Punjab News : ਭਾਜਪਾ ਪ੍ਰਾਪਰਟੀ ਟੈਕਸ ਦਰਾਂ ’ਚ ਵਾਧੇ ਦੀ ਬਰਾਬਰ ਦੀ ਹਿੱਸੇਦਾਰ : ਅਕਾਲੀ ਦਲ
Punjab News : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਕੇਂਦਰੀ ਗ੍ਰਹਿ ਮੰਤਰਾਲੇ ਨੂੰ ਪ੍ਰਾਪਰਟੀ ਟੈਕਸ ਵਿਚ ਕੀਤੇ ਚੋਖੇ ਵਾਧੇ ਨੂੰ ਵਾਪਸ ਲੈਣ ਲਈ ਰਾਜ਼ੀ ਕਰਨ ਦੀ ਥਾਂ ’ਤੇ ਸਸਤੀਆਂ ਤਕਰੀਬਾਂ ਨਾਲ ਲੋਕਾਂ ਨੂੰ ਗੁੰਮਰਾਹ ਕਰਨ ਦਾ ਯਤਨ ਕਰ ਰਹੀ ਹੈ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਪਾਰਟੀ ਦੇ ਸੀਨੀਅਰ ਆਗੂ ਚਰਨਜੀਤ ਸਿੰਘ ਵਿੱਲੀ ਨੇ ਕਿਹਾ ਕਿ ਅਸਲੀਅਤ ਇਹ ਹੈ ਕਿ ਭਾਜਪਾ ਨੇ ਹਾਊਸ ਟੈਕਸ ਕਮੇਟੀ ਅੱਗੇ ਇਹ ਏਜੰਡਾ ਹੀ ਨਹੀਂ ਲਿਆਂਦਾ ,ਜਿਸ ਕਾਰਨ ਰਿਹਾਇਸ਼ੀ ਪ੍ਰਾਪਰਟੀ ਲਈ ਹਾਊਸ ਟੈਕਸ ਵਿਚ ਤਿੰਨ ਗੁਣਾ ਵਾਧਾ ਕੀਤਾ ਗਿਆ ਜਦੋਂ ਕਮਰਸ਼ੀਅਲ ਪ੍ਰਾਪਰਟੀ ਟੈਕਸ ਵਿਚ ਦੋ ਗੁਣਾ ਵਾਧਾ ਕੀਤਾ ਗਿਆ। ਉਹਨਾਂ ਕਿਹਾ ਕਿ ਸਪਸ਼ਟ ਹੈ ਕਿ ਮੇਅਰ ਤੇ ਭਾਜਪਾ ਦੇ ਕੌਂਸਲਰ ਪ੍ਰਸ਼ਾਸਨ ਨਾਲ ਸਹਿਮਤ ਹਨ ਜੋ ਨਵੀਂਆਂ ਟੈਕਸ ਦਰਾਂ ਲਾਗੂ ਕਰਨਾ ਚਾਹੁੰਦਾ ਹੈ ਅਤੇ ਹੁਣ ਉਹ ਮਗਰਮੱਛ ਦੇ ਹੰਝੂ ਵਹਾ ਕੇ ਸਮੂਹਿਕ ਅਸਤੀਫਿਆਂ ਦਾ ਡਰਾਮਾ ਕਰ ਰਹੇ ਹਨ।
ਚਰਨਜੀਤ ਸਿੰਘ ਵਿੱਲੀ ਨੇ ਕਿਹਾ ਕਿ ਤਿੰਨ ਦਿਨ ਪਹਿਲਾਂ ਨਗਰ ਨਿਗਮ ਦੇ ਮੇਅਰ ਨੇ ਇਹ ਫੈਸਲਾ ਵਾਪਸ ਨਾ ਲੈਣ ਦੀ ਸੂਰਤ ਵਿਚ ਸਾਰੇ ਭਾਜਪਾ ਕੌਂਸਲਰਾਂ ਸਮੇਤ ਅਸਤੀਫਾ ਦੇਣ ਦੀ ਧਮਕੀ ਦਿੱਤੀ। ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਇਸਦਾ ਮੁੱਖ ਮਕਸਦ ਲੋਕਾਂ ਨੂੰ ਮੂਰਖ ਬਣਾਉਣਾ ਸੀ। ਉਹਨਾਂ ਕਿਹਾ ਕਿ ਜੇਕਰ ਮੇਅਰ ਤੇ ਭਾਜਪਾ ਦੇ ਕੌਂਸਲਰ ਲੋਕਾਂ ਦੇ ਹਿੱਤਾਂ ਦੀ ਰਾਖੀ ਵਾਸਤੇ ਸੰਜੀਦਾ ਹਨ ਤਾਂ ਉਹਨਾਂ ਨੂੰ ਹੁਣ ਤੱਕ ਅਸਤੀਫਾ ਦੇ ਦੇਣਾ ਚਾਹੀਦਾ ਸੀ ਜਾਂ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਮਨਮਰਜ਼ੀ ਨਾਲ ਕੀਤਾ ਗਿਆ ਇਹ ਵਾਧਾ ਵਾਪਸ ਲੈਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਹ ਲੋਕ ਆਪੋ ਆਪਣੇ ਅਹੁਦਿਆਂ ’ਤੇ ਬਿਰਾਜਮਾਨ ਹਨ ਜਿਸ ਤੋਂ ਸਪਸ਼ਟ ਹੈ ਕਿ ਇਹ ਇਸ ਫੈਸਲੇ ਦਾ ਹਿੱਸਾ ਹਨ ,ਜਿਸ ਨਾਲ ਸ਼ਹਿਰ ਦੇ ਲੋਕਾਂ ਸਿਰ ਵੱਡਾ ਬੋਝ ਪੈਣ ਵਾਲਾ ਹੈ।
ਚਰਨਜੀਤ ਵਿੱਲੀ ਨੇ ਕਿਹਾ ਕਿ ਅਕਾਲੀ ਦਲ ਇਸਨੂੰ ਬਰਦਾਸ਼ਤ ਨਹੀਂ ਕਰੇਗਾ। ਉਹਨਾਂ ਕਿਹਾ ਕਿ ਅਸੀਂ ਇਸ ਲੋਕ ਵਿਰੋਧੀ ਫੈਸਲੇ ਨੂੰ ਵਾਪਸ ਕਰਵਾਉਣ ਵਾਸਤੇ ਲੋੜੀਂਦਾ ਹਰ ਕਦਮ ਚੁੱਕਾਂਗੇ। ਪਾਰਟੀ ਨੇ ਇਸ ਫੈਸਲੇ ਖਿਲਾਫ ਲੋਕ ਲਹਿਰ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ ਤੇ ਅਸੀਂ ਆਪਣੇ ਟੀਚੇ ਦੀ ਪੂਰਤੀ ਤੱਕ ਟਿਕ ਕੇ ਨਹੀਂ ਬੈਠਾਂਗੇ। ਉਹਨਾਂ ਨੇ ਲੋਕਾਂ ਨੂੰ ਇਸ ਪਹਿਲ ਵਿਚ ਅਕਾਲੀ ਦਲ ਦੀ ਮਦਦ ਕਰਨ ਵਾਸਤੇ ਅੱਗੇ ਆਉਣ ਦੀ ਅਪੀਲ ਕੀਤੀ।
- PTC NEWS