ਮੁਨੀਸ਼ ਗਰਗ, 9 ਦਸੰਬਰ: ਇਤਿਹਾਸਕ ਨਗਰ ਤਲਵੰਡੀ ਸਾਬੋ ਦੇ ਨਿਸ਼ਾਨ ਏ ਖਾਲਸਾ ਚੌਂਕ ਵਿੱਚ ਮਾਰਨ ਦੀ ਨੀਅਤ ਨਾਲ ਦੋ ਨੌਜਵਾਨਾਂ 'ਤੇ ਫਾਇਰਿੰਗ ਕਰਕੇ ਜ਼ਖ਼ਮੀ ਕਰਨ ਵਾਲੇ ਕਥਿਤ ਚਾਰ ਆਰੋਪੀ ਪੁਲਿਸ ਨੇ ਕਾਬੂ ਕਰ ਲਏ ਹਨ। ਪੁਲਿਸ ਨੇ ਆਰੋਪੀਆਂ ਤੋਂ ਵਾਰਦਾਤ ਸਮੇਂ ਵਰਤੀ ਗਈ ਬੰਦੂਕ ਅਤੇ ਕਾਰ ਵੀ ਬਰਾਮਦ ਕਰ ਲਈ ਹੈ। ਜਿੱਥੇ ਪੁਲਿਸ ਇਸ ਮਾਮਲੇ ਨੂੰ 24 ਘੰਟੇ ਵਿੱਚ ਸੁਲਝਾਉਣ ਦਾ ਦਾਅਵਾ ਕਰ ਰਹੀ ਹੈ, ਉੱਥੇ ਹੀ ਪੁਲਿਸ ਨੇ ਇਨ੍ਹਾਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਦੱਸਣਾ ਬਣਦਾ ਹੈ ਕਿ ਤਲਵੰਡੀ ਸਾਬੋ ਦੇ ਨਿਸ਼ਾਨ ਏ ਖਾਲਸਾ ਚੌਂਕ ਵਿੱਚ ਬੀਤੀ ਰਾਤ ਕਾਰ ਸਵਾਰ ਨੌਜਵਾਨਾਂ ਵੱਲੋਂ ਦੋ ਨੌਜਵਾਨਾਂ ਨੂੰ ਮਾਰਨ ਦੀ ਨੀਅਤ ਨਾਲ ਫਾਇਰ ਕਰਕੇ ਜ਼ਖ਼ਮੀ ਕਰ ਦਿੱਤਾ ਗਿਆ ਸੀ, ਪੁਲਿਸ ਨੇ ਹੁਣ ਇਸ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ ਵਾਰਦਾਤ ਨੂੰ ਅੰਜਾਮ ਦੇਣ ਵਾਲੇ 4 ਨੌਜਵਾਨਾਂ ਨੂੰ ਫੜਨ ਦਾ ਦਾਅਵਾ ਕੀਤਾ ਹੈ। ਤਲਵੰਡੀ ਸਾਬੋ ਵਿਖੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ ਬੂਟਾ ਸਿੰਘ ਨੇ ਦੱਸਿਆ ਕੇ ਮਾਮਲੇ ਦੇ ਮੁੱਖ ਆਰੋਪੀ ਸੁਖਜੀਤ ਸਿੰਘ ਗੱਗੀ ਦੀ ਇੱਕ ਲੜਕੀ ਨਾਲ ਦੋਸਤੀ ਸੀ ਪਰ ਹੁਣ ਲੜਕੀ ਦੀ ਹੋਰ ਲੜਕੇ ਜਸਪ੍ਰੀਤ ਸਿੰਘ ਨਾਲ ਦੋਸਤੀ ਹੋਣ ਕਰਕੇ ਦੋਵਾਂ ਵਿੱਚ ਤੂੰ-ਤੂੰ ਮੈਂ-ਮੈਂ ਹੋ ਗਈ, ਦੋਹਾਂ ਧਿਰਾਂ ਨੇ ਤਲਵੰਡੀ ਸਾਬੋ ਵਿਖੇ ਗੱਲਬਾਤ ਕਰਨ ਲਈ ਸਮਾਂ ਬੰਨ੍ਹਿਆ। ਜਸਪ੍ਰੀਤ ਸਿੰਘ ਆਪਣੇ ਦੋਸਤ ਗੁਰਪ੍ਰੀਤ ਸਿੰਘ ਅਤੇ ਇੱਕ ਸੈਲੂਨ ਦੇ ਮਾਲਕ ਜਾਨੀ ਸਮੇਤ ਕੁੱਝ ਸਾਥੀਆਂ ਦੇ ਨਿਸ਼ਾਨ-ਏ-ਖਾਲਸਾ ਚੌਂਕ ਵਿੱਚ ਚਲੇ ਗਏ ਜਦੋਂ ਮੁੱਖ ਆਰੋਪੀ ਆਪਣੀ ਗੱਡੀ ਤੇ ਅਸਲੇ ਨਾਲ ਲੈਸ ਹੋ ਕੇ ਆਇਆ ਤਾਂ ਉਸ ਨੇ ਇੱਥੇ ਆ ਕੇ ਸਿੱਧੇ ਫਾਇਰ ਕਰ ਦਿੱਤ, ਜੋ ਕਿ ਗੁਰਪ੍ਰੀਤ ਸਿੰਘ ਅਤੇ ਸ਼ੈਲਰ ਮਾਲਕ ਜਾਨੀ ਦੇ ਲੱਗ ਗਈ। ਜਿਸ ਵਿੱਚ 2 ਨੌਜਵਾਨ ਜ਼ਖ਼ਮੀ ਹੋ ਗਏ। ਇਹ ਵੀ ਪੜ੍ਹੋ: ਬੇਅਦਬੀ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿਵਾਉਣ ਲਈ ਮਾਨ ਦੀ ਅਮਿਤ ਸ਼ਾਹ ਨਾਲ ਮੁਲਾਕਾਤਪੁਲਿਸ ਨੇ ਇਸ ਮਾਮਲੇ ਵਿੱਚ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ, ਪੁਲਿਸ ਪਾਰਟੀ ਨੇ ਤਫਤੀਸ਼ ਦੌਰਾਨ ਮੁੱਖ ਆਰੋਪੀ ਸੁਖਜੀਤ ਸਿੰਘ ਉਰਫ਼ ਗੱਗੀ ਵਾਸੀ ਮੰਡੀ ਖੁਰਦ ਸਮੇਤ ਉਸ ਦੇ ਤਿੰਨ ਸਾਥੀਆਂ ਨੂੰ ਕਾਬੂ ਕਰ ਲਿਆ, ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਵਰਤੇ ਗਏ ਹਥਿਆਰ ਅਤੇ ਕਾਰ ਬਰਾਮਦ ਕਰ ਲਈ ਹੈ। ਚਾਰੇ ਆਰੋਪੀਆਂ ਨੂੰ ਗ੍ਰਿਫਤਾਰ ਕਰਕੇ ਇਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਮਾਮਲੇ ਵਿੱਚ ਕੋਈ ਹੋਰ ਸਿੱਧਾ ਜਾਂ ਅਸਿੱਧੇ ਤੌਰ 'ਤੇ ਜੁੜਿਆ ਨਿਕਲਦਾ ਹੈ ਤਾਂ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।