ਗੁਰੂਗ੍ਰਾਮ, 30 ਨਵੰਬਰ: ਗੁਰੂਗ੍ਰਾਮ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਮੰਗਲਵਾਰ ਨੂੰ ਸੋਹਾਣਾ ਦੀ ਦਮਦਮਾ ਝੀਲ ਨੇੜੇ ਗਾਇਕ ਦਲੇਰ ਮਹਿੰਦੀ ਦੇ ਫਾਰਮ ਹਾਊਸ ਨੂੰ ਸੀਲ ਕਰ ਦਿੱਤਾ। ਜਾਣਕਾਰੀ ਮੁਤਾਬਕ ਦਲੇਰ ਮਹਿੰਦੀ ਸਮੇਤ 3 ਲੋਕਾਂ ਦੇ ਫਾਰਮ ਹਾਊਸ ਨੂੰ ਸੀਲ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰੂਗ੍ਰਾਮ ਦੇ ਨਗਰ ਯੋਜਨਾ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਦਲੇਰ ਮਹਿੰਦੀ ਸਮੇਤ ਇਹ ਤਿੰਨੇ ਫਾਰਮ ਹਾਊਸ ਅਣਅਧਿਕਾਰਤ ਸਨ। ਇਹ ਬਿਨਾ ਇਜਾਜ਼ਤ ਤੋਂ ਝੀਲ ਦੇ ਕੈਚਮੈਂਟ ਖੇਤਰ ਵਿੱਚ ਬਣਾਏ ਗਏ ਸਨ ਜਿਸ ਕਰਕੇ ਇਨ੍ਹਾਂ ਫਾਰਮ ਹਾਊਸਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਇਹ ਫਾਰਮ ਹਾਊਸ ਅਰਾਵਲੀ ਰੇਂਜ ਨੇੜੇ ਬਿਨਾਂ ਕਿਸੇ ਪ੍ਰਸ਼ਾਸਨਿਕ ਇਜਾਜ਼ਤ ਦੇ ਬਣਾਏ ਗਏ ਸਨ।ਸੋਨੀਆ ਘੋਸ਼ ਬਨਾਮ ਹਰਿਆਣਾ ਰਾਜ ਦੇ ਇੱਕ ਮਾਮਲੇ ਵਿੱਚ ਐਨ.ਜੀ.ਟੀ. ਦੇ ਹੁਕਮਾਂ ’ਤੇ ਪੁਲਿਸ ਦੀ ਮਦਦ ਨਾਲ ਇਨ੍ਹਾਂ ਤਿੰਨਾਂ ਫਾਰਮ ਹਾਊਸਾਂ 'ਤੇ ਛਾਪੇਮਾਰੀ ਕੀਤੀ ਗਈ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਗਾਇਕ ਦਲੇਰ ਮਹਿੰਦੀ ਦਾ ਇਹ ਫਾਰਮ ਹਾਊਸ ਕਰੀਬ ਡੇਢ ਏਕੜ ਰਕਬੇ ਵਿੱਚ ਬਣਿਆ ਹੋਇਆ ਸੀ।