Camel Smuggling : ਬਠਿੰਡਾ ਪੁਲਿਸ ਨੇ ਰਾਜਸਥਾਨ ਵਾਪਸ ਭੇਜੇ 12 ਊਠ, ਅਦਾਲਤੀ ਹੁਕਮਾਂ 'ਤੇ ਹੋਈ ਕਾਰਵਾਈ, ਜਾਣੋ ਪੂਰਾ ਮਾਮਲਾ
Camel Smuggling : ਬਠਿੰਡਾ ਪੁਲਿਸ ਨੇ ਤਸਕਰੀ ਕੀਤੇ ਜਾ ਰਹੇ 12 ਊਠਾਂ ਨੂੰ ਬੁੱਧਵਾਰ ਵਾਪਸ ਰਾਜਸਥਾਨ ਭੇਜ ਦਿੱਤਾ ਹੈ। ਇਨ੍ਹਾਂ ਊਠਾਂ ਨੂੰ ਅਦਾਲਤ ਦੇ ਹੁਕਮਾਂ ਤੋਂ ਬਾਅਦ ਪੁਲਿਸ ਨੇ ਰਾਜਸਥਾਨ ਦੀ ਮਹਾਂਵੀਰ ਕੈਮਲ ਸੈਂਚੁਰੀ ਵਿੱਚ ਭੇਜ ਦਿੱਤਾ ਹੈ। ਦੱਸ ਦਈਏ ਕਿ ਪੁਲਿਸ ਨੇ ਇਹ ਉਹ ਪਿਛਲੇ ਮਹੀਨੇ ਤਸਕਰੀ ਦੌਰਾਨ ਫੜੇ ਸਨ ਅਤੇ ਮੁਲਜ਼ਮਾਂ ਖਿਲਾਫ਼ ਪਸ਼ੂਆਂ 'ਤੇ ਤਸ਼ੱਦਦ ਤਹਿਤ ਮਾਮਲਾ ਦਰਜ ਕੀਤਾ ਸੀ।
ਜਾਣਕਾਰੀ ਦਿੰਦੇ ਹੋਏ ਐਸਐਚਓ ਥਾਣਾ ਕੈਨਾਲ ਹਰਜੀਵਨ ਸਿੰਘ ਨੇ ਦੱਸਿਆ ਕਿ ਇੱਕ ਮਹੀਨਾ ਪਹਿਲਾਂ ਪੁਲਿਸ ਚੌਂਕੀ ਵਰਧਮਾਨ ਵਿਖੇ ਸ਼ਿਵ ਜੋਸ਼ੀ ਵੱਲੋਂ ਮਾਮਲਾ ਦਰਜ ਕਰਵਾਇਆ ਗਿਆ ਸੀ ਕਿ ਇੱਕ ਕੈਂਟਰ ਵਿੱਚ 12 ਊਠਾ ਨੂੰ ਤਸਕਰੀ ਕਰਕੇ ਲਿਜਾਇਆ ਜਾ ਰਿਹਾ ਹੈ ਅਤੇ ਕਈ ਊਠਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਸ਼ਿਵ ਜੋਸ਼ੀ ਦੀ ਸ਼ਿਕਾਇਤ 'ਤੇ ਪੁਲਿਸ ਵੱਲੋਂ ਇੱਕ ਕੈਂਟਰ ਵਿੱਚੋਂ 12 ਊਠ ਬਰਾਮਦ ਕੀਤੇ ਗਏ ਸਨ, ਜਿਨ੍ਹਾਂ ਨੂੰ ਬਠਿੰਡਾ ਦੀ ਇੱਕ ਗਊਸ਼ਾਲਾ ਵਿੱਚ ਰੱਖਿਆ ਗਿਆ ਸੀ।
ਇਨ੍ਹਾਂ ਊਠਾਂ ਦੀ ਦੇਖਭਾਲ ਭਾਵੇਂ ਗਊਸ਼ਾਲਾ ਵੱਲੋਂ ਕੀਤੀ ਜਾ ਰਹੀ ਸੀ ਪਰ ਰੱਖ-ਰਖਾਵ ਵਿੱਚ ਪੁਲਿਸ ਵਿਭਾਗ ਅਤੇ ਗਊਸ਼ਾਲਾ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਜਿਸ ਤੋਂ ਬਾਅਦ ਅਦਾਲਤੀ ਹੁਕਮਾਂ ਅਤੇ ਸੀਨੀਅਰ ਪੁਲਿਸ ਅਧਿਕਾਰੀਆਂ ਦੀਆਂ ਹਦਾਇਤਾਂ ਤੋਂ ਬਾਅਦ ਅੱਜ ਇਹ 12 ਊਠ ਤਿੰਨ ਵੱਖ-ਵੱਖ ਟਰੱਕਾਂ ਰਾਹੀਂ ਰਾਜਸਥਾਨ ਦੀ ਮਹਾਂਵੀਰ ਕੈਮਲ ਸੈਂਚੁਰੀ ਵਿੱਚ ਭੇਜੇ ਗਏ। ਊਠਾਂ ਨਾਲ ਬਕਾਇਦਾ ਪ੍ਰਸ਼ਾਸਨ ਵੱਲੋਂ ਵੈਟਰਨਰੀ ਵਿਭਾਗ ਦੀ ਟੀਮ ਤੈਨਾਤ ਕੀਤੀ ਗਈ, ਜਿਨਾਂ ਦੀ ਨਿਗਰਾਨੀ ਹੇਠ ਇਹ 12 ਊਠ ਰਾਜਸਥਾਨ ਭੇਜੇ ਗਏ।
ਪੁਲਿਸ ਅਧਿਕਾਰੀ ਨੇ ਕਿਹਾ ਕਿ ਇਨ੍ਹਾਂ ਊਠਾਂ ਦੀ ਦੇਖਭਾਲ ਹੁਣ ਉੱਥੇ ਕੈਮਲ ਸੈਂਚੁਰੀ ਵੱਲੋਂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਪਸ਼ੂਆਂ 'ਤੇ ਅੱਤਿਆਚਾਰ ਕਰਨ ਸਬੰਧੀ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਮਾਮਲਾ ਕੋਰਟ ਵਿੱਚ ਸੁਣਵਾਈ ਅਧੀਨ ਹੈ।
- PTC NEWS