ਪਿੰਡ ਕਾਲਝਰਾਣੀ 'ਚ ਨੌਜਵਾਨ ਨੇ ਸੈਲੂਨ ਦੀ ਤੀਜੀ ਮੰਜ਼ਿਲ ਤੋਂ ਮਾਰੀ ਛਾਲ, ਬਿਜਲੀ ਤਾਰਾਂ 'ਚ ਫਸ ਕੇ ਝੁਲਸਿਆ, AAP ਦੀ ਸਰਪੰਚ 'ਤੇ ਕੇਸ ਦਰਜ
AAP Sarpanch Satvir Kaur : ਪਿੰਡ ਕਾਲਝਰਾਣੀ (Village Kaljharani) 'ਚ ਇੱਕ ਨੌਜਵਾਨ ਵੱਲੋਂ ਆਮ ਆਦਮੀ ਪਾਰਟੀ ਦੀ ਸਰਪੰਚ ਸਤਵੀਰ ਕੌਰ ਵੱਲੋਂ ਧਮਕੀਆਂ ਦਿੱਤੇ ਜਾਣ ਕਾਰਨ ਜੀਵਨਲੀਲ੍ਹਾ ਸਮਾਪਤ ਕੀਤੇ ਜਾਣ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ (Bathinda Police) ਵੱਲੋਂ ਹਸਪਤਾਲ ਵਿੱਚ ਇਲਾਜ ਅਧੀਨ ਨੌਜਵਾਨਾਂ ਦੇ ਬਿਆਨ 'ਤੇ ਪਿੰਡ ਕਾਲਝਰਾਣੀ ਦੀ ਸਰਪੰਚ ਸਤਵੀਰ ਕੌਰ ਉਸ ਦੇ ਪੁੱਤਰ ਸਣੇ ਤਿੰਨ ਲੋਕਾਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਅਰੰਭ ਦਿੱਤੀ ਹੈ।
ਕੀ ਸੀ ਪੂਰਾ ਮਾਮਲਾ ?
ਬਠਿੰਡਾ ਦੇ ਨਿੱਜੀ ਹਸਪਤਾਲ ਵਿੱਚ ਇਲਾਜ ਅਧੀਨ ਗੁਰਦੀਪ ਸਿੰਘ ਵਾਸੀ ਕਾਲਝਰਾਣੀ ਕੋਲ ਮੌਕੇ 'ਤੇ ਮੌਜੂਦ ਰਿਸ਼ਤੇਦਾਰ ਨਵਦੀਪ ਸਿੰਘ ਨੇ ਦੱਸਿਆ ਕਿ ਗੁਰਦੀਪ ਸਿੰਘ ਦਾ ਪਿੰਡ ਵਿੱਚ ਪੁਰਾਣੀ ਰੰਜਿਸ਼ ਦੇ ਚਲਦਿਆਂ ਲੜਾਈ-ਝਗੜਾ ਹੋਇਆ ਸੀ ਅਤੇ ਕੁਝ ਨੌਜਵਾਨਾਂ ਵੱਲੋਂ ਗੁਰਦੀਪ ਸਿੰਘ 'ਤੇ ਰਾਡਾਂ ਨਾਲ ਹਮਲਾ ਕੀਤਾ ਗਿਆ ਸੀ। ਇਸ ਹਮਲੇ ਤੋਂ ਬਾਅਦ ਪਿੰਡ ਦੀ ਸਰਪੰਚ ਸਤਵੀਰ ਕੌਰ ਵੱਲੋਂ ਗੁਰਦੀਪ ਸਿੰਘ ਨੂੰ ਧਮਕੀਆਂ ਦਿੱਤੀਆਂ ਗਈਆਂ ਅਤੇ ਪਿੰਡ ਵੜਨ 'ਤੇ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਸਨ, ਜਿਸ ਕਾਰਨ ਗੁਰਦੀਪ ਸਿੰਘ ਪਰੇਸ਼ਾਨ ਰਹਿਣ ਲੱਗਿਆ ਸੀ ਅਤੇ ਉਸ ਵੱਲੋਂ ਬਠਿੰਡਾ ਦੇ ਭੱਟੀ ਰੋਡ 'ਤੇ ਆਪਣੀ ਭੂਆ ਦੇ ਮੁੰਡੇ ਦੇ ਸਾਲੂਨ ਦੀ ਦੂਸਰੀ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ।
ਹਾਲਾਂਕਿ ਇਸ ਦੌਰਾਨ ਗੁਰਦੀਪ ਸਿੰਘ 11000 ਹਾਈਵੋਲਟੇਜ਼ ਬਿਜਲੀ ਦੀਆਂ ਤਾਰਾਂ ਦੇ ਲਪੇਟ ਵਿੱਚ ਆ ਗਿਆ ਅਤੇ ਬੁਰੀ ਤਰ੍ਹਾਂ ਝੁਲਸਿਆ ਗਿਆ, ਜਿਸ ਨੂੰ ਬਠਿੰਡਾ ਦੇ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਉਹਨਾਂ ਪੁਲਿਸ ਪ੍ਰਸ਼ਾਸਨ ਤੋਂ ਆਮ ਆਦਮੀ ਪਾਰਟੀ ਦੀ ਸਰਪੰਚ ਸਤਬੀਰ ਕੌਰ ਉਸ ਦੇ ਪੁੱਤਰ ਅਤੇ ਇੱਕ ਹੋਰ ਨੌਜਵਾਨ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ।
ਪੁਲਿਸ ਦਾ ਕੀ ਹੈ ਕਹਿਣਾ ?
ਉਧਰ, ਐਸਐਚਓ ਸਿਵਲ ਲਾਈਨ ਹਰਜੋਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਗੁਰਦੀਪ ਸਿੰਘ ਦੇ ਬਿਆਨਾਂ 'ਤੇ ਸਰਪੰਚ ਸਤਵੀਰ ਕੌਰ, ਉਸ ਦੇ ਪੁੱਤਰ ਸਣੇ 3 ਲੋਕਾਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਗੁਰਦੀਪ ਸਿੰਘ ਵੱਲੋਂ ਭੱਟੀ ਰੋਡ 'ਤੇ ਦੂਸਰੀ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਪਿੱਛੇ ਵਜ੍ਹਾ ਸਰਪੰਚ ਸਤਵੀਰ ਕੌਰ ਵੱਲੋਂ ਉਸ ਨੂੰ ਧਮਕਾਉਣਾ ਦੱਸਿਆ ਗਿਆ।
- PTC NEWS