Ludhiana West ByElection : ਆਸ਼ੂ ਹੋਣਗੇ ਲੁਧਿਆਣਾ ਉਪ ਚੋਣ ਲਈ ਕਾਂਗਰਸ ਦੇ ਉਮੀਦਵਾਰ ? ਰਾਹੁਲ ਗਾਂਧੀ ਨਾਲ ਮੁਲਾਕਾਤ ਕਰਕੇ ਦਿੱਤੇ ਸੰਕੇਤ
Ludhiana West ByElection : ਲੁਧਿਆਣਾ ਪੱਛਮੀ ਹਲਕੇ ਦੀ ਜ਼ਿਮਨੀ ਚੋਣ ਦੀਆਂ ਤਰੀਕਾਂ ਦਾ ਐਲਾਨ ਤਾਂ ਭਾਵੇਂ ਅਜੇ ਨਹੀਂ ਹੋਇਆ ਹੈ, ਪਰ ਮੈਦਾਨ ਭਖਦਾ ਜਾ ਰਿਹਾ ਹੈ। ਲੁਧਿਆਣਾ ਚੋਣ ਦੀ ਜਿੱਤ ਨੂੰ ਲੈ ਕੇ ਅਜੇ ਤੱਕ ਸਿਰਫ਼ ਆਮ ਆਦਮੀ ਪਾਰਟੀ ਵੱਲੋਂ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਉਮੀਦਵਾਰ ਵੱਜੋਂ ਐਲਾਨ ਕੀਤਾ ਗਿਆ ਹੈ, ਜਦਕਿ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੇ ਕਿਸੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ। ਪਰ ਹੁਣ ਕਾਂਗਰਸ ਵੱਲੋਂ ਭਾਰਤ ਭੂਸ਼ਣ ਆਸ਼ੂ ਨੇ ਅਜਿਹੇ ਸੰਕੇਤ ਦਿੱਤੇ ਹਨ ਕਿ ਉਹ ਲੁਧਿਆਣਾ ਪੱਛਮੀ ਤੋਂ ਪਾਰਟੀ ਉਮੀਦਵਾਰ ਹੋ ਸਕਦੇ ਹਨ ?
ਭਾਰਤ ਭੂਸ਼ਨ ਆਸ਼ੂ ਨੇ ਦਿੱਲੀ ਵਿਖੇ ਰਾਹੁਲ ਗਾਂਧੀ ਨਾਲ ਮੁਲਾਕਾਤ ਪਿੱਛੋਂ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ਫੇਸਬੁੱਕ 'ਤੇ ਮੁਲਾਕਾਤ ਦਾ ਵੇਰਵਾ ਪਾਇਆ ਹੈ, ਜਿਸ ਨਾਲ ਉਨ੍ਹਾਂ ਨੇ ਇਹ ਸੰਕੇਤ ਦਿੱਤੇ ਹਨ...
ਉਨ੍ਹਾਂ ਆਪਣੀ ਪੋਸਟ 'ਚ ਲਿਖਿਆ, ''ਤਬਦੀਲੀ ਦੀਆਂ ਹਵਾਵਾਂ ਪੱਛਮ—ਲੁਧਿਆਣਾ ਪੱਛਮ—ਤੋਂ ਵਗਣਾ ਸ਼ੁਰੂ ਹੋ ਜਾਣਗੀਆਂ ਅਤੇ 2027 ਤੱਕ ਪੂਰੇ ਪੰਜਾਬ ਵਿੱਚ ਤੂਫਾਨ ਆਉਣਗੀਆਂ! ਕਾਂਗਰਸ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਜ਼ਬੂਤੀ ਨਾਲ ਵਾਪਸ ਆ ਰਹੀ ਹੈ। ਅੱਜ ਨਵੀਂ ਦਿੱਲੀ ਵਿੱਚ ਆਪਣੇ ਨੇਤਾ ਅਤੇ ਸਲਾਹਕਾਰ, ਰਾਹੁਲ ਗਾਂਧੀ ਜੀ ਨੂੰ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ। ਉਨ੍ਹਾਂ ਨਾਲ ਹਰ ਗੱਲਬਾਤ ਪ੍ਰੇਰਨਾਦਾਇਕ ਹੈ, ਸੱਚਾਈ ਅਤੇ ਨਿਆਂ ਪ੍ਰਤੀ ਉਨ੍ਹਾਂ ਦੀ ਅਟੁੱਟ ਵਚਨਬੱਧਤਾ ਨਾਲ ਭਰੀ ਹੋਈ ਹੈ। ਮੈਂ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਕਾਂਗਰਸ ਹੁਣ ਤੋਂ ਇੱਕਜੁੱਟ, ਦ੍ਰਿੜ ਅਤੇ ਹਰ ਚੋਣ ਜਿੱਤਣ ਲਈ ਤਿਆਰ ਹੈ।''
''ਉਨ੍ਹਾਂ ਦਾ (ਰਾਹੁਲ ਗਾਂਧੀ) ਨਿਰੰਤਰ ਸਮਰਥਨ ਅਤੇ ਮਾਰਗਦਰਸ਼ਨ ਮੇਰੇ ਲਈ ਦੁਨੀਆ ਦਾ ਅਰਥ ਰੱਖਦਾ ਹੈ, ਅਤੇ ਮੈਂ ਉਨ੍ਹਾਂ ਦੇ ਮੇਰੇ ਵਿੱਚ ਵਿਸ਼ਵਾਸ ਅਤੇ ਪੰਜਾਬ ਲਈ ਸਾਡੇ ਮਿਸ਼ਨ ਲਈ ਬਹੁਤ ਧੰਨਵਾਦੀ ਹਾਂ। ਤਬਦੀਲੀ ਸ਼ੁਰੂ ਹੋ ਗਈ ਹੈ!''
10 ਜੁਲਾਈ ਤੋਂ ਪਹਿਲਾਂ ਕਰਵਾਈ ਜਾਣੀ ਹੈ ਚੋਣ
ਦੱਸ ਦਈਏ ਕਿ ਲੁਧਿਆਣਾ ਪੱਛਮੀ ਵਿਧਾਨ ਸਭਾ ਤੋਂ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਦਾ ਪਿਛਲੇ ਦਿਨੀ ਦਿਹਾਂਤ ਹੋ ਗਿਆ ਸੀ, ਜਿਸ ਪਿੱਛੋਂ 11 ਜਨਵਰੀ ਤੋਂ ਇਹ ਵਿਧਾਨ ਸਭਾ ਖਾਲੀ ਹੈ।
ਚੋਣਾਂ ਨੂੰ ਲੈ ਕੇ ਅਜੇ ਸਿਰਫ਼ ਪੰਜਾਬ ਵਿਧਾਨ ਸਭਾ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ, ਜਿਸ ਤਹਿਤ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੀ ਚੋਣ 6 ਮਹੀਨਿਆਂ 'ਚ 10 ਜੁਲਾਈ ਤੋਂ ਪਹਿਲਾਂ ਮੁੜ ਕਰਵਾਈ ਜਾਣੀ ਹੈ।
- PTC NEWS