Amritsar News : BSF ਨੇ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਸਾਂਝੇ ਆਪਰੇਸ਼ਨ ਦੌਰਾਨ ਖੇਤਾਂ ਵਿੱਚੋਂ ਬਰਾਮਦ ਕੀਤੇ 6 ਪਿਸਤੌਲ ਅਤੇ 14 ਮੈਗਜ਼ੀਨ
Amritsar News : ਬੀਐੱਸਐੱਫ ਨੇ ਪੰਜਾਬ ਪੁਲੀਸ ਦੇ ਸਹਿਯੋਗ ਨਾਲ ਸਾਂਝੇ ਆਪਰੇਸ਼ਨ ਦੌਰਾਨ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਮਹਾਵਾ ਦੇ ਖੇਤਾਂ ਵਿੱਚੋਂ 6 ਪਿਸਤੌਲ ਅਤੇ 14 ਮੈਗਜ਼ੀਨ ਬਰਾਮਦ ਕੀਤੇ ਹਨ। ਬੀਐੱਸਐਫ ਦੇ ਅਧਿਕਾਰੀਆਂ ਨੇ ਦੱਸਿਆ ਕਿ ਇੱਕ ਅਗਾਊਂ ਸੂਚਨਾ ਦੇ ਆਧਾਰ 'ਤੇ ਬੀਐਸਐਫ ਵੱਲੋਂ ਪੰਜਾਬ ਪੁਲੀਸ ਦੇ ਸਹਿਯੋਗ ਨਾਲ ਅੰਮ੍ਰਿਤਸਰ ਦੇ ਸਰਹੱਦੀ ਖੇਤਰ ਵਿੱਚ ਸਾਂਝੀ ਤਲਾਸ਼ੀ ਮੁਹਿੰਮ ਚਲਾਈ ਗਈ ਸੀ।
ਇਸ ਦੌਰਾਨ ਪਿੰਡ ਮਹਾਵਾ ਦੇ ਖੇਤਾਂ ਵਿੱਚ ਕੱਟੀ ਹੋਈ ਫਸਲ ਵਿੱਚੋਂ ਇੱਕ ਪੈਕੇਟ ਬਰਾਮਦ ਹੋਇਆ ਹੈ। ਇਹ ਵੱਡਾ ਪੈਕੇਟ ਪੀਲੇ ਰੰਗ ਦੀ ਟੇਪ ਨਾਲ ਲਪੇਟਿਆ ਹੋਇਆ ਸੀ ਅਤੇ ਇਸ ਨਾਲ ਇੱਕ ਤਾਰ ਅਤੇ ਰਿੰਗ ਵੀ ਲੱਗੀ ਹੋਈ ਸੀ। ਜਦੋਂ ਇਸ ਪੈਕੇਟ ਨੂੰ ਖੋਲ੍ਹਿਆ ਤਾਂ ਇਸ ਵਿੱਚੋਂ 6 ਪਿਸਤੌਲ ਅਤੇ 14 ਮੈਗਜ਼ੀਨ ਬਰਾਮਦ ਹੋਏ ਹਨ।
ਬੀਐਸਐਫ ਅਧਿਕਾਰੀਆਂ ਨੇ ਆਖਿਆ ਕਿ ਸਰਹੱਦ 'ਤੇ ਤਾਇਨਾਤ ਜਵਾਨਾਂ ਦੀ ਚੌਕਸੀ ਅਤੇ ਤੇਜ਼ੀ ਨਾਲ ਕੀਤੀ ਕਾਰਵਾਈ ਦੇ ਸਿੱਟੇ ਵਜੋਂ ਪਾਕਿਸਤਾਨ ਵਾਲੇ ਪਾਸਿਓਂ ਹਥਿਆਰਾਂ ਦੀ ਤਸਕਰੀ ਦਾ ਇਹ ਯਤਨ ਸਫਲ ਨਹੀਂ ਹੋ ਸਕਿਆ।
- PTC NEWS