ਬੱਸ ਨੇ ਤਿੰਨ ਲੋਕ ਨੂੰ ਦਰੜਿਆ, ਇਕ ਦੀ ਮੌਤ
Punjab News: ਜਲੰਧਰ ਦੇ ਪਠਾਨਕੋਟ ਰੋਡ ’ਤੇ ਸਵਾਰੀਆਂ ਨਾਲ ਭਰੀ ਪੰਜਾਬ ਰੋਡਵੇਜ਼ ਦੀ ਬੱਸ ਦੇ ਡਰਾਈਵਰ ਨੇ ਕਈ ਲੋਕਾਂ ਨੂੰ ਕੁਚਲ ਦਿੱਤਾ। ਇਸ ਦੌਰਾਨ ਘਟਨਾ ਵਾਲੀ ਥਾਂ ’ਤੇ ਵੱਡਾ ਹੰਗਾਮਾ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ, ਇਕ ਮੋਟਰਸਾਈਕਲ ਸਵਾਰ, ਇਕ ਫੇਰੀ ਵਾਲਾ ਅਤੇ ਇਕ ਹੋਰ ਵਿਅਕਤੀ ਬੱਸ ਦੀ ਲਪੇਟ ਵਿਚ ਆ ਗਏ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚ ਗਏ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਮੋਟਰ ਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਗਈ ਅਤੇ ਦੋ ਹੋਰਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਿੱਥੇ ਦੋਵਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਮ੍ਰਿਤਕ ਦੀ ਪਛਾਣ ਮਹਿੰਦਰ ਸਿੰਘ ਪੁੱਤਰ ਹਰਪ੍ਰੀਤ ਸਿੰਘ ਵਾਸੀ ਕਾਲਾ ਬੱਕਰਾ ਵਜੋਂ ਹੋਈ ਹੈ। ਮਕਸੂਦਾਂ ਥਾਣੇ ਦੇ ਏ.ਐਸ.ਆਈ. ਨਰਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਅਤੇ ਉਨ੍ਹਾਂ ਬੱਸ ਨੂੰ ਕਬਜ਼ੇ ਵਿਚ ਲੈ ਲਿਆ ਹੈ। ਘਟਨਾ ਤੋਂ ਬਾਅਦ ਬੱਸ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਬੱਸ ਪਠਾਨਕੋਟ ਤੋਂ ਆ ਰਹੀ ਸੀ। ਘਟਨਾ ਤੋਂ ਬਾਅਦ, ਯਾਤਰੀਆਂ ਨੂੰ ਉਤਾਰ ਕੇ ਦੂਜੀ ਬੱਸ ਵਿਚ ਭੇਜ ਦਿੱਤਾ ਗਿਆ ਹੈ।
ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰੱਖਿਆ ਗਿਆ ਹੈ। ਹਾਲਾਂਕਿ, ਲੋਕਾਂ ਅਨੁਸਾਰ, ਇਹ ਕਿਹਾ ਜਾ ਰਿਹਾ ਹੈ ਕਿ ਇਸ ਘਟਨਾ ਵਿਚ ਇਕ ਹੋਰ ਵਿਅਕਤੀ ਦੀ ਵੀ ਮੌਤ ਹੋ ਗਈ ਹੈ। ਲੋਕਾਂ ਦਾ ਦੋਸ਼ ਹੈ ਕਿ ਬੱਸ ਡਰਾਈਵਰ ਨਸ਼ੇ ਵਿਚ ਸੀ।
- PTC NEWS