Bharat Mala Project : ਬਠਿੰਡਾ 'ਚ ਦਰਜਨ ਕਿਸਾਨ ਲੀਡਰਾਂ ਸਮੇਤ 250 ਤੋਂ ਵੱਧ ਕਿਸਾਨਾਂ 'ਤੇ ਪਰਚੇ, ਜ਼ਮੀਨ 'ਤੇ ਕਬਜ਼ੇ ਲਈ ਰੇੜਕਾ ਜਾਰੀ
Bathinda News : ਬਠਿੰਡਾ ਦੇ ਪਿੰਡ ਦੁਨੇਵਾਲਾ 'ਚ ਭਾਰਤ ਮਾਲਾ ਪ੍ਰਾਜੈਕਟ ਹੁਣ ਭਾਰਤ ਮਾਲਾ ਵਿਵਾਦ ਬਣ ਗਿਆ ਹੈ। ਪਿੰਡ ਦੁਨੇਵਾਲਾ 'ਚ ਜ਼ਮੀਨ 'ਤੇ ਕਬਜ਼ੇ ਨੂੰ ਲੈ ਕੇ ਦੋਵੇਂ ਧਿਰਾਂ ਪੰਜਾਬ ਪੁਲਿਸ ਤੇ ਕਿਸਾਨਾਂ ਵਿਚਾਲੇ ਰੇੜਕਾ ਜਾਰੀ ਹੈ। ਦੋਵੇਂ ਧਿਰਾਂ ਜ਼ਮੀਨ 'ਤੇ ਕਬਜ਼ੇ ਨੂੰ ਲੈ ਕੇ ਬਜਿੱਦ ਹਨ, ਜਿਥੇ ਕਿਸਾਨ ਬੀਤੇ ਦਿਨ ਝੜਪ ਤੋਂ ਬਾਅਦ ਵੀ ਡੱਟੇ ਡਟੇ ਹੋਏ ਹਨ, ਉਥੇ ਹੀ ਪੁਲਿਸ ਫੋਰਸ ਵੀ ਵੱਡੀ ਤਾਦਾਦ ਵਿੱਚ ਪੂਰੀ ਤਰ੍ਹਾਂ ਤਿਆਰ ਖੜੀ ਹੋਈ ਹੈ। ਹਾਲਾਂਕਿ ਖ਼ਬਰ ਇਹ ਵੀ ਹੈ ਕਿ ਬੀਤੇ ਦਿਨ ਝੜਪ ਤੋਂ ਬਾਅਦ ਅੱਜ ਕਿਸਾਨਾਂ ਅਤੇ ਪ੍ਰਸ਼ਾਸਨ ਵਿੱਚ ਮਸਲੇ ਦੇ ਹੱਲ ਲਈ ਮੀਟਿੰਗ ਵੀ ਹੋ ਸਕਦੀ ਹੈ।
ਦੱਸ ਦਈਏ ਕਿ ਬੀਤੇ ਦਿਨ ਪਿੰਡ ਦੁਨੇਵਾਲਾ 'ਚ ਕਿਸਾਨ ਜ਼ਮੀਨ ਦੇ ਸਹੀ ਭਾਅ ਦੀ ਮੰਗ ਕਰ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਦੂਜੇ ਕਿਸਾਨਾਂ ਵਾਂਗ ਹੀ ਇਨ੍ਹਾਂ ਕਿਸਾਨਾਂ ਨੂੰ ਵੀ ਜ਼ਮੀਨ ਦਾ ਮੁੱਲ ਮਿਲਣਾ ਚਾਹੀਦਾ ਹੈ। ਪਰ ਪ੍ਰਸ਼ਾਸਨ ਵੱਲੋਂ ਪੁਲਿਸ ਦੀ ਅਗਵਾਈ 'ਚ ਪਿੰਡ 'ਚ ਜ਼ਮੀਨ ਅਕਵਾਇਰ ਕਰ ਲਈ ਗਈ ਸੀ, ਜਿਸ 'ਤੇ ਕਿਸਾਨਾਂ ਵੱਲੋਂ ਪਿੰਡ 'ਚ ਇਕੱਠੇ ਹੋ ਕੇ ਰੋਸ ਕੀਤਾ ਗਿਆ। ਇਸ ਦੌਰਾਨ ਕਿਸਾਨਾਂ ਅਤੇ ਪੁਲਿਸ ਵਿਚਾਲੇ ਤਿੱਖੀ ਝੜਪ ਹੋਈ, ਜਿਸ ਦੌਰਾਨ ਕਈ ਕਿਸਾਨ ਅਤੇ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਏ।
ਕਿਸਾਨ ਲੀਡਰਾਂ ਸਮੇਤ 250 ਤੋਂ ਵੱਧ ਕਿਸਾਨਾਂ 'ਤੇ ਪਰਚੇ
ਪੁਲਿਸ ਤੇ ਕਿਸਾਨਾਂ ਵਿਚਾਲੇ ਝੜਪ ਉਪਰੰਤ ਸ਼ਨੀਵਾਰ ਜ਼ਖਮੀ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀ ਦੇ ਬਿਆਨਾਂ ਦੇ ਆਧਾਰ ਤੇ ਇੱਕ ਦਰਜਨ ਕਿਸਾਨ ਆਗੂਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਬਠਿੰਡਾ ਦੇ ਥਾਣਾ ਸੰਗਤ ਮੰਡੀ ਵਿਖੇ ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਝੰਡਾ ਸਿੰਘ ਜੇਠੂਕੇ, ਸ਼ਿੰਗਾਰਾ ਸਿੰਘ ਮਾਨ, ਹਰਜਿੰਦਰ ਸਿੰਘ ਬੱਗੀ, ਹਰਜਿੰਦਰ ਸਿੰਘ ਘਰਾਚੋਂ ਅਤੇ ਅਜੇਪਾਲ ਘੁੱਦਾ ਸਣੇ 250 ਤੋਂ 300 ਕਿਸਾਨਾਂ ਖਿਲਾਫ ਪੁਲਿਸ ਨੇ ਪਰਚੇ ਦਰਜ ਕੀਤੇ ਹਨ।
ਮਸਲੇ ਦੇ ਹੱਲ ਲਈ ਹੋ ਸਕਦੀ ਹੈ ਮੀਟਿੰਗ, ਕਿਸਾਨਾਂ ਦੇ ਐਲਾਨ 'ਤੇ ਪੁਲਿਸ ਨੇ ਵੀ ਸੱਦੀ ਹੋਰ ਫੋਰਸ
ਹਾਲਾਂਕਿ, ਖ਼ਬਰ ਹੈ ਕਿ ਬੀਤੇ ਦਿਨ ਦੀ ਤਿੱਖੀ ਝੜਪ ਤੋਂ ਬਾਅਦ ਪ੍ਰਸ਼ਾਸਨ ਅਤੇ ਕਿਸਾਨਾਂ ਵਿਚਾਲੇ ਮਸਲੇ ਦੇ ਹੱਲ ਲਈ ਮੀਟਿੰਗ ਹੋ ਸਕਦੀ ਹੈ। ਪਰ ਕਿਸਾਨਾਂ 'ਚ ਪੁਲਿਸ ਵੱਲੋਂ ਲਾਠੀਚਾਰਜ ਅਤੇ ਹੰਝੂ ਗੈਸ ਦੇ ਗੋਲੇ ਛੱਡਣ ਤੇ ਪਰਚੇ ਦਰਜ ਕਰਨ ਨੂੰ ਲੈ ਕੇ ਤਿੱਖਾ ਰੋਹ ਪਾਇਆ ਜਾ ਰਿਹਾ ਹੈ। ਇਸੇ ਦੇ ਮੱਦੇਨਜ਼ਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਅੱਜ ਮੁੜ ਵੱਡਾ ਇਕੱਠ ਕਰਕੇ ਨਿਸ਼ਚਿਤ ਥਾਂ 'ਤੇ ਪਹੁੰਚਣ ਦਾ ਐਲਾਨ ਵੀ ਕੀਤਾ ਗਿਆ ਹੈ।
ਉਧਰ, ਕਿਸਾਨਾਂ ਦੇ ਐਲਾਨ ਤੋਂ ਬਾਅਦ ਪੁਲਿਸ ਨੇ ਕੀਤੇ ਵੀ ਸਖਤ ਸੁਰੱਖਿਆ ਪ੍ਰਬੰਧ ਸ਼ੁਰੂ ਕਰ ਦਿੱਤੇ ਹਨ ਅਤੇ ਕਿਸਾਨਾਂ ਨੂੰ ਰੋਕਣ ਲਈ ਹੋਰਨਾਂ ਜ਼ਿਲ੍ਹਿਆਂ ਤੋਂ ਵੀ ਭਾਰੀ ਫੋਰਸ ਸੱਦੀ ਗਈ ਹੈ।
- PTC NEWS