'ਬਠਿੰਡਾ ਪੁਲਿਸ ਮੁਰਦਾਬਾਦ' ਬੈਨਰ ਲੈ ਕੇ SSP ਦਫਤਰ ਪਹੁੰਚਿਆ ਨੌਜਵਾਨ, ਜਾਣੋ ਪੂਰਾ ਮਾਮਲਾ
ਪੀਟੀਸੀ ਨਿਊਜ਼ ਡੈਸਕ: ਬਠਿੰਡਾ ਦੇ ਐਸਐਸਪੀ ਦਫ਼ਤਰ ਦੇ ਬਾਹਰ ਬੈਨਰ ਫੜ ਕੇ ਰੋਂਦੇ ਹੋਏ ਇਸ ਨੌਜਵਾਨ ਦਾ ਨਾਮ ਵਿਸ਼ਾਲ ਸਾਬੂ ਹੈ, ਜਿਸ ਦਾ ਕਹਿਣਾ ਹੈ ਕਿ ਉਹ ਇਨਸਾਫ਼ ਲੈਣ ਲਈ ਪਿਛਲੇ 6 ਸਾਲਾਂ ਤੋਂ ਪੁਲਿਸ ਅਧਿਕਾਰੀਆਂ ਦੇ ਚੱਕਰ ਲਗਾ ਕੇ ਥੱਕ ਗਿਆ ਹੈ। ਹੁਣ ਉਹ ਬੈਨਰ ਫੜ ਕੇ ਸ਼ਹਿਰ ਵਿੱਚ ਘੁੰਮ ਰਿਹਾ ਹੈ। ਇੱਕ ਬੈਨਰ ਜਿਸ ਵਿੱਚ ਲਿਖਿਆ ਹੈ, ‘ਬਠਿੰਡਾ ਪੁਲਿਸ (Bathinda Police) ਵਿਭਾਗ ਦੇ ਭ੍ਰਿਸ਼ਟ ਅਫਸਰ ਸ਼ਰਮ ਕਰੋ’। ਉਸ ਦਾ ਇਲਜ਼ਾਮ ਹੈ ਕਿ ਪੰਜਾਬ ਪੁਲਿਸ ਦੇ ਇੱਕ ਐਸਐਚਓ ਨੇ ਰਾਜ਼ੀਨਾਵੇਂ ਦੇ ਬਦਲੇ 2 ਲੱਖ 34 ਹਜ਼ਾਰ ਰੁਪਏ ਲਏ ਹਨ, ਜਿਸ ਲਈ ਉਸਨੇ ਏਡੀਜੀਪੀ ਤੋਂ ਲੈ ਕੇ ਐਸਐਚਓ ਅਧਿਕਾਰੀਆਂ ਤੱਕ ਚੱਕਰ ਲਗਾਏ ਪਰ ਨਿਰਾਸ਼ਾ ਹੀ ਹੱਥ ਲੱਗੀ।
6 ਸਾਲਾਂ ਤੋਂ ਇਨਸਾਫ਼ ਲਈ ਭਟਕ ਰਹੇ ਪੀੜਤ ਨੌਜਵਾਨ ਨੇ ਇਲਜ਼ਾਮ ਲਾਏ ਕਿ ਉਕਤ ਰਾਜੀਨਾਵੇਂ 'ਤੇ ਥਾਣੇਦਾਰ ਦੇ ਦਸਤਖਤ ਵੀ ਬਾਕਾਇਦਾ ਮੌਜੂਦ ਹਨ। ਨੌਜਵਾਨ ਦੇ ਬੈਨਰ 'ਤੇ 'ਬਠਿੰਡਾ ਪੁਲਿਸ ਮੁਰਦਾਬਾਦ' ਵੀ ਲਿਖਿਆ ਹੋਇਆ ਹੈ। ਜਦੋਂ ਹੀ ਬਠਿੰਡਾ ਪੁਲਿਸ ਦੇ ਅਧਿਕਾਰੀਆਂ ਨੂੰ ਨੌਜਵਾਨ ਬਾਰੇ ਪਤਾ ਲੱਗਿਆ ਤਾਂ ਉਥੇ ਖੜੇ ਪੁਲਿਸ ਕਰਮਚਾਰੀਆਂ ਨੇ ਤੁਰੰਤ ਹਰਕਤ ਵਿੱਚ ਆਉਂਦੇ ਹੋਏ ਉਪਰ ਅਧਿਕਾਰੀਆਂ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਚੌਕੀ ਇੰਚਾਰਜ ਵੀ ਮੌਕੇ 'ਤੇ ਪਹੁੰਚ ਗਏ।
ਮੌਕੇ 'ਤੇ ਪਹੁੰਚੇ ਚੌਕੀ ਇੰਚਾਰਜ ਪੀੜਤ ਨੌਜਵਾਨ ਨੂੰ ਚੌਕੀ ਲੈ ਗਿਆ, ਜਿਥੇ ਉਸ ਨੂੰ ਇਨਸਾਫ ਦੇਣਾ ਤਾਂ ਦੂਰ ਦੀ ਗੱਲ ਰਹੀ, ਸਗੋਂ ਉਸ ਕੋਲੋਂ ਬੈਨਰ ਵੀ ਖੋਹ ਲਏ ਗਏ। ਨੌਜਵਾਨ ਵਿੱਚ ਪੰਜਾਬ ਪੁਲਿਸ ਲਈ ਗੁੱਸਾ ਪਾਇਆ ਜਾ ਰਿਹਾ ਹੈ ਅਤੇ ਰੋਂਦਾ ਹੋਇਆ ਵਿਖਾਈ ਦਿੱਤਾ। ਉਹ ਕਹਿ ਰਿਹਾ ਸੀ ਕਿ ਇਨ੍ਹਾਂ 6 ਸਾਲਾਂ ਵਿੱਚ ਉਸ ਦੇ ਪਿਤਾ ਦੀ ਵੀ ਮੌਤ ਹੋ ਗਈ ਹੈ, ਪਰ ਇਨਸਾਫ ਨਹੀਂ ਮਿਲਿਆ।
ਦੂਜੇ ਪਾਸੇ ਜਦੋਂ ਨੌਜਵਾਨ ਵੱਲੋਂ ਬੈਨਰ ਲੈ ਕੇ ਪੁਲਿਸ ਅਧਿਕਾਰੀਆਂ 'ਤੇ ਇਲਜ਼ਾਮ ਬਾਰੇ ਪੁੱਛਿਆ ਗਿਆ ਤਾਂ ਚੌਕੀ ਇੰਚਾਰਜ ਮਨਜੀਤ ਸਿੰਘ ਦਾ ਕਹਿਣਾ ਸੀ ਕਿ ਇਹ ਪੁਰਾਣਾ ਮਾਮਲਾ ਹੈ, ਬਾਕੀ ਉਹ ਜਾਂਚ ਕਰ ਰਹੇ ਹਨ।
-