Punjab News : ਬਨੂੜ ਦੇ ਨੇੜਲੇ ਪਿੰਡ ਬੂਟਾ ਸਿੰਘ ਵਾਲਾ 'ਚ ਪੰਚਾਇਤ ਵੱਲੋਂ ਪ੍ਰਵਾਸੀਆਂ ਨੂੰ ਪਿੰਡ 'ਚੋਂ ਬਾਹਰ ਕੱਢਣ ਦਾ ਮਤਾ ਪਾਸ , 30 ਅਪ੍ਰੈਲ ਤੱਕ ਪਿੰਡ ਛੱਡਣ ਦਾ ਆਦੇਸ਼
Panchayat VS Parvasi in Banur : ਰਾਜਪੁਰਾ ਦੇ ਨਾਲ ਲੱਗਦੇ ਕਸਬਾ ਬਨੂੜ ਦੇ ਨੇੜਲੇ ਪਿੰਡ ਬੂਟਾ ਸਿੰਘ ਵਾਲਾ 'ਚ ਪੰਚਾਇਤ ਵੱਲੋਂ ਪ੍ਰਵਾਸੀਆਂ ਨੂੰ ਲੈ ਕੇ ਇੱਕ ਮਤਾ ਪਾਇਆ ਗਿਆ ਹੈ। ਜਿਸ ਵਿੱਚ ਪ੍ਰਵਾਸੀਆਂ ਨੂੰ ਪਿੰਡ 'ਚੋਂ ਬਾਹਰ ਕੱਢਣ ਦਾ ਫਰਮਾਨ ਜਾਰੀ ਕੀਤਾ ਗਿਆ ਹੈ। ਪੰਚਾਇਤ ਨੇ ਪ੍ਰਵਾਸੀਆਂ ਨੂੰ 30 ਅਪ੍ਰੈਲ ਤੱਕ ਪਿੰਡ ਛੱਡ ਕੇ ਕਿਤੇ ਹੋਰ ਜਾਣ ਦਾ ਆਦੇਸ਼ ਦਿੱਤਾ ਗਿਆ ਹੈ।
ਪੰਚਾਇਤ ਨੇ ਪਿੰਡ ਦੀਆਂ ਮਹਿਲਾਵਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਇਹ ਫ਼ੈਸਲਾ ਲਿਆ ਹੈ। ਸਰਪੰਚ ਜਰਨੈਲ ਸਿੰਘ ਨੇ ਕਿਹਾ ਕਿ ਕਿਰਾਏ ਦੇ ਲਾਲਚ ਵਿੱਚ ਪ੍ਰਵਾਸੀ ਮਜ਼ਦੂਰਾਂ ਨੂੰ ਪਿੰਡ ਵਾਲੇ ਰੱਖ ਰਹੇ ਹਨ ,ਇਸ ਨਾਲ 24 ਘੰਟੇ ਵਾਰਦਾਤਾਂ ਦਾ ਖ਼ਤਰਾ ਬਣਿਆ ਰਹਿੰਦਾ ਹੈ। ਜਿਸ ਕਰਕੇ ਪਿੰਡ ਦੀ ਪੰਚਾਇਤ ਨੇ ਮਤਾ ਪਾ ਕੇ ਇਹ ਫ਼ੈਸਲਾ ਲਿਆ ਹੈ ਤਾਂ ਜੋ ਪਿੰਡ ਦੀ ਆਪਸੀ ਭਈਚਾਰਕ ਸਾਂਝ ਨੂੰ ਵੀ ਕਾਇਮ ਰੱਖਿਆ ਜਾ ਸਕੇ।
ਪੰਚਾਇਤ ਨੇ ਆਪਣੇ ਮਤੇ 'ਚ ਲਿਖਿਆ ਹੈ ਕਿ ਅੱਜ ਮਿਤੀ 13/04/2025 , ਦਿਨ ਐਤਵਾਰ ਪਿੰਡ ਦੀ ਪੰਚਾਇਤ ਵੱਲੋਂ ਪਿੰਡ ਦੇ ਸਮੂਹ ਨਿਵਾਸੀਆਂ ਦੀ ਹਾਜਰੀ ਵਿੱਚ ਗੁਰੂਦੁਆਰਾ ਸਿੰਘ ਸ਼ਹੀਦਾਂ ਦੇ ਬਾਹਰ ਗਰਾਊਂਡ ਵਿੱਚ ਇਹ ਮਤਾ ਪਾਇਆ ਗਿਆ ਹੈ ਕਿ ਪਿੰਡ ਦੇ ਵਿੱਚ ਗੈਰ ਕਾਨੂੰਨੀ ਤੌਰ 'ਤੇ ਰਹਿੰਦੇ ਪਰਵਾਸੀਆ ਨੂੰ ਪਿੰਡ ਦੀ ਹਦੂਦ ਤੋਂ ਬਾਹਰ ਰੱਖਿਆ ਜਾਵੇਂ ,ਤਾਂ ਜੋ ਭਵਿੱਖ ਵਿਚ ਗੈਰ ਕਾਨੂੰਨੀ ਤੌਰ ' ਤੇ ਰਹਿੰਦੇ ਪ੍ਰਵਾਸੀਆਂ ਵੱਲੋ ਕੀਤੇ ਜੁਰਮ ਤੋਂ ਅਤੇ ਪਿੰਡ ਦੀਆਂ ਮਹਿਲਾਵਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ, ਜਿਸ ਨਾਲ ਪਿੰਡ ਦੀ ਆਪਸੀ ਭਈਚਾਰਕ ਸਾਂਝ ਨੂੰ ਵੀ ਕਾਇਮ ਰੱਖਿਆ ਜਾ ਸਕੇ।
ਜੇਕਰ ਕੋਈ ਪਿੰਡ ਨਿਵਾਸ਼ੀ ਇਸ ਮਤੇ ਦੀ ਉਲੰਘਣਾ ਕਰਦਾ ਹੈ ਤਾਂ ਉਹ ਭਵਿੱਖ 'ਚ ਹੋਣ ਵਾਲੀ ਕਾਨੂੰਨੀ ਅਤੇ ਪੰਚਾਇਤੀ ਜੁਰਮਾਂ ਦੀ ਕੀਤੀ ਕਾਰਵਾਈ ਦਾ ਖੁਦ ਜ਼ਿੰਮੇਵਾਰ ਹੋਵੇਗਾ। ਰਾਤ ਨੂੰ 10 ਵਜੇ ਤੋਂ ਬਾਅਦ ਜੇਕਰ ਪਿੰਡ ਵਿੱਚ ਕੋਈ ਵੀ ਨਾ-ਮਾਲੂਮ (ਪ੍ਰਵਾਸੀ) ਗੈਰ ਕਾਨੂੰਨੀ ਗਤੀਵਿਧੀ ਕਰਦਾ ਪਾਇਆਂ ਗਿਆ ਤਾਂ ਗ੍ਰਾਮ ਪੰਚਾਇਤ ਉਸ ਵਿਰੁਧ ਕਾਰਵਾਈ ਕਰੇਗੀ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਮੋਹਾਲੀ ਅਧੀਨ ਪੈਂਦੇ ਦੋ ਪਿੰਡਾਂ ਵਿੱਚ ਪੰਚਾਇਤਾਂ ਵੱਲੋਂ ਇਸ ਤਰ੍ਹਾਂ ਦੇ ਹੁਕਮ ਜਾਰੀ ਕੀਤੇ ਗਏ ਸਨ।
- PTC NEWS