Bathinda News : ਪੁੱਤ ਹੀ ਨਿਕਲਿਆ ਪਿਓ ਦਾ ਕਾਤਲ! ਮੁਲਤਾਨੀਆ ਰੋਡ 'ਤੇ ਰਿਟਾਇਰ ਸਬ ਇੰਸਪੈਕਟਰ ਦੇ ਕਤਲ ਕੇਸ 'ਚ ਵੱਡੇ ਖੁਲਾਸੇ
Son Killed his Father : 20 ਦਸੰਬਰ ਨੂੰ ਦੇਰ ਰਾਤ ਬਠਿੰਡਾ ਦੇ ਮੁਲਤਾਨੀਆ ਰੋਡ ਡੀਡੀ ਮਿੱਤਲ ਦੇ ਬਾਹਰ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਸਬ ਇੰਸਪੈਕਟਰ ਓਮ ਪ੍ਰਕਾਸ਼ ਦੇ ਮਾਮਲੇ ਵਿੱਚ ਪੁਲਿਸ ਨੇ ਵੱਡੇ ਖੁਲਾਸੇ ਕੀਤੇ ਹਨ। ਪੁਲਿਸ ਨੇ ਇਸ ਸਬੰਧ 'ਚ ਮੁਲਜ਼ਮ ਹਰਸਿਮਰਨ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਜਾਣਕਾਰੀ ਦਿੰਦੇ ਹੋਏ ਡੀਐਸਪੀ ਹਰਬੰਸ ਸਿੰਘ ਨੇ ਦੱਸਿਆ ਕਿ 20 ਦਸੰਬਰ ਨੂੰ ਬਠਿੰਡਾ ਦੇ ਮੁਲਤਾਨੀਆ ਰੋਡ ਵਿਖੇ ਦੁੱਧ ਲੈਣ ਜਾ ਰਹੇ ਸਬ ਇੰਸਪੈਕਟਰ ਓਮ ਪ੍ਰਕਾਸ਼ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪੁਲਿਸ ਵੱਲੋਂ ਜਦੋਂ ਇਸ ਮਾਮਲੇ ਤਫਤੀਸ਼ ਕੀਤੀ ਗਈ ਤਾਂ ਇਹ ਗੱਲ ਸਾਹਮਣੇ ਆਈ ਕਿ ਓਮ ਪ੍ਰਕਾਸ਼ ਰਿਟਾਇਰ ਸਬ ਇੰਸਪੈਕਟਰ ਬਠਿੰਡਾ ਵਿਖੇ ਲਿਵਿੰਗ ਰਿਲੇਸ਼ਨ ਵਿੱਚ ਰਹਿੰਦਾ ਸੀ। ਪਰ ਉਸਦਾ ਪਰਿਵਾਰ ਇਸ ਰਿਲੇਸ਼ਨ ਨੂੰ ਲੈ ਕੇ ਇਤਰਾਜ਼ ਕਰਦਾ ਸੀ, ਜਿਸ ਕਾਰਨ ਘਰੇਲੂ ਕਲੇਸ਼ ਚੱਲ ਰਿਹਾ ਸੀ।
ਉਨ੍ਹਾਂ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਓਮ ਪ੍ਰਕਾਸ਼ ਸਾਬਕਾ ਇੰਸਪੈਕਟਰ ਦੀ ਪਤਨੀ ਦਾ ਲੰਮੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ ਸੀ। ਇਸਤੋਂ ਬਾਅਦ ਓਮ ਪ੍ਰਕਾਸ਼ ਵੱਲੋਂ ਆਪਣੀ ਜਾਇਦਾਦ ਉੱਪਰ ਲੋਨ ਕਰਵਾਇਆ ਗਿਆ ਸੀ, ਜਿਸ ਦਾ ਉਸ ਦਾ ਮੁੰਡੇ ਹਰਸਿਮਰਨ ਵੱਲੋਂ ਇਤਰਾਜ਼ ਕੀਤਾ ਜਾ ਰਿਹਾ ਸੀ। ਇਸ ਮਾਮਲੇ ਨੂੰ ਲੈ ਕੇ ਲਗਾਤਾਰ ਘਰੇਲੂ ਕਲੇਸ਼ ਚੱਲਦਾ ਰਿਹਾ ਹੈ।
ਹਰ ਸਿਮਰਨ, ਜੋ ਸਕਿਉਰਟੀ ਗਾਰਡ ਦੀ ਨੌਕਰੀ ਕਰਦਾ ਸੀ, ਵੱਲੋਂ ਆਪਣੀ 12 ਬੋਰ ਰਾਈਫਲ ਨਾਲ ਆਪਣੇ ਹੀ ਪਿਤਾ ਪ੍ਰਕਾਸ਼ ਨੂੰ ਦੁੱਧ ਲੈਣ ਜਾਂਦੇ ਸਮੇਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਪੁਲਿਸ ਵੱਲੋਂ ਹਰਸਿਮਰਨ ਖਿਲਾਫ ਮਾਮਲਾ ਦਰਜ ਕਰਕੇ ਉਸ ਦੀ ਤਲਾਸ਼ ਕੀਤੀ ਜਾ ਰਹੀ ਸੀ, ਜਿਸ ਨੂੰ ਬੀਤੇ ਦਿਨੀ ਮੋਟਰਸਾਈਕਲ ਅਤੇ 12 ਬੋਰ ਰਾਈਫਲ ਨਾਲ ਗ੍ਰਿਫਤਾਰ ਕੀਤਾ ਗਿਆ ਅਤੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।
- PTC NEWS