ਪਹਿਲਵਾਨਾਂ ਦੀ ਖੇਡ ਮੰਤਰੀ ਅਨੁਰਾਗ ਠਾਕੁਰ ਨਾਲ ਮੀਟਿੰਗ ਰਹੀ ਬੇਸਿੱਟਾ, ਖਾਪ ਪੰਚਾਇਤਾਂ ਵੀ ਸੰਘਰਸ਼ 'ਚ ਨਿੱਤਰੀਆਂ
ਨਵੀਂ ਦਿੱਲੀ : ਰੈਸਲਿੰਗ ਫੈਡਰੇਸ਼ਨ ਆਫ ਇੰਡੀਆ (ਡਬਲਿਊ.ਐੱਫ.ਆਈ.) ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਖ਼ਿਲਾਫ਼ ਦੇਸ਼ ਦੀਆਂ ਮਹਿਲਾ ਪਹਿਲਵਾਨਾਂ ਦੀ ਹੜਤਾਲ ਦਾ ਸ਼ੁੱਕਰਵਾਰ ਨੂੰ ਤੀਜਾ ਦਿਨ ਹੈ। ਜੰਤਰ-ਮੰਤਰ 'ਤੇ ਚੱਲ ਰਹੇ ਧਰਨੇ 'ਚ ਹਰਿਆਣਾ ਦੀਆਂ ਖਾਪ ਪੰਚਾਇਤਾਂ ਵੀ ਪਹੁੰਚ ਸਕਦੀਆਂ ਹਨ। ਫੋਗਾਟ ਖਾਪ ਦੇ ਸੱਦੇ 'ਤੇ ਸਰਬ-ਜਾਤੀ ਸਰਵ ਖਾਪ ਪੰਚਾਇਤ ਹੋਈ। ਇਸ 'ਚ ਫੈਸਲਾ ਕੀਤਾ ਗਿਆ ਕਿ ਜੇ ਪਹਿਲਵਾਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਖਾਪ ਪੰਚਾਇਤਾਂ ਦੋ ਦਿਨਾਂ ਲਈ ਧਰਨੇ ਵਿਚ ਸ਼ਾਮਲ ਹੋਣਗੀਆਂ।
ਮੀਡੀਆ ਰਿਪੋਰਟਾਂ ਮੁਤਾਬਕ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ 24 ਘੰਟਿਆਂ ਦੇ ਅੰਦਰ ਅਸਤੀਫਾ ਦੇਣ ਦਾ ਅਲਟੀਮੇਟਮ ਜਾਰੀ ਕੀਤਾ ਗਿਆ ਹੈ। ਮਤਲਬ ਇਸ ਪੂਰੇ ਵਿਵਾਦ ਨੂੰ ਖਤਮ ਕਰਨ ਲਈ ਸਰਕਾਰ ਅੱਜ ਕੋਈ ਵੱਡੀ ਕਾਰਵਾਈ ਕਰ ਸਕਦੀ ਹੈ। ਬ੍ਰਿਜ ਭੂਸ਼ਣ ਸ਼ਰਨ ਸਿੰਘ 12 ਵਜੇ ਮੀਡੀਆ ਸਾਹਮਣੇ ਆਪਣਾ ਪੱਖ ਪੇਸ਼ ਕਰਨਗੇ। ਮੰਨਿਆ ਜਾ ਰਿਹਾ ਹੈ ਕਿ ਇਸ ਦੌਰਾਨ ਉਹ ਆਪਣੇ ਅਸਤੀਫੇ ਦਾ ਐਲਾਨ ਵੀ ਕਰ ਸਕਦੇ ਹਨ।
ਦੂਜੇ ਪਾਸੇ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਪ੍ਰਦਰਸ਼ਨਕਾਰੀ ਪਹਿਲਵਾਨਾਂ ਨੂੰ ਰਾਤ ਨੂੰ ਆਪਣੀ ਸਰਕਾਰੀ ਰਿਹਾਇਸ਼ 'ਤੇ ਰਾਤ ਦੇ ਖਾਣੇ 'ਤੇ ਬੁਲਾਇਆ। ਬਜਰੰਗ ਪੂਨੀਆ, ਵਿਨੇਸ਼ ਫੋਗਾਟ, ਸਾਕਸ਼ੀ ਮਲਿਕ, ਰਵੀ ਦਹੀਆ, ਦੀਪਕ ਪੂਨੀਆ, ਬਬੀਤਾ ਫੋਗਾਟ ਸਮੇਤ ਕਈ ਪਹਿਲਵਾਨ 4 ਗੱਡੀਆਂ 'ਚ ਪਹੁੰਚੇ ਸਨ। ਇਹ ਮੀਟਿੰਗ ਰਾਤ 10 ਵਜੇ ਸ਼ੁਰੂ ਹੋਈ ਅਤੇ ਕਰੀਬ ਸਾਢੇ ਚਾਰ ਘੰਟੇ ਚੱਲੀ। ਅਨੁਰਾਗ ਠਾਕੁਰ ਨੇ ਖਿਡਾਰੀਆਂ ਨੂੰ ਰੈਸਲਿੰਗ ਫੈਡਰੇਸ਼ਨ ਦੇ ਪ੍ਰਧਾਨ ਦੇ ਜਵਾਬ ਦਾ ਇੰਤਜ਼ਾਰ ਕਰਨ ਲਈ ਕਿਹਾ।
ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਵੀਰਵਾਰ ਨੂੰ ਖੇਡ ਮੰਤਰਾਲੇ ਨੇ ਪੀੜਤ ਖਿਡਾਰੀਆਂ ਨੂੰ ਬੁਲਾਇਆ ਸੀ ਤੇ ਕਰੀਬ ਇਕ ਘੰਟੇ ਤੱਕ ਗੱਲਬਾਤ ਕੀਤੀ। ਪਹਿਲਵਾਨ ਗੱਲਬਾਤ ਤੋਂ ਸੰਤੁਸ਼ਟ ਨਹੀਂ ਸਨ। ਉਨ੍ਹਾਂ ਦੀ ਮੰਗ ਪਹਿਲਾਂ WFI ਪ੍ਰਧਾਨ ਨੂੰ ਹਟਾਉਣ ਦੀ ਸੀ, ਹੁਣ ਉਹ ਕੁਸ਼ਤੀ ਸੰਘ ਨੂੰ ਭੰਗ ਕਰਨਾ ਚਾਹੁੰਦੇ ਹਨ। ਵਿਨੇਸ਼ ਨੇ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਬ੍ਰਿਜਭੂਸ਼ਣ ਸ਼ਰਨ ਸਿੰਘ 'ਤੇ ਕਈ ਗੰਭੀਰ ਦੋਸ਼ ਲਾਏ ਹਨ। ਇਨ੍ਹਾਂ ਪਹਿਲਵਾਨਾਂ ਦਾ ਕਹਿਣਾ ਹੈ ਕਿ ਫੈਡਰੇਸ਼ਨ ਉਨ੍ਹਾਂ ਨੂੰ ਮਾਨਸਿਕ ਤੌਰ ’ਤੇ ਤਸੀਹੇ ਦਿੰਦੀ ਹੈ। ਵਿਨੇਸ਼ ਨੇ ਜਿਨਸੀ ਸ਼ੋਸ਼ਣ ਦਾ ਵੀ ਦੋਸ਼ ਲਗਾਇਆ ਹੈ। ਇਸ ਕਰਕੇ ਇਹ ਮੀਟਿੰਗ ਬੇਸਿੱਟਾ ਰਹੀ। ਸੂਤਰਾਂ ਅਨੁਸਾਰ ਖੇਡ ਮੰਤਰੀ ਅਨੁਰਾਗ ਠਾਕੁਰ ਨਾਲ ਪਹਿਲਵਾਨਾਂ ਦੀ ਮੀਟਿੰਗ ਅੱਜ ਵੀ ਜਾਰੀ ਰਹੇਗੀ। ਇਸ ਮਸਲੇ ਉਤੇ ਡੂੰਘਿਆਈ ਨਾਲ ਵਿਚਾਰਾਂ ਹੋਣਗੀਆਂ।
ਇਹ ਵੀ ਪੜ੍ਹੋ : ਅੰਮ੍ਰਿਤਸਰ ’ਚ ਅੰਗੀਠੀ ਬਣੀ ਕਾਲ, ਦਮ ਘੁੱਟਣ ਕਾਰਨ ਦੋ ਵਿਅਕਤੀਆਂ ਦੀ ਮੌਤ
WFI ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਕਿਹਾ- ਮੈਂ ਅਸਤੀਫਾ ਨਹੀਂ ਦੇਵਾਂਗਾ। ਕਾਂਗਰਸ ਨੇਤਾ ਦੀਪੇਂਦਰ ਹੁੱਡਾ ਦੇ ਇਸ਼ਾਰੇ 'ਤੇ ਮੇਰੇ ਖਿਲਾਫ ਰਾਜਨੀਤੀ ਕੀਤੀ ਜਾ ਰਹੀ ਹੈ। ਜੋ ਦੋਸ਼ ਲਗਾ ਰਹੇ ਹਨ, ਉਨ੍ਹਾਂ ਦਾ ਕਰੀਅਰ ਖਤਮ ਹੋ ਗਿਆ ਹੈ। ਬਹੁਤੇ ਪਹਿਲਵਾਨ ਇਕੋ ਭਾਈਚਾਰੇ ਦੇ ਹਨ। ਮੈਂ ਪਾਰਟੀ ਦੇ ਹੁਕਮਾਂ ਦੀ ਪਾਲਣਾ ਕਰਾਂਗਾ।
- PTC NEWS