Punjab Budget 2025 : ਪੰਜਾਬ 'ਤੇ ਹੋਰ ਭਾਰੀ ਹੋਵੇਗੀ ਕਰਜ਼ੇ ਦੀ ਪੰਡ! ਮਾਨ ਸਰਕਾਰ ਚੁੱਕੇਗੀ 49,900 ਕਰੋੜ ਦਾ ਹੋਰ ਕਰਜ਼ਾ
Punjab Debt : ਪੰਜਾਬ ਹਮੇਸ਼ਾ ਹੀ ਭਾਰਤ ਦੇ ਜ਼ਿਆਦਾਤਰ ਸੂਬਿਆਂ ਨਾਲੋਂ ਆਰਥਿਕ ਪੱਖ ਤੋਂ ਖੁਸ਼ਹਾਲ ਸੂਬਾ ਰਿਹਾ ਹੈ, ਪਰ ਇਸ ਉਪਰ ਲਗਾਤਾਰ ਵੱਧ ਰਹੇ ਕਰਜ਼ੇ ਨੇ ਇਸ ਦੀ ਆਰਥਿਕਤਾ ਨੂੰ ਖੋਖਲਾ ਕਰਕੇ ਰੱਖ ਦਿੱਤਾ ਹੈ। ਬੁੱਧਵਾਰ ਪੰਜਾਬ ਸਰਕਾਰ (Punjab Government) ਵੱਲੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ 2025-26 ਲਈ 2 ਲੱਖ 36 ਹਜ਼ਾਰ ਕਰੋੜ ਰੁਪਏ ਦੇ ਬਜਟ ਦੀ ਤਜਵੀਜ਼ ਰੱਖੀ ਗਈ, ਜਿਸ ਵਿੱਚ ਸਰਕਾਰ ਵੱਲੋਂ ਅਨੇਕਾਂ ਸਹੂਲਤਾਂ ਲਈ ਫੰਡ ਰੱਖਣ ਦੇ ਦਾਅਵੇ ਕੀਤੇ ਗਏ ਹਨ ਅਤੇ ਬਜਟ ਘਾਟਾ ਲਗਾਤਾਰ ਘੱਟ ਹੋਣ ਬਾਰੇ ਵੀ ਕਿਹਾ ਗਿਆ। ਹਾਲਾਂਕਿ, ਇਨ੍ਹਾਂ ਸਹੂਲਤਾਂ ਨੂੰ ਪੂਰਾ ਕਰਨ ਲਈ ਸਰਕਾਰ ਹੁਣ ਇੱਕ ਹੋਰ ਕਰਜ਼ਾ ਚੁੱਕਣ ਜਾ ਰਹੀ ਹੈ, ਜਿਸ ਨਾਲ ਪੰਜਾਬ ਦੇ ਸਿਰ ਕਰਜ਼ੇ ਦੀ ਪੰਡ ਹੋਰ ਭਾਰੀ ਹੋ ਜਾਵੇਗੀ।
'ਦਿ ਟ੍ਰਿਬਿਊਨ' ਦੀ ਖ਼ਬਰ ਅਨੁਸਾਰ ਪੰਜਾਬ ਸਰਕਾਰ 49,900 ਕਰੋੜ ਰੁਪਏ ਦਾ ਨਵਾਂ ਕਰਜ਼ਾ ਚੁੱਕੇਗੀ, ਜਿਸ ਨਾਲ ਅਗਲੇ ਵਿੱਤੀ ਸਾਲ ਦੇ ਅਖੀਰ ਤੱਕ ਪੰਜਾਬ ਦੇ ਸਿਰ ਕੁੱਲ ਕਰਜ਼ਾ ਅਨੁਮਾਨਤ ਬਕਾਇਆ 3.96 ਲੱਖ ਕਰੋੜ ਰੁਪਏ ਹੋਵੇਗਾ।
ਦੱਸ ਦਈਏ ਕਿ ਪਿਛਲੇ ਸਾਲ ਸੂਬੇ ਦਾ ਸਾਲਾਨਾ ਬਜਟ ਪੇਸ਼ ਕਰਦਿਆਂ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਵਿੱਤੀ ਸਾਲ 2024-25 ਦੇ ਅੰਤ ਤੱਕ ਪੰਜਾਬ ਦਾ ਕਰਜ਼ਾ 3.74 ਲੱਖ ਕਰੋੜ ਰੁਪਏ ਦਾ ਅਨੁਮਾਨ ਲਗਾਇਆ ਸੀ, ਜੋ ਸੂਬੇ ਦੇ ਕੁੱਲ ਘਰੇਲੂ ਉਤਪਾਦ (GDP) ਦਾ 46 ਫ਼ੀਸਦੀ ਤੋਂ ਵੱਧ ਬਣਦਾ ਸੀ।
ਇਹ ਵੀ ਪੜ੍ਹੋ... ਪੰਜਾਬ ਦੀਆਂ ਔਰਤਾਂ ਨੂੰ ਹਾਲੇ ਵੀ ਨਹੀਂ ਮਿਲਣੇ 1100-1100 ਰੁਪਏ, ਜਾਣੋ ਕਦੋਂ ਹੈ ਸੰਭਾਵਨਾ...
ਲਗਾਤਾਰ ਵੱਧ ਰਿਹਾ ਪੰਜਾਬ ਸਿਰ ਕਰਜ਼ਾ
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਵਿੱਚ 2022 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਲਗਾਤਾਰ ਕਰਜ਼ਾ ਲਿਆ ਜਾ ਰਿਹਾ ਹੈ, ਜਿਸ ਤਹਿਤ ਲਗਾਤਾਰ ਪੰਜਾਬ ਸਿਰ ਕਰਜ਼ਾ ਵਧ ਰਿਹਾ ਹੈ। ਅੰਕੜਿਆਂ ਅਨੁਸਾਰ ਵਿੱਤੀ ਸਾਲ 2022-2023 ਵਿੱਚ ਅਨੁਮਾਨਤ ਕਰਜ਼ਾ 2.92 ਲੱਖ ਕਰੋੜ ਸੀ, ਜੋ ਕਿ ਸਾਲ 2023-2024 ਕਰਜ਼ਾ ਵੱਧ ਕੇ 3.23 ਲੱਖ ਕਰੋੜ ਰੁਪਏ ਹੋ ਗਿਆ ਅਤੇ ਵਿੱਤੀ ਸਾਲ 2024-2025 ਦੇ ਅਖੀਰ ਤੱਕ ਅਨੁਮਾਨਤ ਕਰਜ਼ਾ- 3.78 ਲੱਖ ਕਰੋੜ (ਸੰਭਾਵਿਤ ਕਰਜ਼) ਸੀ।
ਹਾਲਾਂਕਿ, ਇਸ ਸਾਲ ਪੰਜਾਬ ਸਰਕਾਰ ਵੱਲੋਂ ਔਰਤਾਂ ਨੂੰ 1100-1100 ਰੁਪਏ ਦੇਣ ਦਾ ਐਲਾਨ ਨਹੀਂ ਕੀਤਾ ਗਿਆ, ਜਿਸ ਨਾਲ ਕਰਜ਼ੇ ਦੀ ਪੰਡ ਹੋਰ ਵੀ ਭਾਰੀ ਹੋ ਸਕਦੀ ਸੀ।
ਪੰਜਾਬ ਦੀ ਖੇਤੀ 'ਤੇ ਕਿੰਨਾ ਕਰਜ਼ਾ ? (Punjab Farmer Debt)
ਜਾਣਕਾਰੀ ਅਨੁਸਾਰ ਲੋਕ ਸਭਾ ਵੱਲੋਂ ਫਰਵਰੀ 'ਚ ਜਾਰੀ ਅੰਕੜਿਆਂ ਅਨੁਸਾਰ ਪੰਜਾਬ ਸਿਰ ਖੇਤੀ ਕਰਜ਼ਾ ਇੱਕ ਲੱਖ ਕਰੋੜ ਰੁਪਏ ਤੋਂ ਪਾਰ ਹੋ ਗਿਆ ਹੈ, ਜਿਸ ਕਾਰਨ ਪੰਜਾਬ 'ਚ ਕਿਸਾਨੀ ਸੰਕਟ 'ਚ ਹੈ।
ਪੰਜਾਬ ਦੀ ਖੇਤੀ 'ਤੇ ਕਰਜ਼ੇ ਅਨੁਸਾਰ, ਪ੍ਰਾਈਵੇਟ ਬੈਂਕਾਂ ਦਾ 85,460 ਹਜ਼ਾਰ ਕਰੋੜ ਰੁਪਏ ਕਰਜ਼ਾ, ਜਦਕਿ ਕੋਆਪ੍ਰੇਟਿਵ ਬੈਂਕਾਂ ਦਾ 10 ਹਜ਼ਾਰ ਕਰੋੜ ਅਤੇ ਖੇਤਰੀ ਪੇਂਡੂ ਬੈਂਕਾਂ ਦਾ 8 ਹਜ਼ਾਰ ਕਰੋੜ ਤੋਂ ਕਰਜ਼ਾ ਪਾਰ ਹੈ। ਭਾਰਤੀ ਰਿਜ਼ਰਵ ਬੈਂਕ (RBI) ਅਤੇ ਰਾਸ਼ਟਰੀ ਖੇਤੀਬਾੜੀ ਅਤੇ ਪੇਂਡੂ ਵਿਕਾਸ ਬੈਂਕ (NABARD) ਤੋਂ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇਹ ਸਾਰੇ ਕਰਜ਼ੇ 31.03.2024 ਤੱਕ ਬਕਾਇਆ ਹਨ।
ਪੰਜਾਬ ਦੇ ਹਰ ਕਿਸਾਨ ਪਰਿਵਾਰ 'ਤੇ ਕਿੰਨਾ ਕਰਜ਼ਾ ?
ਇਸ ਦੇ ਨਾਲ ਹੀ ਕੇਂਦਰੀ ਖੇਤੀ ਰਾਜ ਮੰਤਰੀ ਰਾਮਨਾਥ ਠਾਕੁਰ ਵੱਲੋਂ ਸੰਸਦ ’ਚ ਦੇਸ਼ ਦੇ ਕਰਜ਼ਾਈ ਕਿਸਾਨਾਂ ਦਾ ਅੰਕੜਾ ਵੀ ਪੇਸ਼ ਕੀਤਾ ਗਿਆ ਸੀ, ਜਿਸ ਵਿੱਚ ਪੰਜਾਬ ਦਾ ਤੀਜਾ ਨੰਬਰ ਸੀ। ਵੱਖ ਵੱਖ ਸੂਬਿਆਂ 'ਤੇ ਆਧਾਰਤ ਇਸ ਸੂਚੀ ਦੇ ਅੰਕੜਿਆਂ ਤਹਿਤ ਪੰਜਾਬ ਵਿੱਚ ਹਰੇਕ ਕਿਸਾਨ ਪਰਿਵਾਰ ਦੇ ਸਿਰ ’ਤੇ 2.03 ਲੱਖ ਰੁਪਏ ਦਾ ਕਰਜਾ ਹੈ।
- PTC NEWS