ਬਹਿਬਲ ਕਲਾਂ ਮੋਰਚੇ ਵੱਲੋਂ ਗਣਤੰਤਰ ਦਿਵਸ ਦੇ ਬਾਇਕਾਟ ਦਾ ਐਲਾਨ
ਕੋਟਕਪੂਰਾ : ਪਿਛਲੇ 13 ਮਹੀਨੇ ਤੋਂ ਬਹਿਬਲ ਕਲਾਂ 'ਚ ਚੱਲ ਰਹੇ ਬੇਅਦਬੀ ਇਨਸਾਫ਼ ਮੋਰਚੇ ਦੇ ਆਗੂਆਂ ਨੇ ਅੱਜ ਵੱਡਾ ਐਲਾਨ ਕੀਤਾ। ਮੋਰਚੇ ਦੇ ਆਗੂਆਂ ਨੇ ਗਣਤੰਤਰ ਦਿਵਸ ਦਾ ਬਾਈਕਾਟ ਕਰਨ ਦੀ ਚਿਤਾਵਨੀ ਦਿੱਤੀ। ਆਗੂਆਂ ਨੇ ਪੰਜਾਬ ਸਰਕਾਰ ਨੂੰ 5 ਤੱਕ ਦਾ ਅਲਟੀਮੇਟਮ ਦਿੱਤਾ ਹੈ। ਜੇ ਫਰਵਰੀ ਤੱਕ ਮੋਰਚੇ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਨੈਸ਼ਨਲ ਹਾਈਵੇ ਜਾਮ ਕਰਕੇ ਰੋਸ ਜ਼ਾਹਿਰ ਕੀਤਾ ਜਾਵੇਗਾ। ਇਸ ਮਗਰੋਂ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਰੂਪਰੇਖਾ ਉਲੀਕਣ ਦੇ ਵੀ ਸੰਕੇਤ ਦਿੱਤੇ।
ਜਾਣਕਾਰੀ ਅਨੁਸਾਰ ਬੇਅਦਬੀ ਇਨਸਾਫ਼ ਮੋਰਚੇ ਵੱਲੋਂ ਮੀਟਿੰਗ ਕਰਕੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ 5 ਫਰਵਰੀ ਨੂੰ ਵੱਡਾ ਐਕਸ਼ਨ ਕਰਨ ਦਾ ਐਲਾਨ ਕੀਤਾ ਗਿਆ ਤੇ ਨਾਲ ਹੀ 26 ਜਨਵਰੀ ਨੂੰ ਗਣਤੰਤਰਤਾ ਦਿਵਸ ਦਾ ਬਾਇਕਾਟ ਕਰਨ ਲਈ ਵੀ ਸੰਗਤ ਨੂੰ ਬੇਨਤੀ ਕੀਤੀ ਗਈ ਹੈ। ਆਗੂਆਂ ਨੇ ਦੱਸਿਆ ਕਿ ਜੋ ਮੁਹਾਲੀ 'ਚ ਬੰਦੀ ਸਿੰਘਾਂ ਦੀ ਰਿਹਾਈ ਲਈ ਮੋਰਚਾ ਚੱਲ ਰਿਹਾ ਹੈ, ਉਹ ਉਸਦੀ ਹਮਾਇਤ ਕਰਦੇ ਹਨ ਕਿਉਂਕਿ ਉਸ ਮੋਰਚੇ ਵਿਚ ਕੌਮੀ ਇਨਸਾਫ਼ ਮੋਰਚਾ ਦੀਆਂ ਮੰਗਾ ਤੋਂ ਇਲਾਵਾ ਬਹਿਬਲ ਕਲਾਂ ਮੋਰਚੇ ਦੀਆਂ ਵੀ ਮੰਗਾਂ ਮੌਜੂਦ ਹਨ। ਬਹਿਬਲ ਕਲਾਂ 'ਚ ਮੋਰਚੇ ਨੂੰ 13 ਮਹੀਨੇ ਦੇ ਕਰੀਬ ਦਾ ਸਮਾਂ ਹੋ ਚੁੱਕਿਆ ਹੈ ਤੇ ਸਰਕਾਰ ਦੇ ਭਰੋਸੇ ਨੂੰ ਇਕ ਸਾਲ ਦਾ ਸਮਾਂ ਵੀ ਪੂਰਾ ਹੋ ਚੁੱਕਿਆ ਹੈ ਪਰ ਹੁਣ ਤੱਕ ਵੀ ਨਿਆਂ ਨਹੀਂ ਮਿਲਿਆ। ਇਸ ਦੌਰਾਨ ਆਗੂਆਂ ਨੇ ਕਿਹਾ ਕਿ ਕੌਮ ਨੂੰ ਖਾਲਸਾਈ ਨਿਸ਼ਾਨ ਘਰਾਂ ਉਤੇ ਲਹਿਰਾ ਕੇ 26 ਜਨਵਰੀ ਦਾ ਬਾਇਕਾਟ ਕਰਨਾ ਚਾਹੀਦਾ ਹੈ।
- PTC NEWS