Jalandhar Bomb Threat : ਨਵੇਂ ਸਾਲ ਦੇ ਜਸ਼ਨਾਂ ਵਿਚਾਲੇ ਜਲੰਧਰ 'ਚ ਵੰਡਰਲੈਂਡ ਨੂੰ ਉਡਾਉਣ ਬੰਬ ਦੀ ਧਮਕੀ
Bomb Threat to Jalandhar wonderland : ਜਿੱਥੇ ਇੱਕ ਪਾਸੇ ਪੂਰਾ ਦੇਸ਼ ਅੱਜ ਰਾਤ ਨਵੇਂ ਸਾਲ ਦਾ ਜਸ਼ਨ ਮਨਾਉਣ ਦੀਆਂ ਤਿਆਰੀਆਂ ਕਰ ਰਿਹਾ ਹੈ, ਉੱਥੇ ਹੀ ਜਲੰਧਰ ਦੇ ਮਸ਼ਹੂਰ ਵਾਟਰ ਪਾਰਕ ਵੰਡਰਲੈਂਡ ਨੂੰ ਬੰਬ ਦੀ ਧਮਕੀ ਮਿਲੀ ਹੈ। ਇਸ ਸਬੰਧੀ ਇੱਕ ਪਰਚੀ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਜਲੰਧਰ ਦੇ ਮਸ਼ਹੂਰ ਵਾਟਰ ਪਾਰਕ ਵੰਡਰਲੈਂਡ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਹੈ।
ਇਸ ਧਮਕੀ ਨੂੰ ਲੈ ਕੇ ਜਲੰਧਰ ਪੁਲਿਸ ਪੂਰੀ ਤਰ੍ਹਾਂ ਚੌਕੰਨੀ ਹੋ ਗਈ ਹੈ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਇੱਥੇ ਵੰਡਰਲੈਂਡ ਵਿੱਚ ਐਂਟੀ ਬੰਬ ਸਕੁਐਡ ਅਤੇ ਡੌਗ ਸਕੁਐਡ ਵੀ ਤਲਾਸ਼ੀ ਮੁਹਿੰਮ ਚਲਾ ਰਹੇ ਹਨ।
ਪੁਲਿਸ ਨੇ ਧਮਕੀ ਨੂੰ ਦੱਸਿਆ ਬੇਬੁਨਿਆਦ, ਕਿਹਾ- ਅਫਵਾਹਾਂ 'ਤੇ ਧਿਆਨ ਨਾ ਦੇਣ ਲੋਕ
ਉਧਰ, ਇਸ ਮਾਮਲੇ ਨੂੰ ਲੈ ਕੇ ਜਲੰਧਰ ਦਿਹਾਤੀ ਪੁਲਿਸ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਡੀਐਸਪੀ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਇਹ ਉਹ ਪੱਤਰ ਹੈ, ਜੋ ਵੰਡਰਲੈਂਡ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਾ ਜੋ ਪੱਤਰ ਮਿਲਿਆ ਹੈ, ਇਹ ਪੂਰੀ ਤਰ੍ਹਾਂ ਬੇਬੁਨਿਆਦ ਹੈ। ਉਨ੍ਹਾਂ ਕਿਹਾ ਕਿ ਇਹ ਕਿਸੇ ਸ਼ਰਾਰਤੀ ਅਨਸਰ ਵੱਲੋਂ ਪੱਤਰ ਬਣਾ ਕੇ ਇੱਥੇ ਸੁੱਟ ਦਿੱਤਾ ਗਿਆ।
ਡੀ.ਐਸ.ਪੀ ਨੇ ਕਿਹਾ ਕਿ ਜਲੰਧਰ ਦੇ ਇਸ ਵਾਟਰ ਪਾਰਕ 'ਚ ਨਵੇਂ ਸਾਲ ਨੂੰ ਲੈ ਕੇ ਹਰ ਸਾਲ ਵੱਡਾ ਜਸ਼ਨ ਮਨਾਇਆ ਜਾਂਦਾ ਹੈ ਅਤੇ ਵੱਡੀ ਗਿਣਤੀ 'ਚ ਲੋਕ ਇਸ ਸਾਲ ਦੀ ਸ਼ੁਰੂਆਤ ਦਾ ਜਸ਼ਨ ਮਨਾਉਣ ਲਈ ਆਉਂਦੇ ਹਨ। ਉਨ੍ਹਾਂ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਇਨ੍ਹਾਂ ਅਫਵਾਹਾਂ ਨੂੰ ਨਜ਼ਰਅੰਦਾਜ਼ ਕਰਨ ਅਤੇ ਆਪਣਾ ਨਵਾਂ ਸਾਲ ਧੂਮਧਾਮ ਨਾਲ ਮਨਾਉਣ ਅਤੇ ਉਨ੍ਹਾਂ ਦੀ ਸੁਰੱਖਿਆ ਲਈ ਜਲੰਧਰ ਪੁਲਸ ਹਮੇਸ਼ਾ ਤਾਇਨਾਤ ਹੈ।
- PTC NEWS