ਭਾਈ ਅੰਮ੍ਰਿਤਪਾਲ ਦੇ ਮਾਤਾ ਜੀ ਵੱਲੋਂ ਨੌਜਵਾਨਾਂ ਨੂੰ ਬੇਨਤੀ; ਕਿਹਾ - ਹੁੰਮ ਹੁੰਮਾ ਕੇ ਪਹੁੰਚੋ ਸ੍ਰੀ ਅਨੰਦਪੁਰ ਸਾਹਿਬ
ਅੰਮ੍ਰਿਤਸਰ: ਡਿਬਰੂਗੜ੍ਹ ਦੀ ਜੇਲ੍ਹ 'ਚ ਬੰਦ 'ਵਾਰਿਸ ਪੰਜਾਬ ਦੇ' ਜੱਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਦੇ ਮਾਤਾ ਜੀ, ਬਲਵਿੰਦਰ ਕੌਰ ਜੀ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਨਤਮਸਤਕ ਹੋਣ ਮਗਰੋਂ ਪ੍ਰੈਸ ਦੇ ਰੂਬਰੂ ਹੋਏ। ਉਨ੍ਹਾਂ ਨੌਜਵਾਨਾਂ ਨੂੰ ਇਸ ਦੌਰਾਨ ਸੁਨੇਹਾ ਭੇਜਿਆ ਅਤੇ ਆਉਣ ਵਾਲੀ ਐਤਵਾਰ (19 ਨਵੰਬਰ) ਨੂੰ ਖਾਲਸਾ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਇਕੱਤਰ ਹੋਣ ਦੀ ਬੇਨਤੀ ਕੀਤੀ ਹੈ।
ਉਨ੍ਹਾਂ ਕਿਹਾ, "ਜੇਕਰ ਭਾਈ ਅੰਮ੍ਰਿਤਪਾਲ ਅਤੇ ਹੋਰ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣਾ ਤਾਂ ਗੁਰੂ ਘਰ ਅਰਦਾਸ ਕਰਨਾ ਹੀ ਇੱਕ ਮਾਤਰ ਰਾਹ ਹੈ, ਕਿਉਂਕਿ ਸੱਚੇ-ਪਾਤਸ਼ਾਹ ਦੇ ਦਰ ਕੀਤੀ ਹੋਈ ਅਰਦਾਸ ਨਾਲ ਹੀ ਹੁਣ ਬੰਦੀ ਸਿੰਘਾਂ ਨੂੰ ਰਿਹਾਅ ਕੀਤਾ ਜਾ ਸਕਦਾ ਹੈ।"
ਉਨ੍ਹਾਂ ਅੱਗੇ ਕਿਹਾ, "ਵੱਧ ਤੋਂ ਵੱਧ ਨੌਜਵਾਨ ਇਸ ਐਤਵਾਰ ਨੂੰ ਸ੍ਰੀ ਅਨੰਦਪੁਰ ਸਾਹਿਬ ਇਕੱਠੇ ਹੋਵੋ ਅਤੇ ਗੁਰੂ ਸਾਹਿਬ ਦੀ ਦਰਗਾਹੀ ਦਾਤ ਖੰਡੇ-ਬਾਟੇ ਦੀ ਪਾਹੁਲ ਗ੍ਰਹਿਣ ਕਰਨ ਉਪਰੰਤ ਸਿੰਘ ਸਾਜੋ ਅਤੇ ਨਸ਼ਿਆਂ ਤੋਂ ਤੌਬਾ ਕਰੋ।"
ਮਾਤਾ ਬਲਵਿੰਦਰ ਕੌਰ ਜੀ ਨੇ ਕਿਹਾ ਕਿ ਸਾਰੇ ਕਕਾਰ ਪਰਿਵਾਰ ਵੱਲੋਂ ਮੁਫ਼ਤ 'ਚ ਦਿੱਤੇ ਜਾਣਗੇ।
ਮਾਤਾ ਜੀ ਦਾ ਕਹਿਣਾ, "ਭਾਈ ਸਾਬ ਦਾ ਗ੍ਰਿਫ਼ਤਾਰੀ ਦੇਣ ਮੌਕੇ ਵੀ ਹੀ ਵਿਚਾਰ ਸੀ ਵੀ, ਅੰਮ੍ਰਿਤ ਛਕਾਉਣ ਦੀ ਲਹਿਰ ਰੁਕਣੀ ਨਹੀਂ ਚਾਹੀਦੀ। ਅਸੀਂ ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਰੰਭ ਕਰਕੇ ਸਾਰੇ ਤਖ਼ਤ ਸਾਹਿਬਾਨਾਂ 'ਤੇ ਪਹੁੰਚ ਵੀ ਅਰਦਾਸ ਸਮਾਗਮ ਕਰਵਾਵਾਂਗੇ ਅਤੇ ਹਰ ਥਾਂ 'ਤੇ ਖੰਡੇ -ਬਾਟੇ ਦੀ ਪਾਹੁਲ ਤਿਆਰ ਕਰਕੇ ਵੱਧ ਵੱਧ ਲੋਕਾਂ ਨੂੰ ਦਸਮ ਪਾਤਸ਼ਾਹ ਦੀ ਦਰਗਾਹੀ ਦਾਤ ਨਾਲ ਜੋੜਨ ਦੇ ਉਦਮ-ਉਪਰਾਲੇ ਕਰਾਂਗੇ।"
ਭਾਈ ਅੰਮ੍ਰਿਤਪਾਲ ਸਿੰਘ ਦੇ ਮਾਤਾ ਜੀ ਦਾ ਕਹਿਣਾ ਕਿ ਅੰਮ੍ਰਿਤ ਛੱਕ ਨੌਜਵਾਨ ਨਸ਼ੇ ਤੋਂ ਮੂੰਹ ਮੋੜ ਆਪਣੇ ਹੱਕਾਂ ਬਾਰੇ ਜਾਗਰੁੱਕ ਹੁੰਦੇ ਆ ਰਹੇ ਸੀ, ਜੋ ਕਿ ਸਰਕਾਰਾਂ ਤੋਂ ਜਰਿਆ ਨਹੀਂ ਗਿਆ, ਜਿਸ ਕਰਕੇ ਉਹ ਭਾਈ ਅੰਮ੍ਰਿਤਪਾਲ ਦੇ ਰਾਹ 'ਚ ਅੜੀਕਾ ਬਣੇ। ਉਨ੍ਹਾਂ ਅੱਗੇ ਕਿਹਾ ਕਿ ਜੋ ਵੀ ਵਾਹਿਗੁਰੂ ਦੇ ਭਾਣੇ 'ਚ ਹੈ, ਉਹ ਉਨ੍ਹਾਂ ਨੂੰ ਮਨਜ਼ੂਰ ਹੈ।
ਭਾਈ ਅੰਮ੍ਰਿਤਪਾਲ ਦੀ ਰਾਜਨੀਤੀ 'ਚ ਸ਼ਮੂਲੀਅਤ ਦੇ ਇੱਕ ਸਿਆਸਤਦਾਨ ਵੱਲੋਂ ਦਿੱਤੇ ਬਿਆਨ ਨੂੰ ਲੈਕੇ ਮਾਤਾ ਜੀ ਨੇ ਕਿਹਾ, "ਭਾਈ ਸਾਬ ਦਾ ਰਾਜਨੀਤੀ 'ਚ ਆਉਣ ਦਾ ਕੋਈ ਮੱਕਸਦ ਨਹੀਂ ਹੈ। ਉਨ੍ਹਾਂ ਦੇ 2 ਹੀ ਸੁਪਨੇ ਨੇ, ਇੱਕ ਨੌਜਵਾਨਾਂ ਨੂੰ ਨਸ਼ਿਆਂ ਤੋਂ ਛੁੱਟਕਾਰਾ ਦਿਵਾਉਣਾ ਅਤੇ ਦੂਜਾ ਖੰਡੇ-ਬਾਟੇ ਦੀ ਪਾਹੁਲ ਦਿਲਵਾ ਗੁਰੂ ਸਾਹਿਬ ਦੇ ਚਰਨਾਂ ਵਿੱਚ ਜੋੜਨਾ, ਇਸ ਤੋਂ ਇਲਾਵਾ ਉਨ੍ਹਾਂ ਦਾ ਹੋਰ ਕੋਈ ਮੰਤਵ ਨਹੀਂ ਹੈ।"
ਮਹਾਰਾਜਾ ਰਣਜੀਤ ਸਿੰਘ ਦੇ 'ਖਾਲਸਾ ਰਾਜ' ਦਾ ਉਦਾਹਰਣ ਦਿੰਦਿਆਂ ਉਨ੍ਹਾਂ ਕਿਹਾ ਕਿ ਖਾਲਸਾ ਰਾਜ ਵਿੱਚ ਤਾਂ ਸਾਰੇ ਹੀ ਉਂਦੇ ਸੀ, ਹਿੰਦੂ ਵੀ ਅਤੇ ਸਿੱਖ ਵੀ। ਉਨ੍ਹਾਂ ਕਿਹਾ ਕਿ ਇਹ ਤਾਂ ਸਾਰਾ ਸਰਕਾਰਾਂ ਦਾ ਬਹਾਨਾ ਹੀ ਸੀ ਅਤੇ ਹੁਣ ਅੱਠ ਮਹੀਨੇ ਤੋਂ ਉੱਤੇ ਹੋ ਚੁੱਕੇ ਨੇ , ਨੌਜਵਾਨੀ ਨਸ਼ਿਆਂ 'ਚ ਮਰਦੀ ਪਈ ਹੈ ਲੇਕਿਨ ਸਰਕਾਰਾਂ ਦਾ ਹੁਣ ਕੋਈ ਬਿਆਨ ਨਹੀਂ ਆਇਆ ਹੈ।
ਮਾਤਾ ਬਲਵਿੰਦਰ ਕੌਰ ਜੀ ਦਾ ਕਹਿਣਾ ਕਿ ਉਹ ਸਿੰਘ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵੀ ਬੇਨਤੀ ਕਰਦੇ ਨੇ ਕਿ ਵੱਧ ਤੋਂ ਵੱਧ ਲੋਕਾਂ ਨੂੰ ਅਪੀਲ ਕੀਤੀ ਜਾਵੇ ਅਤੇ ਅਗਾਹਾਂ ਵੱਧ ਕੇ ਇਸ ਮੁਹਿੰਮ ਨੂੰ ਨੇਪਰੇ ਚੜ੍ਹਿਆ ਜਾਵੇ।
ਇਹ ਵੀ ਪੜ੍ਹੋ: ਇਸ ਤਰੀਕ ਤੱਕ ਵਧ ਸਕਦਾ ਹੈ ਸ਼੍ਰੋਮਣੀ ਕਮੇਟੀ ਚੋਣਾਂ ਲਈ ਵੋਟਾਂ ਬਣਾਉਣ ਦਾ ਸਮਾਂ
- PTC NEWS