Punjab Doctor Strike Update : ਪੰਜਾਬ ’ਚ ਡਾਕਟਰਾਂ ਦੀ ਹੜਤਾਲ ਤੋਂ ਪਹਿਲਾਂ ਸਿਹਤ ਵਿਭਾਗ ਨੇ ਜਾਰੀ ਕੀਤੀ ਅਹਿਮ ਚਿੱਠੀ, ਜਾਣੋ ਕੀ ਹੈ ਚਿੱਠੀ ’ਚ ਖ਼ਾਸ
Punjab Doctor Strike Update : ਪੰਜਾਬ ਦੇ ਵਿੱਚ 9 ਸਤੰਬਰ ਤੋਂ ਹੋ ਰਹੀ ਡਾਕਟਰਾਂ ਦੀ ਹੜਤਾਲ ਤੋਂ ਪਹਿਲਾਂ ਪੰਜਾਬ ਦੇ ਸਿਹਤ ਵਿਭਾਗ ਵੱਲੋਂ ਇੱਕ ਅਹਿਮ ਚਿੱਠੀ ਜਾਰੀ ਕੀਤੀ ਗਈ ਹੈ। ਇਸ ਚਿੱਠੀ ਮੁਤਾਬਿਕ ਹੁਣ ਹਸਪਤਾਲਾਂ ’ਚ ਹਸਪਤਾਲ ’ਚ ਸੁਰੱਖਿਆ ਨੂੰ ਲੈ ਕੇ ਕਮੇਟੀ ਅਤੇ ਹਿੰਸਾ ਰੋਕਥਾਮ ਕਮੇਟੀ ਦਾ ਗਠਨ ਕੀਤਾ ਜਾਵੇਗਾ। ਦੱਸ ਦਈਏ ਕਿ ਪੰਜਾਬ ਦੇ ਸਿਹਤ ਮੰਤਰੀ ਨੇ ਪੰਜਾਬ ਦੇ ਸਾਰੇ ਸਿਵਲ ਸਰਜਨ ਨੂੰ ਡੀਸੀ ਦੇ ਅੰਡਰ ਕਮੇਟੀ ਬਣਾਉਣ ਲਈ ਕਿਹਾ ਹੈ। ਜਿਸ ਦਾ ਨਾਂ ਡਿਸਟਰਿਕਟ ਹੈਲਥ ਬੋਰਡ ਹੋਵੇਗਾ।
ਮਿਲੀ ਜਾਣਕਾਰੀ ਮੁਤਾਬਿਕ ਇਸ ਬੋਰਡ ਦੀ ਅਗਵਾਈ ਡਿਪਟੀ ਕਮਿਸ਼ਨਰ ਕਰਨਗੇ ਜਿਸ ’ਚ ਐਸਐਸਪੀ, ਸਿਵਲ ਸਰਜਨ, ਪ੍ਰਿੰਸੀਪਲ ਮੈਡੀਕਲ ਸੁਪਰਡੈਂਟ, ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ, ਪੰਜਾਬ ਮੈਡੀਕਲ ਐਸੋਸੀਏਸ਼ਨ ਅਤੇ ਐਨਜੀਓ ਤੋਂ ਇਲਾਵਾ ਕਾਨੂੰਨੀ ਸਲਾਹਕਾਰ ਅਤੇ ਮਾਹਿਰ ਸ਼ਾਮਿਲ ਹੋਣਗੇ।
ਇਸ ਤੋਂ ਇਲਾਵਾ ਸਿਹਤ ਮੰਤਰੀ ਵੱਲੋਂ ਹਸਪਤਾਲ ਦੇ ਵਿੱਚ ਵੱਖ-ਵੱਖ ਨਿਯਮ ਦੇ ਤਹਿਤ ਵੀ ਨਿਰਦੇਸ਼ ਜਾਰੀ ਕੀਤੇ ਗਏ ਹਨ। ਸਿਹਤ ਮੰਤਰੀ ਨੇ ਜਿਆਦਾ ਭੀੜ ਭਾੜ ਵਾਲੇ ਹੈਲਥ ਸੈਂਟਰਾਂ ਦੇ ਨਾਲ ਲੱਗਦੀਆਂ ਪੁਲਿਸ ਚੌਂਕੀਆਂ ਨੂੰ ਵੀ ਸੁਰੱਖਿਆ ਦੇ ਪੱਧਰ ਤੇ ਸੁਚੇਤ ਰਹਿਣ ਦੀ ਗੱਲ ਆਖੀ ਹੈ। ਉਨ੍ਹਾਂ ਨੇ ਜੇਕਰ ਕੋਈ ਹਸਪਤਾਲ ਦੇ ਵਿੱਚ ਆ ਕੇ ਹੈਲਥ ਵਰਕਰ ਦੇ ਨਾਲ ਗਲਤ ਵਤੀਰਾ ਕਰਦਾ ਹੈ ਤਾਂ ਉਸ ਖਿਲਾਫ ਮੁਖੀ ਵੱਲੋਂ ਮਾਮਲਾ ਦਰਜ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ।
ਜਾਰੀ ਨਿਰਦੇਸ਼ਾਂ ਮੁਤਾਬਿਕ ਹਸਪਤਾਲ ’ਚ ਦਾਖਲ ਮਰੀਜ਼ਾਂ ਨੂੰ ਹੁਣ ਕੇਵਲ ਇੱਕ ਰਿਸ਼ਤੇਦਾਰ ਹੀ ਮਿਲਣ ਲਈ ਆ ਸਕਣਗੇ ਅਤੇ ਬਾਕੀ ਇੰਤਜਾਰ ਕਰਨਗੇ। ਰਾਤ ਦੇ ਸਮੇਂ ਨੌਕਰੀ ਕਰ ਰਹੇ ਡਾਕਟਰ ਅਤੇ ਸਟਾਫ ਦੀ ਸੁਰੱਖਿਆ ਨੂੰ ਲੈ ਕੇ ਵੀ ਨਿਰਦੇਸ਼ ਦਿੱਤੇ ਗਏ। ਇਸ ਤੋਂ ਇਲਾਵਾ ਨਵੇਂ ਜਾਰੀ ਕੀਤੇ ਗਏ ਕਾਨੂੰਨ ਅਤੇ ਪ੍ਰੀਵੈਂਸ਼ਨ ਆਫ ਵਾਇਲੈਂਸ ਐਂਡ ਡੈਮੇਜ ਟੂ ਪ੍ਰਾਪਰਟੀ ਐਕਟ ਦੇ ਬਾਰੇ ਪੂਰੇ ਹਸਪਤਾਲ ਦੇ ਵਿੱਚ ਅੰਗਰੇਜ਼ੀ ਅਤੇ ਪੰਜਾਬੀ ਦੇ ਵਿੱਚ ਲਿਖ ਕੇ ਲਗਾਇਆ ਜਾਏਗਾ।
ਮਿਲੀ ਜਾਣਕਾਰੀ ਮੁਤਾਬਿਕ ਹਸਪਤਾਲ ਦੇ ਵਿੱਚ ਡਿਸਪਲੇਅ ਬੋਰਡਾਂ ’ਤੇ ਨਜ਼ਦੀਕੀ ਪੁਲਿਸ ਸਟੇਸ਼ਨ ਦਾ ਨੰਬਰ ਵੀ ਲਿਖਿਆ ਜਾਏਗਾ। ਜੇਕਰ ਹਸਪਤਾਲ ਦੇ ਵਿੱਚ ਕਿਸੇ ਤਰੀਕੇ ਦੀ ਐਂਮਰਜੰਸੀ ਜਾਂ ਸਟਾਫ ਨੂੰ ਕੋਈ ਦਿੱਕਤ ਆਉਂਦੀ ਹੈ ਤਾਂ 112 ਹੈਲਪਲਾਈਨ ਨੰਬਰ ਮਿਲਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਤੋਂ ਇਲਾਵਾ ਹਸਪਤਾਲ ਦੇ ਹਰੇਕ ਸਟਾਫ ਮੈਂਬਰ ਨੂੰ ਆਈਡੀ ਕਾਰਡ ਗਲੇ ਵਿੱਚ ਪਾ ਕੇ ਰੱਖਣਾ ਹੋਵੇਗਾ।
- PTC NEWS