ਬੀਬੀਸੀ ਦਾ ਭਾਰਤ 'ਚ ਬਦਲਿਆ ਰੂਪ, Collective Newsroom ਨੇ ਕੰਮ ਸ਼ੁਰੂ ਕੀਤਾ
ਭਾਰਤ ਵਿੱਚ ਬੀਬੀਸੀ ਦਾ ਰੂਪ ਬਦਲ ਗਿਆ ਹੈ। ਬ੍ਰਿਟਿਸ਼ ਬਰੌਡਕਾਸਟ ਕਾਰਪੋਰੇਸ਼ਨ ਲਈ ਭਾਰਤ ਵਿੱਚ ਅਜ਼ਾਦ ਮੀਡੀਆ ਕੰਪਨੀ 'ਕਲੈਕਟਿਵ ਨਿਊਜ਼ਰੂਮ' ਨੇ ਆਪਣਾ ਕੰਮਕਾਜ ਸ਼ੁਰੂ ਕਰ ਦਿੱਤਾ ਹੈ। ਇਹ ਪੂਰੀ ਤਰ੍ਹਾਂ ਨਾਲ ਇੱਕ ਭਾਰਤੀ ਕੰਪਨੀ ਹੈ। ਬੀਬੀਸੀ ਦੇ ਚਾਰ ਸੀਨੀਅਰ ਪੱਤਰਕਾਰਾਂ ਨੇ ਅਸਤੀਫ਼ਾ ਦੇ ਕੇ ਕਲੈਕਟਿਵ ਨਿਊਜ਼ਰੂਮ ਦੀ ਸਥਾਪਨਾ ਕੀਤੀ ਹੈ।
ਡਿਜੀਟਲ ਮੀਡੀਆ ਦੇ ਖੇਤਰ ਵਿੱਚ ਵਿਦੇਸ਼ੀ ਨਿਵੇਸ਼ ਦੇ ਨਿਯਮਾਂ ਅਨੁਸਾਰ ਇਹ ਵਿਵਸਥਾ ਕੀਤੀ ਗਈ ਹੈ।ਨਵੀਂ ਵਿਵਸਥਾ ਤਹਿਤ ਕਲੈਕਟਿਵ ਨਿਊਜ਼ਰੂਮ ਭਾਰਤ ਵਿੱਚ ਬੀਬੀਸੀ ਲਈ ਕੰਟੈਂਟ ਬਣਾਏਗਾ ਤੇ ਪ੍ਰਕਾਸ਼ਿਤ ਕਰੇਗਾ।
ਕੀ ਹੈ 'ਕਲੈਕਟਿਵ ਨਿਊਜ਼ਰੂਮ' ਦਾ ਮਕਸਦ
ਅਸਰਦਾਰ ਪੱਤਰਕਾਰੀ ਜ਼ਰੀਏ ਭਾਰਤੀ ਲੋਕਾਂ ਤੱਕ ਖ਼ਬਰਾਂ ਪਹੁੰਚਾਉਣਾ ਇਸ ਦਾ ਮਕਸਦ ਹੈ। ਸੰਪਾਦਕੀ ਆਊਟਪੁਟ ਨੂੰ ਲੈ ਕੇ ਕਲੈਕਟਿਵ ਨਿਊਜ਼ਰੂਮ ਕਾਫੀ ਉਤਸ਼ਾਹਿਤ ਹੈ ਅਤੇ ਭਾਰਤ ਵਿੱਚ ਮਿਆਰੀ ਪੱਤਰਕਾਰੀ ਨੂੰ ਸਥਾਪਿਤ ਕਰਨਾ ਚਾਹੁੰਦਾ ਹੈ।
ਨਵੀਂ ਕੰਪਨੀ ਫਿਲਹਾਲ ਬੀਬੀਸੀ ਦੇ ਲਈ ਕੰਟੈਂਟ ਬਣਾਵੇਗੀ ਅਤੇ ਪ੍ਰਕਾਸ਼ਿਤ ਕਰੇਗੀ ਪਰ ਇੱਕ ਅਜ਼ਾਦ ਮੀਡੀਆ ਕੰਪਨੀ ਵਜੋਂ ਭਵਿੱਖ ਵਿੱਚ ਦੂਸਰੇ ਗਾਹਕਾਂ ਲਈ ਵੀ ਉੱਚ ਪੱਧਰੀ ਕੰਟੈਂਟ ਬਣਾਉਣ ਦਾ ਇਰਾਦਾ ਰੱਖਦੀ ਹੈ।
ਕਲੈਕਟਿਵ ਨਿਊਜ਼ਰੂਮ ਦੀ ਸੀਈਓ ਰੂਪਾ ਝਾਅ ਨੇ ਕਿਹਾ, "ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਕਲੈਕਟਿਵ ਨਿਊਜ਼ਰੂਮ ਸਭ ਤੋਂ ਵੱਧ ਭਰੋਸੇਯੋਗ, ਸਿਰਜਣਾਤਕ ਅਤੇ ਦਲੇਰਾਨਾ ਪੱਤਰਕਾਰੀ ਕਰਨ ਦੇ ਇੱਕ ਸਪੱਸ਼ਟ ਅਤੇ ਬੁਲੰਦ ਟੀਚੇ ਨਾਲ ਅਧਿਕਾਰਿਤ ਸ਼ੁਰੂਆਤ ਕਰਨ ਜਾ ਰਿਹਾ ਹੈ। ਸਾਡੀਆਂ ਟੀਮਾਂ ਤਜਰਬੇ ਅਤੇ ਹੁਨਰ ਨਾਲ ਲੈਸ ਹਨ।"
ਉਨ੍ਹਾਂ ਕਿਹਾ, ''ਦਰਸ਼ਕ ਜਲਦੀ ਹੀ ਕਲੈਕਟਿਵ ਨਿਊਜ਼ਰੂਮ ਨੂੰ ਇੱਕ ਅਜਿਹੇ ਸੁਤੰਤਰ ਮੀਡੀਆ ਅਦਾਰੇ ਵਜੋਂ ਜਾਨਣਗੇ, ਜੋ ਤੱਥ ਅਧਾਰਿਤ ਪੱਤਰਕਾਰਤਾ ਰਾਹੀਂ ਲੋਕ ਹਿੱਤ ਵਿੱਚ ਕੰਮ ਕਰਦਾ ਹੈ ਅਤੇ ਬਹੁ-ਦ੍ਰਿਸ਼ਟੀਕੋਣ ਅਤੇ ਵਿਭਿੰਨ ਆਵਾਜ਼ਾਂ ਨੂੰ ਮੰਚ ਮੁਹੱਈਆ ਕਰਵਾਉਂਦਾ ਹੈ।''
ਰੂਪਾ ਝਾਅ ਦੇ ਨਾਲ-ਨਾਲ ਮੁਕੇਸ਼ ਸ਼ਰਮਾ, ਸੰਜੋਂਏ ਮਜੂਮਦਰ, ਸਾਰਾ ਹਸਨ ਇਸ ਮੀਡੀਆ ਕੰਪਨੀ ਦੇ ਤਿੰਨ ਹੋਰ ਡਾਇਰੈਕਟਰ ਹਨ। ਜਿਨ੍ਹਾਂ ਕੋਲ ਸੰਪਾਦਕੀ ਅਤੇ ਪ੍ਰੋਗਰਾਮ ਪ੍ਰੋਡਕਸ਼ਨ ਦੇ ਖੇਤਰ ਦਾ ਲੰਬਾ ਤੇ ਡੂੰਘਾ ਤਜਰਬਾ ਹੈ।
ਬੀਬੀਸੀ ਲਈ 6 ਭਾਰਤੀ ਭਾਸ਼ਾਵਾਂ 'ਚ ਕਰ ਰਹੀ ਕੰਮ
ਕਲੈਕਟਿਵ ਨਿਊਜ਼ਰੂਮ ਦਾ ਪਹਿਲਾ ਗਾਹਕ ਬੀਬੀਸੀ ਹੈ, ਇਸ ਕੋਲ ਸਭ ਤੋਂ ਵੱਧ ਸਰੋਤਿਆਂ ਤੇ ਪਾਠਕਾਂ ਵਾਲੀ ਬੀਬੀਸੀ ਹਿੰਦੀ ਸੇਵਾ ਲਈ ਸਮੱਗਰੀ ਤਿਆਰ ਤੇ ਪ੍ਰਕਾਸ਼ਿਤ ਕਰਨ ਦਾ ਇਕਰਾਰਨਾਮਾ ਹੈ।
ਦਰਸ਼ਕਾਂ ਤੇ ਪਾਠਕਾਂ ਦੀ ਗਿਣਤੀ ਦੇ ਲਿਹਾਜ਼ ਨਾਲ ਬੀਬੀਸੀ ਲਈ ਭਾਰਤ ਨੰਬਰ ਵਨ ਦੇਸ਼ ਹੈ, ਬੀਬੀਸੀ ਦੀ ਸਮੱਗਰੀ ਭਾਰਤ ਵਿੱਚ ਅੱਠ ਕਰੋੜ ਤੋਂ ਵੱਧ ਲੋਕਾਂ ਤੱਕ ਪਹੁੰਚਦੀ ਹੈ।
ਬਿਆਨ ਵਿੱਚ ਕਿਹਾ ਗਿਆ ਹੈ ਕਿ ਕਲੈਕਟਿਵ ਨਿਊਜ਼ ਰੂਮ ਬੀਬੀਸੀ ਲਈ 6 ਭਾਰਤੀ ਭਾਸ਼ਾਵਾਂ ਵਿੱਚ ਸਮੱਗਰੀ ਤਿਆਰ ਅਤੇ ਪ੍ਰਕਾਸ਼ਿਤ ਕਰੇਗਾ। ਇਨ੍ਹਾਂ ਵਿੱਚ ਬੀਬੀਸੀ ਨਿਊਜ਼ ਹਿੰਦੀ, ਬੀਬੀਸੀ ਨਿਊਜ਼ ਮਰਾਠੀ, ਬੀਬੀਸੀ ਨਿਊਜ਼ ਗੁਜਰਾਤੀ, ਬੀਬੀਸੀ ਨਿਊਜ਼ ਪੰਜਾਬੀ, ਬੀਬੀਸੀ ਨਿਊਜ਼ ਤਮਿਲ, ਬੀਬੀਸੀ ਨਿਊਜ਼ ਤੇਲੁਗੂ ਦੇ ਨਾਲ-ਨਾਲ ਭਾਰਤੀ ਦਰਸ਼ਕਾਂ ਅਤੇ ਸਰੋਤਿਆਂ ਦੇ ਲਈ ਅੰਗਰੇਜ਼ੀ ਵਿੱਚ ਡਿਜਿਟਲ ਅਤੇ ਯੂਟਿਊਬ ਲਈ ਵੀ ਸਮੱਗਰੀ ਵੀ ਸ਼ਾਮਲ ਹੈ।
- PTC NEWS