Bathinda Police Lathicharge : ਬਠਿੰਡਾ 'ਚ ਪੁਲਿਸ ਨੇ ਅਧਿਆਪਕਾਂ ਤੇ ਕਿਸਾਨਾਂ 'ਤੇ ਵਰ੍ਹਾਈਆਂ ਡਾਂਗਾਂ, ਔਰਤਾਂ ਦੇ ਮਾਰੀਆਂ ਚਪੇੜਾਂ, ਵੇਖੋ ਵੀਡੀਓ
Bathinda Lathicharge Video : ਬਠਿੰਡਾ ਵਿੱਚ ਆਦਰਸ਼ ਸਕੂਲ ਚਾਉਕੇ ਦਾ ਮਾਮਲਾ (Adarsh School Chowke Case) ਖਤਮ ਨਹੀਂ ਹੋ ਰਿਹਾ ਹੈ। ਬਠਿੰਡਾ ਪੁਲਿਸ ਵੱਲੋਂ ਸ਼ਨੀਵਾਰ ਰਾਮਪੁਰਾ ਥਾਣਾ ਸਦਰ (Rampura Police) ਅੱਗੇ ਧਰਨਾ ਲਾ ਕੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਅਤੇ ਅਧਿਆਪਕਾਂ 'ਤੇ ਲਾਠੀਚਾਰਜ ਕਰਕੇ ਖਦੇੜਿਆ ਗਿਆ। ਪੁਲਿਸ ਵੱਲੋਂ ਪ੍ਰਦਰਸ਼ਨਕਾਰੀਆਂ ਦੀ ਜੰਮ ਕੇ ਖਿੱਚ ਧੂਹ ਵੀ ਕੀਤੀ ਗਈ।
ਜਾਣਕਾਰੀ ਅਨੁਸਾਰ ਪੁਲਿਸ ਸ਼ਨੀਵਾਰ ਸਵੇਰ ਤੋਂ ਹੀ ਧਰਨਾਕਾਰੀਆਂ ਨੂੰ ਖਦੇੜਨ ਵਿੱਚ ਲੱਗੀ ਰਹੀ। ਦੱਸ ਦਈਏ ਕਿ ਧਰਨਾਕਾਰੀਆਂ ਵਿੱਚ ਆਦਰਸ਼ ਸਕੂਲ ਦੇ ਬਰਖਾਸਤ ਕੀਤੇ ਅਧਿਆਪਕਾਂ ਦੀ ਗ੍ਰਿਫ਼ਤਾਰੀ ਖਿਲਾਫ਼ ਰੋਸ ਪਾਇਆ ਜਾ ਰਿਹਾ ਹੈ, ਜਿਸ ਕਾਰਨ ਉਨ੍ਹਾਂ ਨੇ ਥਾਣਾ ਸਦਰ ਰਾਮਪੁਰਾ ਵਿਖੇ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ 'ਤੇ ਧਰਨਾ ਲਗਾ ਦਿੱਤਾ। ਉਪਰੰਤ ਇਨ੍ਹਾਂ ਨੂੰ ਖਦੇੜਨ ਲਈ ਪੁਲਿਸ ਨੇ ਜ਼ਬਰਦਸਤੀ ਚੁੱਕਣਾ ਸ਼ੁਰੂ ਕਰ ਦਿੱਤਾ ਅਤੇ ਪੁਲਿਸ ਬਲ ਦੀ ਵਰਤੋਂ ਕੀਤੀ ਗਈ।
ਪੁਲਿਸ ਨੇ ਇਸ ਦੌਰਾਨ ਧਰਨਾਕਾਰੀਆਂ ਦੀ ਜੰਮ ਕੇ ਘੜੀਸ-ਧੂਹ ਕੀਤੀ ਅਤੇ ਲਾਠੀਆਂ ਵਰ੍ਹਾਈਆਂ। ਮਹਿਲਾ ਪੁਲਿਸ ਮੁਲਾਜ਼ਮਾਂ ਵੀ ਪਿੱਛੇ ਨਹੀਂ ਰਹੀਆਂ ਅਤੇ ਕਿਸਾਨ ਬੀਬੀਆਂ ਤੇ ਅਧਿਆਪਕਾਂ ਨਾਲ ਖਿੱਚ ਧੂਹ ਕਰਦੀਆਂ ਵਿਖਾਈ ਦਿੱਤੀਆਂ। ਮਹਿਲਾ ਪੁਲਿਸ ਮੁਲਾਜ਼ਮਾਂ ਨੇ ਇਸ ਦੌਰਾਨ ਕੁੱਝ ਪ੍ਰਦਰਸ਼ਨਕਾਰੀ ਬੀਬੀਆਂ ਦੇ ਗੁੱਸੇ ਵਿੱਚ ਵੱਟ ਵੱਟ ਕੇ ਚਪੇੜਾਂ ਵੀ ਜੜੀਆਂ ਅਤੇ ਜ਼ਮੀਨ 'ਤੇ ਘੜੀਸ 'ਤੇ ਲਿਜਾਂਦੀਆਂ ਵੀ ਵਿਖਾਈ ਦਿੱਤੀਆਂ।
ਕੀ ਹੈ ਪੂਰਾ ਮਾਮਲਾ ?
ਜ਼ਿਕਰਯੋਗ ਹੈ ਕਿ ਰਾਮਪੁਰਾ ਫੂਲ ਦੇ ਚੌਂਕ ਵਿੱਚ ਸਥਿਤ ਆਦਰਸ਼ ਸਕੂਲ ਦੇ ਅਧਿਆਪਕ ਅਤੇ ਚੌਥੇ ਦਰਜੇ ਦੇ ਕਰਮਚਾਰੀ ਤਨਖਾਹਾਂ ਨਾ ਮਿਲਣ ਅਤੇ ਕਥਿਤ ਤੌਰ 'ਤੇ ਜ਼ਬਰਦਸਤੀ ਬਰਖਾਸਤਗੀ ਕਾਰਨ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਜਨਤਕ-ਨਿੱਜੀ ਭਾਈਵਾਲੀ (ਪੀਪੀਪੀ) ਨੀਤੀ ਅਧੀਨ ਚੱਲ ਰਹੇ ਇਸ ਸਕੂਲ ਨੇ ਕਥਿਤ ਤੌਰ 'ਤੇ 4 ਤੋਂ 6 ਮਹੀਨਿਆਂ ਲਈ ਤਨਖਾਹਾਂ ਰੋਕੀਆਂ ਹੋਈਆਂ ਸਨ, ਜਿਸ ਨੂੰ ਲੈ ਕੇ ਚਿੰਤਾਵਾਂ ਜ਼ਾਹਰ ਕਰਨ ਵਾਲੇ ਅਧਿਆਪਕਾਂ ਨੂੰ ਕਥਿਤ ਤੌਰ 'ਤੇ ਬਰਖਾਸਤ ਕਰ ਦਿੱਤਾ ਗਿਆ ਸੀ। ਇਹ ਵਿਰੋਧ ਪ੍ਰਦਰਸ਼ਨ 70 ਦਿਨਾਂ ਤੋਂ ਵੱਧ ਸਮੇਂ ਤੋਂ ਜਾਰੀ ਸੀ, ਜਿਸ ਨੂੰ ਪਿਛਲੇ ਦਿਨੀ ਪੁਲਿਸ ਬਲ ਨਾਲ ਚੁੱਕ ਕੇ ਬਰਖਾਸਤ ਅਧਿਆਪਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਸੀ ਅਤੇ ਕੇਸ ਦਰਜ ਕੀਤਾ ਗਿਆ ਸੀ।
- PTC NEWS