Mohali News : ਡੇਰਾਬੱਸੀ 'ਚ ਗੈਰ-ਕਾਨੂੰਨੀ ਮਾਈਨਿੰਗ ਨੂੰ ਲੈ ਕੇ ਦੋ ਧਿਰਾਂ 'ਚ ਖੂਨੀ ਝੜਪ, 6 ਤੋਂ ਵੱਧ ਜ਼ਖ਼ਮੀ
ਡੇਰਾਬੱਸੀ ਦੇ ਪਿੰਡ ਮਕੰਦਪੁਰ ਵਿੱਚ ਲੰਘੀ ਦੇਰ ਰਾਤ ਦੋ ਗੁੱਟਾਂ ਵਿਚਕਾਰ ਖੂਨੀ ਝੜਪ ਹੋ ਗਈ। ਇਸ ਵਿੱਚ ਦੋਵਾਂ ਧਿਰਾਂ ਦੇ 6 ਤੋਂ ਵੱਧ ਨੌਜਵਾਨ ਜ਼ਖ਼ਮੀ ਹੋ ਗਏ। ਪਿੰਡ ਦੇ ਦੋ ਗੁੱਟਾਂ ਵਿੱਚ ਜਿਨਾਂ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਵੱਲੋਂ ਦੇ ਵਿਚਕਾਰ ਪਹਿਲਾਂ ਮਾਈਨਿੰਗ ਨੂੰ ਲੈ ਕੇ ਬਹਿਸ ਹੋਈ, ਜੋ ਬਾਅਦ ਵਿੱਚ ਲੜਾਈ ਵਿੱਚ ਬਦਲ ਗਈ। ਇਥੋਂ ਤੱਕ ਕਿ ਦੋਵੇਂ ਧਿਰਾਂ ਸਿਵਲ ਹਸਪਤਾਲ ਵਿੱਚ ਵੀ ਲੜ ਪਈਆਂ, ਜਿਥੇ ਜੰਮਕੇ ਭੰਨਤੋੜ ਕੀਤੀ ਗਈ। ਸਿਵਲ ਹਸਪਤਾਲ ਵਿੱਚ ਲੜਾਈ ਦੌਰਾਨ ਮਰੀਜ਼ਾਂ ਅਤੇ ਉਨ੍ਹਾਂ ਦੇ ਤਾਮੀਰਦਾਰਾਂ ਵਿੱਚ ਭਗਦੜ ਮਚ ਗਈ, ਜਿਸ ਨੂੰ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਕਾਬੂ ਕੀਤਾ।
ਜਾਣਕਾਰੀ ਅਨੁਸਾਰ ਪਿੰਡ ਮਕੰਦਪੁਰ ਵਿੱਚ ਮਾਈਨਿੰਗ ਨੂੰ ਲੈ ਕੇ ਸ਼ੁੱਕਰਵਾਰ ਨੂੰ ਦੋ ਧੜਿਆਂ ਵਿੱਚ ਬਹਿਸ ਹੋ ਗਈ। ਕਾਂਗਰਸ ਪਾਰਟੀ ਦੇ ਧੜੇ ਦੇ ਹੱਕ ਵਿੱਚ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਦੇ ਪੁੱਤਰ ਉਦੈਵੀਰ ਸਿੰਘ ਢਿੱਲੋਂ ਪਿੰਡ ਪਹੁੰਚੇ ਅਤੇ ਆਪਣੇ ਧੜੇ ਦੇ ਹੱਕ ਵਿੱਚ ਸੱਤਾਧਾਰੀ ਧੜੇ 'ਤੇ ਨਾਜਾਇਜ਼ ਮਾਈਨਿੰਗ ਕਰਨ ਦਾ ਦੋਸ਼ ਲਾਇਆ। ਇਸ ਤੋਂ ਬਾਅਦ ਦੋਵਾਂ ਗੁੱਟਾਂ ਵਿਚਕਾਰ ਪਿੰਡ ਵਿੱਚ ਜੰਮਕੇ ਲੜਾਈ ਹੋ ਗਈ, ਜਿਸ ਦੌਰਾਨ ਚਾਰ ਲੋਕ ਜ਼ਖਮੀ ਹੋ ਗਏ। ਉਨ੍ਹਾਂ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿਥੇ ਦੇਰ ਰਾਤ ਮੁੜ ਤੋਂ ਦੋਵੇਂ ਧਿਰ ਆਪਸ 'ਚ ਲੜ ਪਏ।
ਦੋਵਾਂ ਧਿਰਾਂ ਵੱਲੋਂ ਇਕ-ਦੂਜੇ ਦੇ ਜੋ ਹੱਥ ਵਿੱਚ ਆਇਆ ਉਹ ਮਾਰਿਆ। ਉਨ੍ਹਾਂ ਨੇ ਹਸਪਤਾਲ ਵਿੱਚ ਪਏ ਸਾਮਾਨ ਨਾਲ ਇੱਕ ਦੂਜੇ 'ਤੇ ਜ਼ੋਰਦਾਰ ਹਮਲਾ ਕੀਤਾ। ਇਸ ਵਿੱਚ 6 ਲੋਕ ਜ਼ਖਮੀ ਹੋ ਗਏ। ਮਾਮਲੇ ਨੂੰ ਲੈ ਕੇ ਡੇਰਾਬੱਸੀ ਵਿੱਚ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ।
ਸਿਵਲ ਹਸਪਤਾਲ ਦੇ ਡਾਕਟਰਾਂ ਨੇ ਰਾਤ ਦੇ ਹੰਗਾਮੇ ਦੇ ਰੋਸ ਵਜੋਂ ਹੜਤਾਲ ਕਰ ਦਿੱਤੀ ਹੈ। ਸਿਵਲ ਹਸਪਤਾਲ ਵਿੱਚ ਸਿਰਫ ਐਮਰਜੈਂਸੀ ਸੇਵਾਵਾਂ ਚੱਲ ਰਹੀਆਂ ਜਦ ਕਿ ਡਾਕਟਰਾਂ ਨੇ ਓਪੀਡੀ ਬੰਦ ਕਰ ਸੁਰੱਖਿਆ ਦੀ ਮੰਗ ਨੂੰ ਲੈ ਕੇ ਹੜਤਾਲ ਕੀਤੀ ਹੋਈ।
ਕੀ ਕਹਿਣਾ ਹੈ ਪੁਲਿਸ ਦਾ ?
ਦੂਜੇ ਪਾਸੇ ਡੀਐਸਪੀ ਡੇਰਾ ਬਸੀ ਬਿਕਰਮਜੀਤ ਸਿੰਘ ਬਰਾੜ ਨੇ ਕਿਹਾ ਕਿ ਜ਼ਖਮੀਆਂ ਦੇ ਬਿਆਨ ਦਰਜ ਕਰ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਮੁਲਜ਼ਮਾਂ ਨੂੰ ਕਿਸੇ ਵੀ ਹਾਲਤ ' ਚ ਬਖਸ਼ਿਆ ਨਹੀਂ ਜਾਵੇਗਾ।
- PTC NEWS