Bathinda girl missing in Canada : ਬਠਿੰਡਾ ਦੀ ਸੰਦੀਪ ਕੌਰ ਕੈਨੇਡਾ 'ਚ ਲਾਪਤਾ, ਪਰਿਵਾਰ ਨੂੰ ਕੈਨੇਡਾ ਪੁਲਿਸ ਦੀ ਜਾਣਕਾਰੀ 'ਤੇ ਸ਼ੰਕੇ
Bathinda News : ਬਠਿੰਡਾ ਦੇ ਪਿੰਡ ਸੰਦੋਹਾ ਦੀ ਕੈਨੇਡਾ ਗਈ ਸੰਦੀਪ ਕੌਰ 15 ਜਨਵਰੀ ਤੋਂ ਭੇਦ ਭਰੀ ਹਾਲਤ ਵਿੱਚ ਲਾਪਤਾ ਹੋਣ ਦੇ ਮਾਮਲੇ ਵਿੱਚ ਪਰਿਵਾਰ ਨੇ ਹੁਣ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਆਪਣੀ ਧੀ ਦਾ ਪਤਾ ਲਗਾਉਣ ਦੀ ਗੁਹਾਰ ਲਗਵਾਈ ਹੈ। ਬੇਸ਼ੱਕ ਇਸ ਮਾਮਲੇ ਵਿੱਚ ਕੈਨੇਡਾ ਪੁਲਿਸ ਕੁੜੀ ਦੀ ਬੀਚ 'ਤੇ ਲਹਿਰਾਂ ਆਉਣ ਨਾਲ ਬੀਚ ਵਿੱਚ ਡੁੱਬਣ ਦੀ ਗੱਲ ਕਰ ਰਹੀ ਹੈ ਪਰ ਪਰਿਵਾਰ ਹੁਣ ਆਪਣੀ ਧੀ ਦੇ ਮਾਮਲੇ ਵਿੱਚ ਜਿਥੇ ਉੱਚ ਪਧਰੀ ਜਾਂਚ ਕਰਕੇ ਪੂਰੇ ਮਾਮਲੇ ਦੀ ਸੱਚਾਈ ਦੀ ਮੰਗ ਕਰ ਰਿਹਾ ਹੈ, ਉੱਥੇ ਹੀ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਵੀ ਇਸ ਮਾਮਲੇ ਵਿੱਚ ਦਖਲ ਦੇ ਕੇ ਆਪਣੀ ਧੀ ਦਾ ਪਤਾ ਲਗਾਉਣ ਦੀ ਮੰਗ ਉਠਾ ਰਹੇ ਹਨ।
ਪਰਿਵਾਰ ਨੇ ਘਟਨਾ 'ਤੇ ਚੁੱਕੇ ਸਵਾਲ
ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੀ ਧੀ ਸੰਦੀਪ ਕੌਰ ਨੂੰ ਉਨ੍ਹਾਂ ਨੇ ਨਾਨਕਿਆਂ ਨਾਲ ਰਲ ਕੇ ਜ਼ਮੀਨ ਵੇਚਣ ਕੇ ਵਿਦੇਸ਼ ਕੈਨੇਡਾ ਭੇਜਿਆ ਸੀ ਤਾਂ ਜੋ ਘਰ ਦੀ ਗਰੀਬੀ ਦੂਰ ਕੀਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਸੰਦੀਪ ਕੌਰ ਹੁਣ ਉੱਥੇ ਹੁਣ ਆਪਣੀ ਪੜ੍ਹਾਈ ਪੂਰੀ ਕਰ ਚੁੱਕੀ ਸੀ ਅਤੇ ਹੁਣ ਉਹ ਰੁਜ਼ਗਾਰ ਦੀ ਭਾਲ ਵਿੱਚ ਸੀ।
ਪਰਿਵਾਰਿਕ ਮੈਂਬਰਾਂ ਮੁਤਾਬਕ ਗੱਲਬਾਤ ਦੌਰਾਨ ਸੰਦੀਪ ਅਕਸਰ ਭਾਵੁਕ ਹੋ ਜਾਂਦੀ ਸੀ ਅਤੇ ਘਰ ਦੀ ਗਰੀਬੀ ਦੂਰ ਕਰਨ ਦਾ ਭਰੋਸਾ ਦਿੰਦੀ ਸੀ ਅਤੇ ਮਿਹਨਤ ਕਰਕੇ ਪੈਸੇ ਕਮਾ ਕੇ ਉਹਨਾਂ ਦਾ ਕਰਜ਼ਾ ਵੀ ਝੁਕਾਉਣ ਦਾ ਵਾਅਦਾ ਕਰਦੀ ਸੀ, ਪਰ 15 ਜਨਵਰੀ ਤੋਂ ਕੁੜੀ ਦਾ ਫੋਨ ਆਉਣਾ ਬੰਦ ਹੋ ਗਿਆ। ਜਦੋਂ ਸੰਦੀਪ ਬਾਰੇ ਪਰਿਵਾਰਿਕ ਮੈਂਬਰਾਂ ਨੇ ਕੈਨੇਡਾ ਪੁਲਿਸ ਤੋਂ ਪੁਲਿਸ ਨੇ ਇਹ ਜਾਣਕਾਰੀ ਦਿੱਤੀ ਕਿ ਕੁੜੀ ਬੀਚ 'ਤੇ ਆਪਣੇ ਦੋਸਤ ਨਾਲ ਫੋਟੋਆਂ ਖਿਚਾ ਰਹੀ ਸੀ ਤਾਂ ਸਮੁੰਦਰ ਦੀਆਂ ਲਹਿਰਾਂ ਆਉਣ ਕਾਰਨ ਉਹ ਸਮੁੰਦਰ ਵਿੱਚ ਵਹਾਅ 'ਚ ਰੁੜ੍ਹ ਗਈ।
ਪਰਿਵਾਰ ਨੇ ਪੰਜਾਬ ਤੇ ਕੇਂਦਰ ਸਰਕਾਰ ਨੂੰ ਲਾਈ ਗੁਹਾਰ
ਪਰਿਵਾਰਿਕ ਮੈਂਬਰਾਂ ਨੇ ਇਸ ਘਟਨਾ 'ਤੇ ਸਵਾਲ ਚੁੱਕੇ ਹਨ। ਉਹਨਾਂ ਦਾ ਕਹਿਣਾ ਹੈ ਕਿ ਇਸ ਘਟਨਾ ਦੀ ਗਹਿਰਾਈ ਨਾਲ ਜਾਂਚ ਕੀਤੀ ਜਾਵੇ। ਸੰਦੀਪ ਦੇ ਭਰਾ ਨੇ ਦੱਸਿਆ ਕਿ ਉਸ ਨੇ ਕਰੀਬ 3 ਮਹੀਨਾ ਪਹਿਲਾਂ ਆਪਣੇ ਸਾਰੇ ਸੋਸ਼ਲ ਅਕਾਊਂਟ ਵੀ ਬੰਦ ਕਰ ਦਿੱਤੇ ਸਨ ਅਤੇ ਪਰਿਵਾਰ ਨਾਲ ਵੀ ਬਹੁਤ ਘੱਟ ਗੱਲ ਕਰਦੀ ਸੀ ਤੇ ਉਸ ਦੀ ਉਸਦੇ ਮਾਮੇ ਨਾਲ ਇੱਕ ਜਨਵਰੀ ਨੂੰ ਗੱਲ ਹੋਈ ਸੀ ਅਤੇ ਉਸ ਸਮੇਂ ਵੀ ਉਹ ਕਾਫੀ ਨਰਵਸ ਲੱਗ ਰਹੀ ਸੀ ਤੇ ਕੰਮ ਨਾ ਮਿਲਣ ਦੀ ਚਿੰਤਾ ਜ਼ਰੂਰ ਪ੍ਰਗਟ ਕਰ ਰਹੀ ਸੀ। ਪਰਿਵਾਰਿਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੇ ਹੁਣ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਇਸ ਮਾਮਲੇ ਵਿੱਚ ਦਖਲ ਦੇ ਕੇ ਸੰਦੀਪ ਕੌਰ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ।
- PTC NEWS