ਪੰਜਾਬ 'ਚ ਟਰੈਕਟਰ ਸਟੰਟਾਂ 'ਤੇ ਰੋਕ; CM ਨੇ ਕਿਹਾ 'ਖੇਤਾਂ ਦੇ ਰਾਜਾ ਨੂੰ ਨਾ ਬਣਾਓ ਮੌਤ ਦਾ ਦੂਤ'
ਚੰਡੀਗੜ੍ਹ: ਪੰਜਾਬ 'ਚ ਟਰੈਕਟਰ ਸਟੰਟਾਂ 'ਤੇ ਪੰਜਾਬ ਦਰਕਾਰ ਵੱਲੋਂ ਮੁਕੰਮਲ ਤੌਰ 'ਤੇ ਰੋਕ ਲਗਾ ਦਿੱਤੀ ਗਈ ਹੈ। ਦੱਸ ਦੇਈਏ ਕਿ ਲੰਘੇ ਦਿਨੀਂ ਇੱਕ ਸਟੰਟ ਦੌਰਾਨ ਨੌਜਵਾਨ ਸਟੰਟਮੈਨ ਸੁਖਮਨਦੀਪ ਸਿੰਘ ਦੀ ਮੌਤ ਮਗਰੋਂ ਮਾਨ ਸਰਕਾਰ ਨੇ ਇਹ ਫ਼ੈਸਲਾ ਜਾਰੀ ਕੀਤਾ ਹੈ। ਇਸ ਦਰਮਿਆਨ CM ਮਾਨ ਨੇ ਕਿਹਾ ਕਿ ਖੇਤਾਂ ਦੇ ਰਾਜੇ ਨੂੰ ਮੌਤ ਦਾ ਦੂਤ ਨਾ ਬਣਾਇਆ ਜਾਵੇ।
CM ਭਗਵੰਤ ਮਾਨ ਨੇ ਆਪਣੇ ਅਧਿਕਾਰਿਤ X (ਟਵਿੱਟਰ) ਹੈਂਡਲ 'ਤੇ ਟਵੀਟ ਕਰਦਿਆਂ ਕਿਹਾ, "ਪਿਆਰੇ ਪੰਜਾਬੀਓ ਟਰੈਕਟਰ ਨੂੰ ਖੇਤਾਂ ਦਾ ਰਾਜਾ ਕਿਹਾ ਜਾਂਦਾ ਹੈ..ਇਹਨੂੰ ਮੌਤ ਦਾ ਦੂਤ ਨਾ ਬਣਾਓ.. ਟਰੈਕਟਰ ਅਤੇ ਸਬੰਧਤ ਸੰਦਾਂ ਨਾਲ ਕਿਸੇ ਵੀ ਕਿਸਮ ਦੇ ਸਟੰਟ ਜਾਂ ਖਤਰਨਾਕ ਪ੍ਰਦਰਸ਼ਨ ਤੇ ਪੰਜਾਬ ਚ ਪਾਬੰਦੀ ਲਗਾਈ ਜਾ ਰਹੀ ਹੈ..ਬਾਕੀ ਵੇਰਵੇ ਜਲਦੀ.."
ਪਿਆਰੇ ਪੰਜਾਬੀਓ ਟਰੈਕਟਰ ਨੂੰ ਖੇਤਾਂ ਦਾ ਰਾਜਾ ਕਿਹਾ ਜਾਂਦਾ ਹੈ..ਇਹਨੂੰ ਮੌਤ ਦਾ ਦੂਤ ਨਾ ਬਣਾਓ.. ਟਰੈਕਟਰ ਅਤੇ ਸਬੰਧਤ ਸੰਦਾਂ ਨਾਲ ਕਿਸੇ ਵੀ ਕਿਸਮ ਦੇ ਸਟੰਟ ਜਾਂ ਖਤਰਨਾਕ ਪ੍ਰਦਰਸ਼ਨ ਤੇ ਪੰਜਾਬ ਚ ਪਾਬੰਦੀ ਲਗਾਈ ਜਾ ਰਹੀ ਹੈ..ਬਾਕੀ ਵੇਰਵੇ ਜਲਦੀ.. pic.twitter.com/qxEA6gUdmy — Bhagwant Mann (@BhagwantMann) October 30, 2023
ਕਾਬਲੇਗੌਰ ਹੈ ਕਿ ਬੀਤੇ ਦਿਨੀ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਫਤਿਹਗੜ੍ਹ ਚੂੜੀਆਂ ਦੇ ਪਿੰਡ ਸਾਰਚੂਰ ਵਿੱਚ ਕਰਵਾਏ ਗਏ ਇੱਕ ਖੇਡ ਮੇਲੇ ਦੌਰਾਨ ਸਟੰਟ ਕਰਦਿਆਂ ਨੌਜਵਾਨ ਸੁਖਮਨਦੀਪ ਦੀ ਟਰੈਕਟਰ ਥੱਲੇ ਆ ਕੇ ਦਰਦਨਾਕ ਮੌਤ ਹੋ ਗਈ ਸੀ। ਇਸ ਘਟਨਾ ਨੇ ਪੂਰੇ ਸੂਬੇ 'ਚ ਹਾਹਾਕਾਰ ਮਚਾ ਦਿੱਤੀ ਹੈ।
ਇਸ ਦਰਦਨਾਕ ਹਾਦਸੇ ਮਗਰੋਂ ਡਿਪਟੀ ਕਮਿਸ਼ਨਰ ਨੇ ਖੁਲਾਸਾ ਕੀਤਾ ਹੈ ਕਿ ਮੇਲਾ ਕਮੇਟੀ ਨੇ ਪ੍ਰਸ਼ਾਸਨ ਤੋਂ ਸਟੰਟ ਦੀ ਮਨਜ਼ੂਰੀ ਨਹੀਂ ਲਈ ਸੀ। ਉਨ੍ਹਾਂ ਕਿਹਾ ਕਿ ਮੇਲਾ ਕਮੇਟੀਆਂ ਨੂੰ ਚਾਹੀਦਾ ਹੈ ਕਿ ਜੇਕਰ ਅਜਿਹੇ ਸਟੰਟ ਕਰਵਾਣੇ ਹੋਣ ਤਾਂ ਪ੍ਰਸ਼ਾਸਨ ਤੋਂ ਮਨਜ਼ੂਰੀ ਲੈਣ ਅਤੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਬਚਾਵ ਦੇ ਪੂਰੇ ਇੰਤਜ਼ਾਮ ਕਰਨ ਤੋ ਬਾਅਦ ਹੀ ਅਜਿਹੇ ਪ੍ਰੋਗਰਾਮ ਕਰਵਾਉਣ।
ਉਨ੍ਹਾਂ ਇਹ ਵੀ ਕਿਹਾ ਕਿ ਜ਼ਿਲ੍ਹਾ ਗੁਰਦਾਸਪੁਰ ਨਾਲ ਸਬੰਧਤ ਵੱਖ-ਵੱਖ ਖੇਤਰਾਂ ਦੇ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਉਹ ਆਪੋ-ਆਪਣੇ ਖੇਤਰਾਂ ਵਿਚ ਲੱਗਣ ਵਾਲੇ ਅਜਿਹੇ ਮੇਲਿਆਂ 'ਤੇ ਵਿਸ਼ੇਸ਼ ਨਜ਼ਰ ਰੱਖਣ ਅਤੇ ਪ੍ਰਸ਼ਾਸਨ ਦੀ ਪ੍ਰਵਾਨਗੀ ਤੋਂ ਬਿਨਾਂ ਅਜਿਹਾ ਕੋਈ ਵੀ ਪ੍ਰੋਗਰਾਮ ਕਰਵਾਉਣ ਦੀ ਮੰਨਜ਼ੂਰੀ ਨਾ ਦੇਣ, ਜਿਸ ਵਿੱਚ ਅਜਿਹਾ ਕੋਈ ਸਟੰਟ ਕਰਵਾਇਆ ਜਾਣਾ ਹੋਵੇ ਜਿਸ ਵਿੱਚ ਜਾਨ ਦਾ ਖਤਰਾ ਹੋਵੇ।
ਇਹ ਵੀ ਪੜ੍ਹੋ: ਦਿੱਲੀ ਸ਼ਰਾਬ ਨੀਤੀ ਘੁਟਾਲੇ ਮਗਰੋਂ ਮਜੀਠੀਆ ਨੇ ਪੰਜਾਬ ਸ਼ਰਾਬ ਨੀਤੀ ’ਤੇ ਚੁੱਕੇ ਸਵਾਲ
- PTC NEWS