Bathinda News : ਤੇਜ਼ ਰਫਤਾਰ ਫਾਰਚੂਨਰ ਨੇ ਆਟੋ ਨੂੰ ਮਾਰੀ ਟੱਕਰ, 12 ਸਕੂਲੀ ਵਿਦਿਆਰਥੀ ਜ਼ਖ਼ਮੀ, 2 ਦੀ ਹਾਲਤ ਗੰਭੀਰ
Bathinda Accident : ਬਠਿੰਡਾ 'ਚ 100 ਫੁੱਟੀ ਰੋਡ 'ਤੇ ਭਿਆਨਕ ਸੜਕ ਹਾਦਸਾ ਹੋਇਆ ਹੈ। ਸਕੂਲੀ ਬੱਚਿਆਂ ਨਾਲ ਭਰੇ ਇੱਕ ਆਟੋ ਨੂੰ ਤੇਜ਼ ਰਫਤਾਰ ਫਾਰਚੂਨਰ ਗੱਡੀ ਵੱਲੋਂ ਟੱਕਰ ਮਾਰ ਦਿੱਤੀ ਗਈ, ਜਿਸ ਦੌਰਾਨ 12 ਬੱਚੇ ਜ਼ਖ਼ਮੀ ਦੱਸੇ ਜਾ ਰਹੇ ਹਨ। ਦੋ ਬੱਚਿਆਂ ਦੇ ਗੰਭੀਰ ਜ਼ਖ਼ਮੀ ਹੋਣ ਬਾਰੇ ਵੀ ਕਿਹਾ ਜਾ ਰਿਹਾ ਹੈ। ਫਿਲਹਾਲ ਬੱਚਿਆਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਜ਼ਖ਼ਮੀ ਸਕੂਲੀ ਬੱਚਿਆਂ ਨੂੰ ਸਹਾਰਾ ਕਲੱਬ ਬਠਿੰਡਾ ਅਤੇ ਨੌਜਵਾਨ ਵੈਲਫੇਅਰ ਸੋਸਾਇਟੀ ਦੇ ਮੈਂਬਰਾਂ ਨੇ ਹਸਪਤਾਲ ਦਾਖਲ ਕਰਵਾਇਆ। ਇਸ ਮੌਕੇ ਸਹਾਰਾ ਵੈਲਫੇਅਰ ਸੁਸਾਇਟੀ ਦੇ ਮੈਂਬਰ ਨੇ ਦੱਸਿਆ ਕਿ ਉਨ੍ਹਾਂ ਨੂੰ ਕਾਲ ਆਈ ਸੀ ਕਿ ਭਾਗੂ ਰੋਡ 'ਤੇ ਆਟੋ ਤੇ ਫਾਰਚੂਨਰ ਦੀ ਟੱਕਰ ਹੋਈ। ਇਸ ਦੌਰਾਨ 12 ਸਕੂਲੀ ਵਿਦਿਆਰਥੀ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਸੁਸਾਇਟੀ ਮੈਂਬਰ ਹਸਪਤਾਲ ਲੈ ਕੇ ਆਏ ਹਨ। ਉਸ ਨੇ ਦੱਸਿਆ ਕਿ ਹਾਲਾਤ ਹੁਣ ਠੀਕ ਹੈ, ਪਰ ਬੱਚਿਆਂ ਦੇ ਸੱਟਾਂ ਵੱਜੀਆਂ ਹਨ ਅਤੇ ਇਲਾਜ ਚੱਲ ਰਿਹਾ ਹੈ। ਉਸ ਨੇ ਦੱਸਿਆ ਕਿ ਹਾਦਸੇ 'ਚ ਆਟੋ ਪੂਰੀ ਤਰ੍ਹਾਂ ਭੰਨਿਆ ਗਿਆ।
ਘਟਨਾ ਦਾ ਪਤਾ ਲੱਗਣ 'ਤੇ ਬੱਚਿਆਂ ਦੇ ਮਾਪੇ ਵੀ ਸਿਵਲ ਹਸਪਤਾਲ ਪਹੁੰਚੇ। ਦੱਸਿਆ ਜਾ ਰਿਹਾ ਹੈ ਕਿ ਗੱਡੀ ਦੀ ਟੱਕਰ ਨਾਲ ਆਟੋ ਸੜਕ 'ਤੇ ਹੀ ਪਲਟ ਗਿਆ, ਜਿਸ ਕਾਰਨ ਬੱਚਿਆਂ 'ਚ ਚੀਕ-ਚਿਹਾੜਾ ਮੱਚ ਗਿਆ। ਬੱਚਿਆਂ ਦਾ ਰੋਲਾ ਸੁਣ ਕੇ ਆਸ-ਪਾਸ ਦੇ ਲੋਕ ਮੌਕੇ 'ਤੇ ਪਹੁੰਚੇ ਅਤੇ ਬੱਚਿਆਂ ਨੂੰ ਚੁੱਕਿਆ ਤੇ ਸੁਸਾਇਟੀ ਨੂੰ ਫੋਨ ਕਰਕੇ ਸੂਚਨਾ ਦਿੱਤੀ।
ਉਧਰ, ਘਟਨਾ ਦਾ ਪਤਾ ਲੱਗਣ 'ਤੇ ਪੁਲਿਸ ਵੀ ਮੌਕੇ 'ਤੇ ਪਹੁੰਚ ਗਈ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।
- PTC NEWS