'ਵਾਰਿਸ ਪੰਜਾਬ ਦੇ' ਮੁਖੀ ਭਾਈ ਅੰਮ੍ਰਿਤਪਾਲ ਸਿੰਘ ਤੇ ਕਿਰਨਦੀਪ ਕੌਰ ਵਿਆਹ ਦੇ ਬੰਧਨ ਬੱਝੇ
ਰਈਆਂ : 'ਵਾਰਿਸ ਪੰਜਾਬ ਦੇ' ਸੰਸਥਾ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਤੇ ਕਿਰਨਦੀਪ ਕੌਰ ਅੱਜ ਵਿਆਹ ਦੇ ਬੰਧਨ ਵਿਚ ਬੱਝੇ। ਵਿਆਹ ਦੀਆਂ ਰਸਮਾਂ ਅੰਮ੍ਰਿਤਸਰ ਦੇ ਕਸਬਾ ਰਈਆਂ ਕੋਲ ਭਾਈ ਅੰਮ੍ਰਿਤਪਾਲ ਸਿੰਘ ਦੇ ਜੱਦੀ ਪਿੰਡ ਜੱਲੂਪੁਰ ਖੇੜਾ ਦੇ ਗੁਰੂਘਰ ਵਿਚ ਹੋਈਆਂ। ਵਿਆਹ ਸਮਾਗਮ ਬੇਹੱਦ ਗੁਪਤ ਢੰਗ ਅਤੇ ਸਿੱਖ ਮਰਿਆਦਾ ਅਨੁਸਾਰ ਹੋਇਆ।
ਵਿਆਹ ਵਿਚ ਦੋਵੇਂ ਜਣਿਆਂ ਦਾ ਪਰਿਵਾਰਕ ਮੈਂਬਰ ਤੇ ਨਜ਼ਦੀਕੀ ਰਿਸ਼ਤੇਦਾਰ ਹੀ ਮੌਜੂਦ ਸਨ। ਆਨੰਦ ਕਾਰਜ ਲਈ ਸਭ ਤੋਂ ਪਹਿਲਾ ਸਥਾਨ ਫਤਿਹਪੁਰ ਦੋਨਾਂ, ਜਲੰਧਰ ਵਿਖੇ ਸਥਿਤ ਛੇਵੀਂ ਪਾਤਸ਼ਾਹੀ ਸ੍ਰੀ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰੂਘਰ ਨਿਸ਼ਚਿਤ ਕੀਤਾ ਗਿਆ ਸੀ। ਪਰ ਆਖਰੀ ਸਮੇਂ 'ਤੇ ਵਿਆਹ ਦਾ ਸਥਾਨ ਬਦਲ ਦਿੱਤਾ ਗਿਆ।
ਇੰਗਲੈਂਡ ਤੋਂ ਆਈ ਕਿਰਨਦੀਪ ਅਤੇ ਉਸਦਾ ਪਰਿਵਾਰ ਸਵੇਰੇ ਚਾਰ ਵਜੇ ਪਿੰਡ ਕੁਲਾਰਾਂ ਤੋਂ ਗੁਰੂਘਰ ਫਤਿਹਪੁਰ ਵੱਲ ਜਾਣ ਦੀ ਬਜਾਏ ਬਾਬਾ ਬਕਾਲਾ ਲਈ ਰਵਾਨਾ ਹੋ ਗਏ। ਦੋਵਾਂ ਦਾ ਵਿਆਹ ਅੱਜ ਬਾਬਾ ਬਕਾਲਾ ਨੇੜਲੇ ਪਿੰਡ ਜੱਲੂਪੁਰ ਖੇੜਾ ਦੇ ਗੁਰੂਘਰ ਵਿਖੇ ਹੋਇਆ। ਆਨੰਦ ਕਾਰਜ ਬਹੁਤ ਹੀ ਸਰਲ ਤਰੀਕੇ ਨਾਲ ਕੀਤਾ ਗਿਆ ਹੈ। ਗੁਰੂਘਰ ਵਿੱਚ ਕੋਈ ਵਿਸ਼ੇਸ਼ ਟੈਂਟ ਜਾਂ ਹੋਰ ਸਜਾਵਟ ਦਾ ਪ੍ਰਬੰਧ ਨਹੀਂ ਕੀਤਾ ਗਿਆ।
ਇਹ ਵੀ ਪੜ੍ਹੋ : ਹਾਈ ਕੋਰਟ ਵੱਲੋਂ ਇੰਡੋ-ਕੈਨੇਡੀਅਨ ਟਰਾਂਸਪੋਰਟ ਕੰਪਨੀ ਦੇ ਤਿੰਨ ਪਰਮਿਟ ਬਹਾਲ ਕਰਨ ਦੇ ਹੁਕਮ
ਜਾਣਕਾਰੀ ਅਨੁਸਾਰ ਕਿਰਨਦੀਪ ਕੌਰ ਜਲੰਧਰ ਦੇ ਪਿੰਡ ਕੁਲਾਰ ਦੀ ਰਹਿਣ ਵਾਲੀ ਹੈ ਅਤੇ ਹੁਣ ਉਹ ਵਿਦੇਸ਼ ਤੋਂ ਪੰਜਾਬ ਆਈ ਹੈ। ਫਿਲਹਾਲ ਲੜਕੀ ਦਾ ਪਿਤਾ ਪਿਆਰਾ ਸਿੰਘ ਤੇ ਪਰਿਵਾਰ ਇੰਗਲੈਂਡ 'ਚ ਸੈਟਲ ਹੈ। ਕਿਰਨਦੀਪ ਕੌਰ ਵਿਆਹ ਲਈ ਇੰਗਲੈਂਡ ਤੋਂ ਪੰਜਾਬ ਆਈ ਹੈ।
- PTC NEWS