ਪੱਧਰ ਦੇ ਨਹੀਂ ਹਨ। ਉਹਨਾਂ ਕਿਹਾ ਕਿ ਜੇਕਰ ਅਜਿਹਾ ਸੀ ਤਾਂ ਫਿਰ ਉਸ ਨੇ ਉਹਨਾਂ ਨੂੰ ਫੋਨ ਹੀ ਕਿਉਂ ਕੀਤਾ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਭੰਗੂ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਦਾ ਨਾਂ ਲੈ ਕੇ ਲੋਕਾਂ ਦਾ ਧਿਆਨ ਭਟਕਾਉਣ ਦੇ ਯਤਨ ਕਰ ਰਿਹਾ ਹੈ।
ਇਹ ਵੀ ਪੜ੍ਹੋ : Punjab University ’ਚ ਹਰਿਆਣਵੀ ਗਾਇਕ ਮਾਸੂਮ ਸ਼ਰਮਾ ਦੇ ਸ਼ੋਅ ਦੌਰਾਨ ਇੱਕ ਨੌਜਵਾਨ ਦਾ ਕਤਲ, ਹਮਲਾਵਰਾਂ ਨੇ ਚਾਕੂਆਂ ਨਾਲ ਕੀਤਾ ਸੀ ਹਮਲਾ
- PTC NEWS