ਬੇਅਦਬੀ ਕਾਂਡ: ਮੁਲਜ਼ਮ ਤੋਂ ਪੁਲਿਸ ਗਵਾਹ ਬਣੇ ਡੇਰਾ ਪ੍ਰੇਮੀ ਦੀ ਜਾਨ ਨੂੰ ਜੇਲ੍ਹ 'ਚ ਖ਼ਤਰਾ
Sacrilege Case - Dera Chief: ਬੇਅਦਬੀ ਕਾਂਡ ਦੇ ਮੁਲਜ਼ਮ ਪ੍ਰਦੀਪ ਕੁਮਾਰ ਜਿਸ ਦੇ ਬਿਆਨ 'ਤੇ ਡੇਰਾ ਮੁਖੀ ਨੂੰ ਇਸ ਮਾਮਲੇ 'ਚ ਨਾਮਜ਼ਦ ਕੀਤਾ ਗਿਆ ਸੀ, ਹੁਣ ਉਸ ਨੇ ਕਿਹਾ ਕਿ ਬੁੜੈਲ ਜੇਲ੍ਹ 'ਚ ਉਸ ਦੀ ਜਾਨ ਨੂੰ ਖਤਰਾ ਹੈ। ਇੱਥੇ ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰ ਕੇ ਬੁੜੈਲ ਜੇਲ੍ਹ ਵਿੱਚ ਉਸ ਦੀ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਗਈ ਹੈ।
ਇਸ ਮਾਮਲੇ 'ਚ ਹੁਣ ਹਾਈ ਕੋਰਟ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ਹੈ। ਕਾਬਲੇਗੌਰ ਹੈ ਕਿ ਇਸ ਤੋਂ ਕੁਝ ਦਿਨ ਪਹਿਲਾਂ ਹੀ ਪ੍ਰਦੀਪ ਕੁਮਾਰ ਦੀ ਪਤਨੀ ਅਤੇ ਬੇਟੀ ਨੇ ਵੀ ਹਾਈ ਕੋਰਟ 'ਚ ਪਟੀਸ਼ਨ ਦਾਖਲ ਕਰ ਡੇਰੇ 'ਚ ਆਪਣੀ ਜਾਨ ਨੂੰ ਖ਼ਤਰਾ ਦੱਸਿਆ ਸੀ, ਜਿਸ ਮਗਰੋਂ ਹਰਿਆਣਾ ਦੀ ਸਰਕਾਰ ਵੱਲੋਂ ਉਨ੍ਹਾਂ ਨੂੰ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ।
ਪ੍ਰਦੀਪ ਕੁਮਾਰ ਨੇ ਆਪਣੀ ਪਟੀਸ਼ਨ ਵਿੱਚ ਦੱਸਿਆ ਹੈ ਕਿ ਬੇਅਦਬੀ ਕਾਂਡ ਦੇ ਇੱਕ ਹੋਰ ਮੁਲਜ਼ਮ ਮਹਿੰਦਰ ਪਾਲ ਬਿੱਟੂ ਦਾ ਸਾਲ 2019 ਵਿੱਚ ਨਾਭਾ ਹਾਈ ਸਕਿਓਰਿਟੀ ਜੇਲ੍ਹ ਵਿੱਚ ਸਾਥੀ ਕੈਦੀਆਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ। ਜਿਸ ਕਾਰਨ ਉਸ ਨੂੰ ਡਰ ਹੈ ਕਿ ਜੇਲ੍ਹ ਵਿੱਚ ਹੀ ਉਸ ਦਾ ਇਸੇ ਤਰ੍ਹਾਂ ਕਤਲ ਕਰ ਦਿੱਤਾ ਜਾ ਸਕਦਾ ਹੈ। ਇਸ ਲਈ ਬੁੜੈਲ ਜੇਲ੍ਹ ਵਿੱਚ ਹੀ ਉਸ ਦੀ ਸੁਰੱਖਿਆ 'ਚ ਵਾਧਾ ਕੀਤਾ ਜਾਵੇ।
ਹਾਈ ਕੋਰਟ ਨੇ ਹੁਣ ਪ੍ਰਦੀਪ ਦੀ ਪਟੀਸ਼ਨ 'ਤੇ ਚੰਡੀਗੜ੍ਹ ਪ੍ਰਸ਼ਾਸਨ ਨੂੰ 20 ਮਾਰਚ ਲਈ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ।
-