Bathinda Bus Accident : 6 ਧੀਆਂ ਦੀ ਮਾਂ ਸੀ ਬੱਸ ਹਾਦਸੇ ਦੀ ਮ੍ਰਿਤਕਾ ਪਰਮਜੀਤ ਕੌਰ, ਬੱਚੀ ਤੋਂ ਸੁਣੋ ਕਿਵੇਂ ਨਿੱਕੀ ਭੈਣ ਦੀ ਬਚਾਈ ਜਾਨ
Bathinda Bus Accident : ਬਠਿੰਡਾ-ਤਲਵੰਡੀ ਸਾਬੋ ਰੋਡ 'ਤੇ ਵਾਪਰੇ ਬੱਸ ਹਾਦਸੇ ਨੇ ਕਈ ਘਰਾਂ 'ਚ ਸੱਥਰ ਵਿਛਾ ਦਿੱਤੇ ਹਨ, ਜਿਨ੍ਹਾਂ ਦੇ ਚਲੇ ਜਾਣ ਦਾ ਦਰਦ ਉਨ੍ਹਾਂ ਦੇ ਆਪਣੇ ਹੀ ਮਹਿਸੂਸ ਕਰ ਸਕਦੇ ਹਨ। ਬੱਸ ਹਾਦਸੇ ਨੇ ਕਿਸੇ ਮਾਪਿਆਂ ਤੋਂ ਉਸ ਦਾ ਬੱਚਾ ਖੋਹ ਲਿਆ, ਕਿਸੇ ਤੋਂ ਮਾਤਾ ਜਾਂ ਪਿਤਾ ਖੋਹ ਲਿਆ। ਅਜਿਹੀ ਹੀ ਰੌਂਗਟੇ ਖੜੇ ਕਰਨ ਵਾਲੀ ਮ੍ਰਿਤਕਾ ਪਰਮਜੀਤ ਕੌਰ ਦੀ ਕਹਾਣੀ ਹੈ, ਜੋ ਕਿ ਹਰਿਆਣਾ ਦੇ ਪਿੰਡ ਹੁਕਮਾਂਵਾਲੀ ਦੀ ਰਹਿਣ ਵਾਲੀ ਸੀ।
ਜਾਣਕਾਰੀ ਅਨੁਸਾਰ ਰੂਹ ਕੰਬਾਊ ਹਾਦਸੇ ਦੀ ਭੇਂਟ ਚੜ੍ਹੀ ਪਰਮਜੀਤ ਕੌਰ 6 ਧੀਆਂ ਦੀ ਮਾਂ ਸੀ, ਜਿਸ ਨਾਲ ਹਾਦਸੇ ਸਮੇਂ ਉਸ ਦੀਆਂ ਦੋ ਮਾਸੂਮ ਧੀਆਂ ਵੀ ਬੱਸ 'ਚ ਸਵਾਰ ਸਨ। ਪਰਮਜੀਤ ਕੌਰ ਆਪਣੇ ਪੇਕੇ ਪਿੰਡ ਦੋ ਧੀਆਂ ਨੂੰ ਨਾਲ ਲੈ ਕੇ ਜਾ ਰਹੀ ਸੀ, ਪਰ ਅਚਾਨਕ ਇਹ ਕਹਿਰ ਵਾਪਰ ਗਿਆ।
ਮਾਸੂਮ ਅੱਖਾਂ ਸਾਹਮਣੇ ਮਾਂ ਨੇ ਤੋੜਿਆ ਦਮ
ਬੱਸ ਦੇ ਹਾਦਸੇ ਦਾ ਸ਼ਿਕਾਰ ਹੋਣ ਸਮੇਂ ਪਰਮਜੀਤ ਕੌਰ ਨਾਲ ਉਸ ਦੀਆਂ ਦੋ ਧੀਆਂ ਸਨ। ਇਸ ਦੌਰਾਨ ਵੱਡੀ ਬੱਚੀ ਨੇ ਦੱਸਿਆ ਕਿ ਉਸ ਨੇ ਆਪਣੀ ਛੋਟੀ ਭੈਣ ਨੂੰ ਹਿੰਮਤ ਨਾਲ ਬਚਾ ਲਿਆ ਅਤੇ ਖੁਦ ਵੀ ਮੌਤ ਦੇ ਮੂੰਹ 'ਚੋਂ ਬਾਹਰ ਨਿਕਲ ਆਈ ਪਰ ਆਪਣੀ ਮਾਂ ਨੂੰ ਨਹੀਂ ਬਚਾ ਸਕੀ। ਉਸਨੇ ਦੱਸਿਆ ਕਿ ਉਹ ਬੱਸ ਦੀ ਪਾਈਪ ਦੇ ਸਹਾਰੇ ਖੜੀ ਰਹੀ ਤੇ ਆਪਣੀ ਛੋਟੀ ਭੈਣ ਨੂੰ ਗੋਦੀ ਵਿੱਚ ਲੈ ਕੇ ਉਸ ਨੂੰ ਬਚਾਇਆ। ਬੱਚੀ ਨੇ ਦੱਸਿਆ ਕਿ ਉਸਨੇ ਆਪਣੀ ਮਾਂ ਦਾ ਵੀ ਹੱਥ ਫੜਿਆ ਤੇ ਉਸ ਨੂੰ ਵੀ ਬਾਹਰ ਕਢਾਉਣ ਵਿੱਚ ਮਦਦ ਕੀਤੀ ਪਰ ਉਸਦੀ ਮਾਤਾ ਦੀ ਮੌਤ ਹੋ ਗਈ।
ਮ੍ਰਿਤਕਾ ਦੇ ਪਤੀ ਨੇ ਦੱਸਿਆ ਕਿ ਪਰਮਜੀਤ ਕੌਰ ਪੇਕੇ ਜਾ ਰਹੀ ਸੀ, ਜੋ ਕਿ ਆਪਣੇ ਨਾਲ ਆਪਣੀਆਂ ਚਾਰੇ ਧੀਆਂ ਨੂੰ ਲੈ ਕੇ ਜਾ ਰਹੀ ਸੀ ਪਰ ਦੋ ਧੀਆਂ ਨੇ ਨਾਨਕੇ ਜਾਣ ਤੋਂ ਇਨਕਾਰ ਕਰ ਦਿੱਤਾ, ਜਿਸ ਕਰਕੇ ਉਸ ਨਾਲ ਦੋ ਧੀਆਂ ਹੀ ਗਈਆਂ ਸਨ। ਮ੍ਰਿਤਕ ਦੇ ਪਤੀ ਨੇ ਦੱਸਿਆ ਕਿ ਉਸ ਦੀ ਪਤਨੀ ਉਸ ਦੇ ਕੰਮ ਵਿੱਚ ਵੀ ਹੱਥ ਵਟਾਉਂਦੀ ਸੀ ਅਤੇ ਸਮਾਗਮਾਂ ਵਿੱਚ ਰੋਟੀ ਪਕਾਉਣ ਦਾ ਕੰਮ ਕਰਦੀ ਸੀ।
ਪਿੰਡ ਵਾਸੀਆਂ ਨੇ ਇਸ ਪਰਿਵਾਰ ਦੀ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ ਕਿਉਂਕਿ ਇਸ ਪਰਿਵਾਰ ਦੇ ਛੇ ਲੜਕੀਆਂ ਸਨ, ਜਿਸ ਵਿੱਚੋਂ ਇੱਕ ਧੀ ਦੀ ਪਹਿਲਾਂ ਹੀ ਮੌਤ ਗਈ ਸੀ ਅਤੇ ਇੱਕ ਧੀ ਕਿਸੇ ਰਿਸ਼ਤੇਦਾਰ ਨੇ ਗੋਦ ਪਾ ਲਈ ਸੀ ਪਰ ਹੁਣ ਚਾਰ ਧੀਆਂ ਦਾ ਪਾਲਣ ਪੋਸ਼ਣ ਇਹ ਪਤੀ-ਪਤਨੀ ਹੀ ਕਰਦੇ ਸਨ।
- PTC NEWS