ਕਾਂਗਰਸ ਦੇ ਸਾਬਕਾ ਮੰਤਰੀ ਦੇ ਵਿਵਾਦਿਤ ਬਿਆਨ ਮਗਰੋਂ ਭਖੀ ਸਿਆਸਤ
ਨਵੀਂ ਦਿੱਲੀ : ਕਾਂਗਰਸੀ ਆਗੂ ਤੇ ਸਾਬਕਾ ਮੰਤਰੀ ਰਾਜਾ ਪਟੇਰੀਆ ਨੇ 'ਪ੍ਰਧਾਨ ਮੰਤਰੀ ਨੂੰ ਮਾਰਨ' ਦੀ ਗੱਲ ਕਰਕੇ ਨਵਾਂ ਵਿਵਾਦ ਛੇੜ ਦਿੱਤਾ ਹੈ। ਇਹ ਕਹਿ ਕੇ ਉਹ ਭਾਜਪਾ ਆਗੂਆਂ ਦੇ ਨਿਸ਼ਾਨੇ ਉਤੇ ਆ ਗਏ ਹਨ। ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਵਿਵਾਦ ਵਧਣ ਉਤੇ ਰਾਜਾ ਪਟੇਰੀਆ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਹੱਤਿਆ ਦੀ ਗੱਲ ਨਹੀਂ ਕੀਤੀ ਸੀ, ਸਗੋਂ ਅਗਲੀਆਂ ਚੋਣਾਂ ਵਿਚ ਮੋਦੀ ਨੂੰ ਹਰਾਉਣ ਦੀ ਗੱਲ ਕੀਤੀ ਸੀ। ਇਸ ਮਾਮਲੇ ਵਿਚ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਪੁਲਿਸ ਨੂੰ ਉਸ ਖਿਲਾਫ਼ ਐੱਫ.ਆਈ.ਆਰ ਦਰਜ ਕਰਨ ਦੇ ਹੁਕਮ ਦਿੱਤੇ ਹਨ।
ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਦੇ ਹੁਕਮਾਂ ਮਗਰੋਂ ਰਾਜਾ ਪਟੇਰੀਆ ਉਪਰ ਐੱਫ.ਆਈ.ਆਰ ਕਰ ਲਈ ਗਈ। ਪਟੇਰੀਆ ਖਿਲਾਫ਼ ਪੰਨਾ ਦੇ ਪੋਵਈ ਥਾਣੇ 'ਚ ਮਾਮਲਾ ਦਰਜ ਕੀਤਾ ਗਿਆ ਹੈ। ਰਾਜਾ ਪਟੇਰੀਆ ਨੇ ਪੰਨਾ ਵਿੱਚ ਕਾਂਗਰਸ ਦੇ ਇਕ ਸਿਆਸੀ ਪ੍ਰੋਗਰਾਮ ਵਿੱਚ ਵਰਕਰਾਂ ਨਾਲ ਗੱਲਬਾਤ ਦੌਰਾਨ ਵਿਵਾਦਿਤ ਬਿਆਨ ਦਿੱਤਾ। ਵਾਇਰਲ ਵੀਡੀਓ ਮੁਤਾਬਕ ਉਹ ਕਹਿ ਰਹੇ ਹਨ ਕਿ 'ਮੋਦੀ ਚੋਣ ਖ਼ਤਮ ਕਰ ਦੇਣਗੇ'। ਮੋਦੀ ਧਰਮ, ਜਾਤ, ਭਾਸ਼ਾ ਦੇ ਆਧਾਰ ਉਤੇ ਲੋਕਾਂ ਨੂੰ ਵੰਡ ਦੇਣਗੇ। ਦਲਿਤਾਂ, ਆਦਿਵਾਸੀਆਂ ਅਤੇ ਘੱਟ-ਗਿਣਤੀਆਂ ਨੂੰ ਬਹੁਤ ਖ਼ਤਰਾ ਹੈ। ਜੇ ਤੁਸੀਂ ਸੰਵਿਧਾਨ ਨੂੰ ਬਚਾਉਣਾ ਚਾਹੁੰਦੇ ਹੋ ਤਾਂ ਮੋਦੀ ਨੂੰ ਮਾਰਨ ਲਈ ਤਤਪਰ ਰਹੋ.. ਹੱਤਿਆ “ਇਨ ਦਾ ਸੈਂਸ” ਹਰਾਉਣ ਦਾ ਕੰਮ।
ਇਹ ਵੀ ਪੜ੍ਹੋ : ਗਾਣੇ ਲਗਾਉਣ ਨੂੰ ਲੈ ਕੇ ਹੋਈ ਬਹਿਸ ਪਿੱਛੋਂ ਚੱਲੀ ਗੋਲ਼ੀ 'ਚ ਫਾਇਨਾਂਸ ਕੰਪਨੀ ਦਾ ਮਾਲਕ ਜ਼ਖ਼ਮੀ
ਦੂਜੇ ਪਾਸੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਕਾਂਗਰਸੀ ਆਗੂ ਤੇ ਸਾਬਕਾ ਮੰਤਰੀ ਰਾਜਾ ਪਟੇਰੀਆ ਨੇ ਟਵਿੱਟਰ ਉਤੇ ਵੀਡੀਓ ਜਾਰੀ ਕਰਦੇ ਹੋਏ ਸਪੱਸ਼ਟ ਕੀਤਾ ਕਿ, ਅਸੀਂ ਮਹਾਤਮਾ ਗਾਂਧੀ ਨੂੰ ਮੰਨਣ ਵਾਲੇ ਲੋਕ ਹਾਂ। ਉਨ੍ਹਾਂ ਦਾ ਇਰਾਦਾ ਪ੍ਰਧਾਨ ਮੰਤਰੀ ਨੂੰ ਸਿਆਸੀ ਜੰਗ ਦੇ ਮੈਦਾਨ ਵਿਚ ਹਰਾਉਣ ਦਾ ਸੀ। ਉਨ੍ਹਾਂ ਕਿਹਾ ਕਿ ਵੀਡੀਓ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ। ਭਾਜਪਾ ਦੇ ਕਈ ਆਗੂਆਂ ਨੇ ਪਟੇਰੀਆ ਦੇ ਇਸ ਬਿਆਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਅਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ।
- PTC NEWS