ਬਰਤਾਨੀਆ: ਪੀ.ਐੱਮ. ਰਿਸ਼ੀ ਸੁਨਕ ਵੱਲੋਂ 101 ਸਾਲਾ ਸਿੱਖ ਯੋਧੇ ਦਾ ਸਨਮਾਨ
ਲੰਡਨ (ਬਰਤਾਨੀਆ): ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਵੱਲੋਂ ਦੂਜੇ ਵਿਸ਼ਵ ਯੁੱਧ ਵਿੱਚ ਲੜਨ ਵਾਲੇ ਆਖਰੀ ਜਿੰਦਾ ਸਿੱਖ ਫੌਜੀਆਂ ਵਿੱਚੋਂ ਇੱਕ ਰਜਿੰਦਰ ਸਿੰਘ ਢੱਟ ਨੂੰ ‘ਪੁਆਇੰਟਸ ਆਫ ਲਾਈਟ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਸੁਨਕ ਨੇ ਬੁੱਧਵਾਰ ਨੂੰ ਟੇਨ ਡਾਊਨਿੰਗ ਸਟ੍ਰੀਟ 'ਤੇ ਸਥਿਤ ਆਪਣੀ ਸਰਕਾਰੀ ਰਿਹਾਇਸ਼ 'ਤੇ ਸਿੰਘ ਨੂੰ ਇਹ ਸਨਮਾਨ ਦਿੱਤਾ।
ਡਾਊਨਿੰਗ ਸਟ੍ਰੀਟ ਦੇ ਅਨੁਸਾਰ 'ਪੁਆਇੰਟ ਆਫ਼ ਲਾਈਟ' ਪੁਰਸਕਾਰ ਉਹਨਾਂ ਲੋਕਾਂ ਨੂੰ ਪਛਾਣਦਾ ਹੈ ਜਿਨ੍ਹਾਂ ਦੀ ਸੇਵਾ ਉਹਨਾਂ ਦੇ ਭਾਈਚਾਰਿਆਂ ਵਿੱਚ ਇੱਕ ਫਰਕ ਲਿਆ ਰਹੀ ਹੈ ਅਤੇ ਜਿਹਨਾਂ ਦੀਆਂ ਕਹਾਣੀਆਂ ਦੂਜਿਆਂ ਨੂੰ ਉਹਨਾਂ ਦੇ ਭਾਈਚਾਰਿਆਂ ਵਿੱਚ ਅਤੇ ਇਸ ਤੋਂ ਬਾਹਰ ਦੀਆਂ ਸਮਾਜਿਕ ਚੁਣੌਤੀਆਂ ਦੇ ਨਵੀਨਤਾਕਾਰੀ ਹੱਲ ਲੱਭਣ ਲਈ ਪ੍ਰੇਰਿਤ ਕਰ ਸਕਦੀਆਂ ਹਨ।
ਦੱਸਣਯੋਗ ਹੈ ਕਿ ਰਜਿੰਦਰ ਸਿੰਘ ਢੱਟ ਦੀ ਇਸ ਵੇਲੇ 101 ਸਾਲ ਦੀ ਉਮਰ ਹੋ ਚੁੱਕੀ ਹੈ। ਸਿੰਘ ਨੂੰ ਇਹ ਸਨਮਾਨ ਉਨ੍ਹਾਂ ਦੀ ਸੇਵਾ ਅਤੇ ਬ੍ਰਿਟਿਸ਼-ਭਾਰਤੀ ਸਾਬਕਾ ਸੈਨਿਕਾਂ ਨੂੰ ਇਕੱਠੇ ਕਰਨ ਵਿੱਚ ਸਰਕਾਰ ਦੀ ਮਦਦ ਕਰਨ ਲਈ ਦਿੱਤਾ ਗਿਆ ਹੈ। ਦੱਸ ਦਈਏ ਕਿ ਰਜਿੰਦਰ ਸਿੰਘ ਢੱਟ 'ਅਣਵੰਡੇ ਭਾਰਤੀ ਸਾਬਕਾ ਸੈਨਿਕ ਸੰਘ' ਚਲਾਉਂਦੇ ਹਨ। ਸਿੰਘ 1963 ਤੋਂ ਦੱਖਣ-ਪੱਛਮੀ ਲੰਡਨ ਦੇ ਹਾਉਂਸਲੋ ਵਿੱਚ ਰਹਿ ਰਹੇ ਹਨ। ਸਾਲ 1921 ਵਿੱਚ ਅਣਵੰਡੇ ਭਾਰਤ 'ਚ ਜੰਮੇ ਸਿੰਘ, ਬ੍ਰਿਟਿਸ਼ ਬਸਤੀਵਾਦੀ ਕਾਲ ਦੌਰਾਨ ਸਹਿਯੋਗੀ ਫੌਜਾਂ ਦੇ ਨਾਲ ਮਿਲ ਕਿ ਲੜੇ ਸਨ।
ਰਜਿੰਦਰ ਸਿੰਘ ਢੱਟ ਪ੍ਰਧਾਨ ਮੰਤਰੀ ਤੋਂ ਸਨਮਾਨ ਪ੍ਰਾਪਤ ਕਰਨ ਤੋਂ ਬਾਅਦ ਬੇਹੱਦ ਖੁਸ਼ ਨਜ਼ਰ ਆਏ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ''ਪ੍ਰਧਾਨ ਮੰਤਰੀ ਵੱਲੋਂ ਅਜਿਹਾ ਸਨਮਾਨ ਮਿਲਣਾ ਮਾਣ ਵਾਲੀ ਗੱਲ ਹੈ।" ਉਨ੍ਹਾਂ ''ਅਣਵੰਡੇ ਭਾਰਤੀ ਸਾਬਕਾ ਸੈਨਿਕ ਸੰਘ'' ਨੂੰ ਮਾਨਤਾ ਦੇਣ ਲਈ ਪ੍ਰਧਾਨ ਮੰਤਰੀ ਦੀ ਤਾਰੀਫ਼ ਕਰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ।
ਰਜਿੰਦਰ ਸਿੰਘ ਢੱਟ ਨੇ ਅੱਗੇ ਕਿਹਾ ਕਿ ਇਸ ਸੰਸਥਾ ਦੀ ਸਥਾਪਨਾ ਸਾਬਕਾ ਸੈਨਿਕ ਹੋਣ ਦੇ ਨਾਤੇ ਫਰਜ਼ ਦੀ ਡੂੰਘੀ ਭਾਵਨਾ ਅਤੇ ਏਕਤਾ, ਸਹਿਯੋਗ ਅਤੇ ਸਦਭਾਵਨਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਕੀਤੀ ਗਈ ਸੀ। ਇਹ ਪੁਰਸਕਾਰ ਅਣਗਿਣਤ ਵਿਅਕਤੀਆਂ ਦੇ ਅਣਥੱਕ ਯਤਨਾਂ ਦਾ ਨਤੀਜਾ ਹੈ, ਜਿਨ੍ਹਾਂ ਨੇ ਸਾਲਾਂ ਦੌਰਾਨ ਸੰਘ ਦੀ ਸਫਲਤਾ ਅਤੇ ਵਿਕਾਸ ਵਿੱਚ ਯੋਗਦਾਨ ਪਾਇਆ ਹੈ। ਉਨ੍ਹਾਂ ਅੱਗੇ ਕਿਹਾ ਕਿ ਸਾਡੇ ਸਾਥੀਆਂ ਦੀ ਅਟੁੱਟ ਪ੍ਰਤੀਬੱਧਤਾ ਅਤੇ ਨਿਰਸਵਾਰਥ ਸੇਵਾ ਨੇ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਜੀਵਨ ਵਿੱਚ ਸਕਾਰਾਤਮਕ ਤਬਦੀਲੀ ਲਿਆਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ।
ਦੱਸ ਦੇਈਏ ਕਿ ਢੱਟ ਦੂਜੇ ਵਿਸ਼ਵ ਯੁੱਧ ਦੌਰਾਨ ਬ੍ਰਿਟਿਸ਼ ਇੰਡੀਅਨ ਆਰਮੀ ਵਿੱਚ ਸ਼ਾਮਲ ਹੋਏ ਸਨ। ਉਨ੍ਹਾਂ ਨੂੰ 1943 ਵਿੱਚ ਹੌਲਦਾਰ ਮੇਜਰ ਵਜੋਂ ਤਰੱਕੀ ਦਿੱਤੀ ਗਈ ਸੀ। ਉਨ੍ਹਾਂ ਦੇ ਸੰਘ ਨੇ ਹਾਲ ਹੀ ਵਿੱਚ ਸਾਬਕਾ ਫੌਜੀਆਂ ਲਈ ਇੱਕ ਆਨਲਾਈਨ ਕਮਿਊਨਿਟੀ ਬਣਾਈ ਹੈ, ਜਿਸ ਵਿੱਚ ਨਿੱਜੀ ਕਹਾਣੀਆਂ ਬਾਰੇ ਲੇਖ ਸਾਂਝੇ ਕੀਤੇ ਗਏ ਹਨ।
ਇਹ ਵੀ ਪੜ੍ਹੋ: ਅੰਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੇ ਅਸਾਮ ਦੀ ਜੇਲ੍ਹ 'ਚ ਕੀਤੀ ਭੁੱਖ ਹੜਤਾਲ, ਇਹ ਹੈ ਵਜ੍ਹਾ
- With inputs from agencies