ਬੁਮਰਾਹ ਦੀ ਭਾਰਤੀ ਟੀਮ 'ਚ ਹੋਈ ਵਾਪਸੀ, ਸ਼੍ਰੀਲੰਕਾ ਖ਼ਿਲਾਫ਼ ਖੇਡਣਗੇ ਇਕ ਰੋਜ਼ਾ ਲੜੀ
ਨਵੀਂ ਦਿੱਲੀ : ਜਸਪ੍ਰੀਤ ਬੁਮਰਾਹ ਨੂੰ ਸ਼੍ਰੀਲੰਕਾ ਖ਼ਿਲਾਫ਼ ਘਰੇਲੂ ਲੜੀ ਲਈ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਬੀਸੀਸੀਆਈ ਵੱਲੋਂ ਮੰਗਲਵਾਰ ਨੂੰ ਜਾਰੀ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ। ਬੁਮਰਾਹ ਸੱਟ ਕਾਰਨ ਪਿਛਲੇ 5 ਮਹੀਨਿਆਂ ਤੋਂ ਟੀਮ ਵਿਚੋਂ ਬਾਹਰ ਸਨ। ਬੁਮਰਾਹ ਨੂੰ ਪਹਿਲੇ ਇਕ ਰੋਜ਼ਾ ਮੈਚ ਲਈ ਐਲਾਨੀ ਗਈ ਟੀਮ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਸੀ।
ਸ਼੍ਰੀਲੰਕਾ ਖਿਲਾਫ਼ ਤਿੰਨ ਮੈਚਾਂ ਦੀ ਇਕ ਰੋਜ਼ਾ ਲੜੀ ਦਾ ਪਹਿਲਾ ਮੈਚ 10 ਜਨਵਰੀ ਨੂੰ ਗੁਹਾਟੀ 'ਚ ਖੇਡਿਆ ਜਾਣਾ ਹੈ। ਬੁਮਰਾਹ ਪਿਛਲੇ ਸਾਲ ਸਤੰਬਰ ਤੋਂ ਟੀਮ ਤੋਂ ਬਾਹਰ ਸਨ। ਉਹ ਏਸ਼ੀਆ ਕੱਪ ਅਤੇ ਟੀ-20 ਵਿਸ਼ਵ ਕੱਪ ਵਿੱਚ ਵੀ ਟੀਮ ਦਾ ਹਿੱਸਾ ਨਹੀਂ ਸੀ।
ਬੁਮਰਾਹ ਪਿੱਠ ਦੀ ਸੱਟ ਕਾਰਨ ਸਤੰਬਰ 2022 ਤੋਂ ਟੀਮ ਇੰਡੀਆ ਤੋਂ ਬਾਹਰ ਸਨ। ਸੱਟ ਤੋਂ ਉਭਰਨ ਤੋਂ ਬਾਅਦ ਉਹ ਲੰਬੇ ਸਮੇਂ ਤੱਕ ਕ੍ਰਿਕਟ ਤੋਂ ਦੂਰ ਰਹੇ। ਜਸਪ੍ਰੀਤ ਬੁਮਰਾਹ ਨੂੰ ਨੈਸ਼ਨਲ ਕ੍ਰਿਕਟ ਅਕੈਡਮੀ 'ਚ ਟ੍ਰੇਨਿੰਗ ਤੋਂ ਬਾਅਦ ਪੂਰੀ ਤਰ੍ਹਾਂ ਫਿੱਟ ਐਲਾਨ ਦਿੱਤਾ ਗਿਆ ਹੈ। ਉਹ ਜਲਦੀ ਹੀ ਭਾਰਤੀ ਟੀਮ ਨਾਲ ਜੁੜ ਜਾਵੇਗਾ।
ਜਸਪ੍ਰੀਤ ਬੁਮਰਾਹ (29) ਨੇ 25 ਸਤੰਬਰ ਨੂੰ ਭਾਰਤ ਲਈ ਆਖਰੀ ਮੈਚ ਖੇਡਿਆ ਸੀ। ਉਹ ਆਸਟ੍ਰੇਲੀਆ ਖਿਲਾਫ਼ ਟੀ-20 ਲੜੀ 'ਚ ਭਾਰਤੀ ਟੀਮ ਦਾ ਹਿੱਸਾ ਸੀ। ਇਸ ਦੇ ਨਾਲ ਹੀ ਉਸ ਨੇ ਆਪਣਾ ਆਖਰੀ ਇਕ ਰੋਜ਼ਾ ਮੈਚ 14 ਜੁਲਾਈ ਨੂੰ ਇੰਗਲੈਂਡ ਖਿਲਾਫ ਖੇਡਿਆ ਸੀ। ਬੁਮਰਾਹ ਦੇ ਆਉਣ ਨਾਲ ਭਾਰਤੀ ਤੇਜ਼ ਗੇਂਦਬਾਜ਼ੀ ਮਜ਼ਬੂਤ ਹੋ ਗਈ ਹੈ। ਟੀ-20 ਵਿਸ਼ਵ ਕੱਪ 2022 ਦੌਰਾਨ ਭਾਰਤ ਨੂੰ ਬੁਮਰਾਹ ਦੀ ਕਮੀ ਮਹਿਸੂਸ ਹੋਈ ਤੇ ਭਾਰਤੀ ਗੇਂਦਬਾਜ਼ ਸੈਮੀਫਾਈਨਲ 'ਚ ਇੰਗਲੈਂਡ ਖ਼ਿਲਾਫ਼ ਕੋਈ ਵਿਕਟ ਨਹੀਂ ਲੈ ਸਕੇ।
ਇਕ ਰੋਜ਼ਾ ਲੜੀ ਤੋਂ ਪਹਿਲਾਂ ਭਾਰਤੀ ਟੀਮ ਸ਼੍ਰੀਲੰਕਾ ਖ਼ਿਲਾਫ਼ ਤਿੰਨ ਮੈਚਾਂ ਦੀ ਟੀ-20 ਲੜੀ ਵੀ ਖੇਡੇਗੀ। ਹਾਰਦਿਕ ਪਾਂਡਿਆ ਇਸ ਲੜੀ 'ਚ ਟੀਮ ਇੰਡੀਆ ਦੀ ਕਪਤਾਨੀ ਕਰਨਗੇ। ਹਾਲਾਂਕਿ ਬੁਮਰਾਹ ਟੀ-20 ਲੜੀ 'ਚ ਨਹੀਂ ਖੇਡਣਗੇ।
ਇਹ ਵੀ ਪੜ੍ਹੋ: ਗ੍ਰਾਂਟ ਜਾਰੀ ਕਰਨ 'ਚ 9 ਸਾਲਾਂ ਦੀ ਦੇਰੀ 'ਤੇ ਪੰਜਾਬ ਸਰਕਾਰ ਨੂੰ 10 ਲੱਖ ਦਾ ਜੁਰਮਾਨਾ
ਸ਼੍ਰੀਲੰਕਾ ਖਿਲਾਫ਼ ਇਕ ਰੋਜ਼ਾ ਲੜੀ ਲਈ ਭਾਰਤੀ ਟੀਮ
ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸੂਰਿਆਕੁਮਾਰ ਯਾਦਵ, ਅਈਅਰ, ਕੇਐਲ ਰਾਹੁਲ (ਵਿਕਟਕੀਪਰ), ਈਸ਼ਾਨ ਕਿਸ਼ਨ (ਵਿਕਟਕੀਪਰ), ਹਾਰਦਿਕ ਪਾਂਡਿਆ (ਉਪ-ਕਪਤਾਨ), ਵਾਸ਼ਿੰਗਟਨ ਸੁੰਦਰ, ਯੁਜਵੇਂਦਰ ਚਾਹਲ, ਕੁਲਦੀਪ ਯਾਦਵ, ਅਕਸ਼ਰ ਪਟੇਲ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ, ਮੁਹੰਮਦ ਸਿਰਾਜ, ਉਮਰਾਨ ਮਲਿਕ, ਅਰਸ਼ਦੀਪ ਸਿੰਘ।
ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਵਨਡੇ ਸੀਰੀਜ਼ ਦਾ ਸਮਾਂ-ਸਾਰਣੀ
ਪਹਿਲਾ ਵਨਡੇ, 10 ਜਨਵਰੀ, ਗੁਹਾਟੀ
ਦੂਜਾ ਵਨਡੇ, 12 ਜਨਵਰੀ, ਕੋਲਕਾਤਾ
ਤੀਜਾ ਵਨਡੇ, 15 ਜਨਵਰੀ, ਤਿਰੂਵਨੰਤਪੁਰਮ
- PTC NEWS