ਨਵੀਂ ਦਿੱਲੀ, 25 ਨਵੰਬਰ: ਮਸ਼ਹੂਰ ਉਦਯੋਗਪਤੀ ਰਮੇਸ਼ ਚੌਹਾਨ ਨੇ ਕਿਹਾ ਕਿ ਉਹ ਆਪਣੇ ਬੋਤਲਬੰਦ ਪਾਣੀ ਦੇ ਕਾਰੋਬਾਰ 'ਬਿਸਲੇਰੀ ਇੰਟਰਨੈਸ਼ਨਲ' ਨੂੰ ਵੇਚਣ ਲਈ ਖਰੀਦਦਾਰ ਦੀ ਤਲਾਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਦੇ ਲਈ ਟਾਟਾ ਕੰਜ਼ਿਊਮਰ ਸਮੇਤ ਕਈ ਕੰਪਨੀਆਂ ਨਾਲ ਗੱਲਬਾਤ ਚੱਲ ਰਹੀ ਹੈ। ਟਾਟਾ ਸਮੂਹ ਦੀ ਕੰਪਨੀ ਨੇ ਸਟਾਕ ਐਕਸਚੇਂਜ ਨੂੰ ਵੀ ਸੂਚਿਤ ਕੀਤਾ ਹੈ ਕਿ ਉਹ ਬਿਸਲੇਰੀ ਇੰਟਰਨੈਸ਼ਨਲ ਨਾਲ ਗੱਲਬਾਤ ਕਰ ਰਹੀ ਹੈ। 82 ਸਾਲਾ ਉਦਯੋਗਪਤੀ ਦੇਸ਼ ਦੇ ਬੋਤਲਬੰਦ ਪਾਣੀ ਦੇ ਕਾਰੋਬਾਰ ਵਿੱਚ ਇੱਕ ਵੱਡਾ ਨਾਂਅ ਹਨ। ਬਿਸਲੇਰੀ ਵੇਚਣ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਚੌਹਾਨ ਨੇ ਕਿਹਾ ਕਿ ਹਾਂ ਅਸੀਂ ਕੰਪਨੀ ਵੇਚ ਰਹੇ ਹਾਂ ਅਤੇ ਗਰੁੱਪ ਕਈ ਸੰਭਾਵੀ ਖਰੀਦਦਾਰਾਂ ਨਾਲ ਗੱਲਬਾਤ ਕਰ ਰਿਹਾ ਹੈ।ਇਹ ਪੁੱਛੇ ਜਾਣ 'ਤੇ ਕਿ ਕੀ ਉਹ ਟਾਟਾ ਸਮੂਹ ਦੀ ਕੰਪਨੀ ਨੂੰ ਕਾਰੋਬਾਰ ਵੇਚ ਰਹੇ ਹਨ, ਚੌਹਾਨ ਨੇ ਕਿਹਾ ਕਿ ਸਾਡੀ ਇਸ ਬਾਰੇ ਫਿਲਹਾਲ ਗੱਲਬਾਤ ਜਾਰੀ ਹੈ। ਇਸ ਦੌਰਾਨ ਟਾਟਾ ਕੰਜ਼ਿਊਮਰ ਦਾ ਕਹਿਣਾ ਕਿ ਉਹ ਦਿਸ਼ਾ-ਨਿਰਦੇਸ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਢੁਕਵੇਂ ਐਲਾਨ ਕਰੇਗਾ। ਇਹ ਪੁੱਛੇ ਜਾਣ 'ਤੇ ਕਿ ਬਿਸਲੇਰੀ ਕਾਰੋਬਾਰ ਨੂੰ ਵੇਚਣ ਦਾ ਕਾਰਨ ਕੀ ਹੈ, ਚੌਹਾਨ ਨੇ ਕਿਹਾ ਕਿ ਕਿਸੇ ਨੂੰ ਤਾਂ ਇਸ ਦਾ ਪ੍ਰਬੰਧਨ ਕਰਨਾ ਪਵੇਗਾ। ਅਸਲ ਵਿੱਚ ਉਨ੍ਹਾਂ ਦੀ ਬੇਟੀ ਜੈਅੰਤੀ ਨੂੰ ਕਾਰੋਬਾਰ ਸੰਭਾਲਣ ਵਿੱਚ ਕੋਈ ਦਿਲਚਸਪੀ ਨਹੀਂ ਹੈ। ਬਿਸਲੇਰੀ ਇੰਟਰਨੈਸ਼ਨਲ ਦੇ ਬੁਲਾਰੇ ਨੇ ਬਾਅਦ ਵਿੱਚ ਇੱਕ ਬਿਆਨ ਵਿੱਚ ਕਿਹਾ, ਅਸੀਂ ਗੱਲਬਾਤ ਕਰ ਰਹੇ ਹਾਂ ਅਤੇ ਹੋਰ ਵੇਰਵੇ ਨਹੀਂ ਦੱਸ ਸਕਦੇ। ਤਿੰਨ ਦਹਾਕੇ ਪਹਿਲਾਂ ਚੌਹਾਨ ਨੇ ਆਪਣਾ ਸਾਫਟ ਡਰਿੰਕਸ ਦਾ ਕਾਰੋਬਾਰ ਅਮਰੀਕੀ ਕੰਪਨੀ ਕੋਕਾ-ਕੋਲਾ ਨੂੰ ਵੇਚ ਦਿੱਤਾ ਸੀ। ਸਾਲ 1993 ਉਨ੍ਹਾਂ ਥਮਸ ਅੱਪ, ਗੋਲਡ ਸਪਾਟ, ਸਿਟਰਾ, ਮਾਜ਼ਾ ਅਤੇ ਲਿਮਕਾ ਵਰਗੇ ਬ੍ਰਾਂਡ ਕੰਪਨੀ ਨੂੰ ਵੇਚ ਦਿੱਤੇ ਸਨ। ਚੌਹਾਨ ਨੇ 2016 'ਚ ਸਾਫਟ ਡਰਿੰਕ ਦੇ ਕਾਰੋਬਾਰ 'ਚ ਮੁੜ ਪ੍ਰਵੇਸ਼ ਕੀਤਾ ਪਰ ਉਨ੍ਹਾਂ ਦੇ ਉਤਪਾਦ 'ਬਿਸਲੇਰੀ ਪੌਪ' ਨੂੰ ਜ਼ਿਆਦਾ ਸਫਲਤਾ ਨਹੀਂ ਮਿਲੀ। ਜੇਕਰ ਬਿਸਲੇਰੀ ਅਤੇ ਟਾਟਾ ਕੰਜ਼ਿਊਮਰ ਵਿਚਕਾਰ ਸਮਝੌਤਾ ਹੋ ਜਾਂਦਾ ਹੈ ਤਾਂ ਇਹ ਬੋਤਲਬੰਦ ਪਾਣੀ ਦੀ ਮਾਰਕੀਟ ਵਿੱਚ ਮੋਹਰੀ ਕੰਪਨੀ ਬਣ ਜਾਵੇਗੀ। ਟਾਟਾ ਕੰਜ਼ਿਊਮਰ ਦਾ ਬੋਤਲਬੰਦ ਪਾਣੀ ਦਾ ਬ੍ਰਾਂਡ 'Himalayan' ਪਹਿਲਾਂ ਹੀ ਬਾਜ਼ਾਰ ਵਿੱਚ ਮੌਜੂਦ ਹੈ।7,000 ਕਰੋੜ ਰੁਪਏ 'ਚ ਹੋ ਸਕਦਾ ਸੌਦਾਖਬਰਾਂ ਮੁਤਾਬਕ, ਟਾਟਾ ਗਰੁੱਪ ਨਾਲ ਬਿਸਲੇਰੀ ਨੂੰ ਵੇਚਣ ਦਾ ਸੌਦਾ ਪੂਰਾ ਹੋਣ ਦੇ ਨੇੜੇ ਹੈ। ਇਹ ਸੌਦਾ 6,000-7,000 ਕਰੋੜ ਰੁਪਏ ਦਾ ਦੱਸਿਆ ਜਾ ਰਿਹਾ ਹੈ ਪਰ ਰਮੇਸ਼ ਚੌਹਾਨ ਫਿਲਹਾਲ ਇਸ ਤੋਂ ਇਨਕਾਰ ਕਰ ਰਹੇ ਹਨ। ਬਿਸਲੇਰੀ ਦੀ ਵੈੱਬਸਾਈਟ 'ਤੇ ਉਪਲਬਧ ਜਾਣਕਾਰੀ ਦੇ ਅਨੁਸਾਰ, ਬਿਸਲੇਰੀ ਦੇ ਦੇਸ਼ ਭਰ ਵਿੱਚ 122 ਤੋਂ ਵੱਧ ਕਾਰਜਸ਼ੀਲ ਪਲਾਂਟ ਹਨ ਜਦੋਂ ਕਿ ਇਸਦੇ ਕੋਲ ਪੂਰੇ ਭਾਰਤ ਵਿੱਚ ਲਗਭਗ 5,000 ਟਰੱਕਾਂ ਦੇ ਨਾਲ 4,500 ਤੋਂ ਵੱਧ ਦਾ ਵਿਤਰਕ ਨੈੱਟਵਰਕ ਹੈ।