ਸੱਟਾ ਤੇ ਧੋਖਾਧੜੀ : ਕਾਂਗਰਸੀ ਆਗੂ ਸਮੇਤ ਦਰਜਨ ਖਿਲਾਫ਼ ਮਾਮਲਾ ਦਰਜ
ਪਟਿਆਲਾ: ਪਟਿਆਲਾ ਵਿੱਚ ਸਰਕਾਰੀ ਲਾਟਰੀ ਦੀ ਆੜ ਵਿੱਚ ਸੱਟਾ ਅਤੇ ਧੋਖਾਧੜੀ ਕਰਨ ਦੇ ਇਲਜ਼ਾਮ ਕਾਂਗਰਸੀ ਆਗੂ ਉੱਤੇ ਲੱਗੇ ਹਨ। ਪੁਲਿਸ ਨੇ ਕਾਂਗਰਸੀ ਆਗੂ ਸਮੇਤ ਦਰਜਨ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਮਾਮਲੇ ਵਿਚ ਰਵਿੰਦਰਪਾਲ ਤੇ ਮਨਜੀਤ ਸਿੰਘ ਦੀ ਗ੍ਰਿਫ਼ਤਾਰੀ ਹੋਈ ਹੈ ਜਦੋਂਕਿ ਕਾਂਗਰਸੀ ਆਗੂ ਸਮੇਤ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ।
ਇਸ ਬਾਰੇ ਪੁਲਿਸ ਦੇ ਸਪੈਸ਼ਲ ਸੈੱਲ ਮੁਖੀ ਇੰਸਪੈਕਟਰ ਜੀ.ਐਸ ਸਿਕੰਦ ਦੀ ਅਗਵਾਈ ਵਾਲੀ ਟੀਮ ਨੇ ਸਨੌਰ ਵਿਖੇ ਛਾਪਾ ਮਾਰ ਕੇ ਲਾਟਰੀ ਦੀ ਆੜ ਵਿੱਚ ਸੱਟਾ ਲਗਾ ਕੇ ਲੋਕਾਂ ਨਾਲ ਧੋਖਾਧੜੀ ਕਰਨ ਵਾਲਿਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਮਾਮਲੇ ਵਿਚ ਰਵਿੰਦਰਪਾਲ ਅਤੇ ਉਸਦੀ ਪਤਨੀ ਰੀਟਾ ਵਾਸੀ ਸਨੌਰ, ਮਨਜੀਤ ਸਿੰਘ ਵਾਸੀ ਖੇੜੇਵਾਲਾ ਮੁਹੱਲਾ ਸਨੌਰ, ਰਾਜਵੀਰ, ਰੋਮੀ, ਸਨੌਰ, ਨਰਿੰਦਰ, ਆਸ਼ੂ ਵਾਸੀ ਐਸਐਸਟੀ ਨਗਰ ਪਟਿਆਲਾ, ਗੁਰਪ੍ਰੀਤ ਵਾਸੀ ਸਨੌਰੀ ਅੱਡਾ ਪਟਿਆਲਾ, ਸਾਹਨੀ ਫਾਇਨਾਂਸਰ, ਹਨੀ ਤੇ ਕਾਲੂ ਅਰੋੜਾ ਪਟਿਆਲਾ ਨੂੰ ਨਾਮਜ਼ਦ ਕੀਤਾ ਹੈ। ਜਾਣਕਾਰੀ ਅਨੁਸਾਰ ਵਿਨੋਦ ਅਰੋੜਾ ਕਾਲੂ ਕਾਂਗਰਸ ਪਾਰਟੀ ਨਾਲ ਸਬੰਧ ਰੱਖਦਾ ਹੈ।
ਜ਼ਿਕਰਯੋਗ ਹੈ ਕਿ ਲੰਮਾਂ ਸਮਾਂ ਮੋਤੀ ਮਹਿਲ ਦੇ ਨਜ਼ਦੀਕੀਆਂ ਵਿਚ ਰਹਿਣ ਵਾਲਾ ਕਾਲੂ ਪਹਿਲਾ ਤਾਂ ਕੈਪਟਨ ਅਮਰਿੰਦਰ ਸਿੰਘ ਦਾ ਨਜ਼ਦੀਕ ਸੀ ਪਰ ਜਦੋ ਕੈਪਟਨ ਨੇ ਪਾਰਟੀ ਛੱਡੀ ਤਾਂ ਫਿਰ ਨਵਜੋਤ ਸਿੰਘ ਸਿੱਧੂ ਦੇ ਧੜੇ ਨਾਲ ਜਾ ਮਿਲਿਆ, ਇਸੇ ਦੌਰਾਨ ਹੀ ਕਾਲੂ ਨੂੰ ਕਾਂਗਰਸ ਪਾਰਟੀ ਵੱਲੋਂ ਬਲਾਕ ਪ੍ਰਧਾਨ ਦੇ ਆਹੁਦੇ ਨਾਲ ਨਵਾਜਿਆ ਗਿਆ ਸੀ।
ਰਿਪੋਰਟ- ਗਗਨਦੀਪ ਅਹੂਜਾ
- PTC NEWS