ਭਾਰਤ ਮਾਲਾ ਪ੍ਰਾਜੈਕਟ : ਬਠਿੰਡਾ ਦੇ ਦੁਨੇਵਾਲਾ 'ਚ ਕਿਸਾਨ ਤੇ ਪੁਲਿਸ ਹੋਈ ਆਹਮੋ-ਸਾਹਮਣੇ, ਕਈ ਕਿਸਾਨ ਤੇ ਪੁਲਿਸ ਮੁਲਾਜ਼ਮ ਹੋਏ ਜ਼ਖਮੀ
Bathinda News : ਕੇਂਦਰ ਸਰਕਾਰ ਦੇ 'ਭਾਰਤ ਮਾਲਾ ਪ੍ਰਾਜੈਕਟ' ਨੂੰ ਲੈ ਕੇ ਬਠਿੰਡਾ ਦੇ ਪਿੰਡ ਦੁਨੇਵਾਲਾ 'ਚ ਪੁਲਿਸ ਅਤੇ ਕਿਸਾਨਾਂ ਵਿਚਾਲੇ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ। ਬੀਤੇ ਦਿਨ ਪ੍ਰਸ਼ਾਸਨ ਵੱਲੋਂ ਪੁਲਿਸ ਦੀ ਅਗਵਾਈ 'ਚ ਪ੍ਰਸ਼ਾਸਨ ਵੱਲੋਂ ਪਿੰਡ ਦੀ ਜ਼ਮੀਨ ਨੂੰ ਕਬਜ਼ੇ 'ਚ ਲੈਣ ਕਾਰਨ ਕਿਸਾਨਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਦੇ ਵਿਰੋਧ 'ਚ ਕਿਸਾਨਾਂ ਵੱਲੋਂ ਸ਼ੁੱਕਰਵਾਰ ਵੱਡਾ ਇਕੱਠ ਕਰਕੇ ਜ਼ਮੀਨ ਛੁਡਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ, ਜਿਸ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਸਖਤ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ।
ਜਾਣਕਾਰੀ ਅਨੁਸਾਰ ਬੀਤੇ ਦਿਨ ਕਿਸਾਨ ਆਗੂਆਂ ਵੱਲੋਂ ਪੰਜਾਬ ਭਰ ਤੋਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਅਤੇ ਵਰਕਰਾਂ ਨੂੰ ਪੁੱਜਣ ਦੀ ਅਪੀਲ ਕੀਤੀ ਗਈ ਸੀ, ਜਿਸ 'ਤੇ ਵੱਡੀ ਗਿਣਤੀ 'ਚ ਕਿਸਾਨ ਪਹੁੰਚ ਗਏ ਹਨ ਅਤੇ ਜ਼ਮੀਨ ਤੋਂ ਕਬਜ਼ਾ ਹਟਾਉਣ ਲਈ ਅੱਗੇ ਵਧਣ ਲੱਗੇ ਹਨ। ਇਸ ਦੌਰਾਨ ਪੁਲਿਸ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਦੌਰਾਨ ਦੋਵਾਂ ਪਾਸਿਆਂਂ ਤੋਂ ਧੱਕਾ-ਮੁੱਕੀ ਸ਼ੁਰੂ ਹੋ ਗਈ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨਾਂ ਵੱਲੋਂ ਆਪਣੀ ਜਮੀਨ ਦਾ ਪੂਰਾ ਮੁਆਵਜ਼ਾ ਲੈਣ ਲਈ ਸੰਘਰਸ਼ ਕੀਤਾ ਜਾ ਰਿਹਾ, ਪਰ ਉਨ੍ਹਾਂ ਨੂੰ ਅਜੇ ਤੱਕ ਬਣਦਾ ਮੁਆਵਜ਼ਾ ਨਹੀਂ ਦਿੱਤਾ ਗਿਆ। ਦੂਜੇ ਪਾਸੇ ਪ੍ਰਸ਼ਾਸਨਿਕ ਅਧਿਕਾਰੀਆਂ ਮੁਤਾਬਕ ਸਾਰੇ ਕਿਸਾਨਾਂ ਨੂੰ ਮੁਆਵਜ਼ਾ ਦੇ ਦਿੱਤਾ ਗਿਆ।
ਪੁਲਿਸ ਨੇ ਕੰਪਨੀਆਂ ਕੀਤੀਆਂ ਤੈਨਾਤ, ਥਾਂ-ਥਾਂ ਲਾਏ ਨਾਕੇ
ਕਿਸਾਨਾਂ ਵੱਲੋਂ ਇਕੱਠ ਕਰਕੇ ਕਬਜ਼ਾ ਛੁਡਾਉਣ ਦੀ ਕੋਸ਼ਿਸ਼ ਦੇ ਮੱਦੇਨਜ਼ਰ ਪੁਲਿਸ ਵੱਲੋਂ ਵੀ ਭਾਰੀ ਪ੍ਰਬੰਧ ਕੀਤੇ ਹੋਏ ਹਨ। ਕਿਸੇ ਅਣਸੁਖਾਵੀਂ ਘਟਨਾ ਦੇ ਮੱਦੇਨਜ਼ਰ ਪੁਲਿਸ ਨੇ ਵੱਡੀ ਗਿਣਤੀ ਵਿੱਚ ਕੰਪਨੀਆਂ ਤੈਨਾਤ ਕੀਤੀਆਂ ਹੋਈਆਂ ਹਨ ਅਤੇ ਥਾਂ-ਥਾਂ 'ਤੇ ਨਾਕੇ ਲਾ ਕੇ ਪੁਲਿਸ ਵੱਲੋਂ ਬੈਰੀਕੇਡਿੰਗ ਕੀਤੀ ਹੋਈ ਹੈ ਅਤੇ ਪਿੰਡ ਵੱਲ ਕਿਸੇ ਵੀ ਕਿਸਾਨ ਨੂੰ ਵੀ ਜਾਣ ਨਹੀਂ ਦਿੱਤਾ ਜਾ ਰਿਹਾ। ਮੌਕੇ 'ਤੇ ਏਡੀਸੀ ਸਮੇਤ ਪੁਲਿਸ ਦੇ ਉਚ ਅਧਿਕਾਰੀ ਵੀ ਹਾਜ਼ਰ ਹਨ ਅਤੇ ਪੂਰੀ ਸਥਿਤੀ ਦਾ ਜਾਇਜ਼ਾ ਲਿਆ ਜਾ ਰਿਹਾ ਹੈ।
ਬਠਿੰਡਾ 'ਚ ਚੱਪੇ-ਚੱਪੇ 'ਤੇ ਪੁਲਿਸ
ਬਠਿੰਡਾ ਦੇ ਘਨਈਆ ਚੌਂਕ ਵਿੱਚ ਬਾਹਰੋਂ ਆ ਰਹੇ ਕਿਸਾਨਾਂ ਨੂੰ ਰੋਕਿਆ ਜਾ ਰਿਹਾ ਹੈ। ਇਸ ਮੌਕੇ ਕਿਸਾਨਾਂ ਨੇ ਪੁਲਿਸ ਪ੍ਰਸ਼ਾਸਨ ਤੇ ਧੱਕੇਸ਼ਾਹੀ ਦੇ ਵੀ ਆਰੋਪ ਲਾਏ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਉਹ ਆਪਣੀ ਮੀਟਿੰਗ ਵਿੱਚ ਜਾ ਰਹੇ ਸੀ ਪਰ ਪੁਲਿਸ ਵੱਲੋਂ ਉਹਨਾਂ ਨੂੰ ਜਬਰੀ ਰੋਕਿਆ ਜਾ ਰਿਹਾ ਹੈ।
ਦੂਜੇ ਪਾਸੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਾਨੂੰਨ ਵਿਵਸਥਾ ਨੂੰ ਦੇਖਦੇ ਹੋਏ ਕੀਤੀ ਗਈ ਹੈ ਨਾਕਾਬੰਦੀ ਕਿਸੇ ਨੂੰ ਨਜਾਇਜ਼ ਪਰੇਸ਼ਾਨ ਨਹੀਂ ਕੀਤਾ ਜਾ ਰਿਹਾ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਬਠਿੰਡਾ ਪੁਲਿਸ ਪ੍ਰਸ਼ਾਸਨ ਵੱਲੋਂ ਸੂਬੇ ਭਰ ਦੇ ਵਿੱਚੋਂ ਪੁਲਿਸ ਫੋਰਸ ਬੁਲਾ ਕੇ ਪਿੰਡ ਦੁਨੇਵਾਲਾ 'ਚ ਭਾਰਤ ਮਾਲਾ ਪ੍ਰੋਜੈਕਟ ਤਹਿਤ ਜ਼ਮੀਨ ਐਕਵਾਇਰ ਕੀਤੀ ਗਈ ਸੀ। ਐਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਸੀ ਕਿ ਪ੍ਰੋਜੈਕਟ ਅਧੀਨ ਬਠਿੰਡਾ ਦੇ ਪਿੰਡ ਦੁਨੇਵਾਲ, ਸੰਗਤ ਕਲਾਂ ਅਤੇ ਸ਼ੇਰਗੜ੍ਹ ਪਿੰਡ ਦੀ ਐਕਵਾਇਰ ਕੀਤੀ ਗਈ ਜ਼ਮੀਨ ਦਾ ਕਬਜ਼ਾ ਲਿਆ ਗਿਆ ਸੀ।
- PTC NEWS