ਪਟਿਆਲਾ ਦੇ ਬਾਨੀ ਬਾਬਾ ਆਲਾ ਸਿੰਘ ਦਾ ਰਾਜ, ਰਾਜ ਪਿੱਛੇ ਸਰਬੱਤ ਖਾਲਸਾ ਤੋਂ ਕਿਉਂ ਮੰਗੀ ਸੀ ਮੁਆਫ਼ੀ? ਜਾਣੋ
ਪੀਟੀਸੀ ਨਿਊਜ਼ ਡੈਸਕ: ਬਾਬਾ ਆਲਾ ਸਿੰਘ ਦੇ 333ਵੇਂ ਜਨਮ ਦਿਵਸ ਮੌਕੇ 'ਤੇ ਬੁਰਜ ਬਾਬਾ ਆਲਾ ਸਿੰਘ, ਕਿਲ੍ਹਾ ਮੁਬਾਰਕ ਵਿਖੇ ਅੱਜ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਐਮ.ਪੀ. ਪਟਿਆਲਾ ਪ੍ਰਨੀਤ ਕੌਰ ਅਤੇ ਬੀਬਾ ਜੈ ਇੰਦਰ ਕੌਰ ਵਲੋਂ ਇਸ ਮੌਕੇ 'ਤੇ ਪੂਜਾ ਅਰਚਨਾ ਕੀਤੀ ਗਈ ਅਤੇ ਪ੍ਰਮਾਤਮਾ ਅੱਗੇ ਪਟਿਆਲਾ ਅਤੇ ਪੰਜਾਬ ਦੀ ਚੜਦੀਕਲਾ ਦੀ ਅਰਦਾਸ ਕੀਤੀ ਗਈ।
ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਅਧਿਕਾਰਿਤ ਵੈਬਸਾਈਟ 'ਪੰਜਾਬੀ ਪੀਡੀਆ' ਮੁਤਾਬਕ ਬਾਬਾ ਆਲਾ ਸਿੰਘ (1691-1765) ਪਟਿਆਲਾ ਤੇ ਰਾਜ ਕਰਨ ਵਾਲੇ ਪਹਿਲੇ ਮੁਖੀ ਸਨ। ਉਨ੍ਹਾਂ ਦਾ ਜਨਮ ਅਜੋਕੇ ਜ਼ਿਲ੍ਹਾ ਬਠਿੰਡਾ ਦੇ ਫੂਲ ਵਿਖੇ 1691 ਨੂੰ ਭਾਈ ਰਾਮ ਸਿੰਘ ਦੇ ਤੀਸਰੇ ਪੁੱਤਰ ਵਜੋਂ ਹੋਇਆ ਸੀ।
ਬਾਬਾ ਆਲਾ ਸਿੰਘ ਦੇ ਦਾਦੇ ਬਾਬਾ ਫੂਲ ਨੂੰ ਜਦੋਂ ਉਹ ਛੋਟੇ ਬੱਚੇ ਹੀ ਸਨ, ਗੁਰੂ ਹਰਗੋਬਿੰਦ ਸਾਹਿਬ ਨੇ ਬਖਸ਼ਿਸ਼ ਕੀਤੀ ਸੀ। ਆਲਾ ਸਿੰਘ ਦੇ ਪਿਤਾ ਅਤੇ ਚਾਚਾ ਤਿਲੋਕ ਸਿੰਘ, ਦੋਵਾਂ ਨੇ ਗੁਰੂ ਗੋਬਿੰਦ ਸਿੰਘ ਜੀ ਤੋਂ ਅੰਮ੍ਰਿਤ ਛਕਿਆ ਸੀ, ਜਿਨ੍ਹਾਂ ਨੇ ਉਨ੍ਹਾਂ ਦੇ ਪਰਿਵਾਰ ਨੂੰ ਇਹ ਕਹਿ ਕੇ ਸਤਿਕਾਰਿਆ ਸੀ, “ਤੇਰਾ ਘਰੁ ਮੇਰਾ ਅਸੈ"।
ਪੰਜਾਬੀ ਪੀਡੀਆ ਮੁਤਾਬਕ ਬਾਬਾ ਆਲਾ ਸਿੰਘ ਦਾ ਜਿੱਤਾਂ ਵਾਲਾ ਜੀਵਨ 1716 ਵਿਚ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਪਿੱਛੋਂ ਸ਼ੁਰੂ ਹੁੰਦਾ ਹੈ ਜਦੋਂ ਕੇਂਦਰੀ ਪੰਜਾਬ ਵਿਚ ਬਹੁਤ ਗੜਬੜੀ ਮਚੀ ਹੋਈ ਸੀ। ਆਲਾ ਸਿੰਘ ਬਠਿੰਡਾ ਤੋਂ 40 ਕਿਲੋਮੀਟਰ ਦੂਰ ਫੂਲ ਵਿਖੇ ਰਹਿ ਰਹੇ ਸਨ। ਇਨ੍ਹਾਂ ਨੇ ਆਪਣੇ ਆਲੇ ਦੁਆਲੇ ਜੋਸ਼ੀਲੇ ਅਤੇ ਦਲੇਰ ਨੌਜਵਾਨ ਇਕੱਠੇ ਕੀਤੇ। 1722 ਵਿਚ ਇਹਨਾਂ ਨੇ ਆਪਣਾ ਮੁੱਖ ਟਿਕਾਣਾ (ਹੈਡਕੁਆਟਰ) ਬਰਨਾਲਾ ਵਿਖੇ ਕਾਇਮ ਕੀਤਾ ਅਤੇ ਉਸ ਤੋਂ ਪੂਰਬ ਵਲ ਦਾ 32 ਕਿਲੋਮੀਟਰ ਦੂਰ ਤਕ ਦਾ ਇਲਾਕਾ ਮੱਲ ਲਿਆ ਜਿਸ ਵਿਚ 30 ਪਿੰਡ ਆਉਂਦੇ ਸਨ।
ਬਾਬਾ ਆਲਾ ਸਿੰਘ ਨੇ ਦਲ ਖ਼ਾਲਸਾ ਦੀ ਮਦਦ ਨਾਲ ਭੱਟੀਆਂ ਦੇ ਕਈ ਪਿੰਡਾਂ ਨੂੰ ਲੁੱਟਿਆ ਅਤੇ ਆਪਣੇ ਨਾਲ ਮਿਲਾ ਲਿਆ। ਉਨ੍ਹਾਂ ਨੇ ਕਈ ਹੋਰ ਨਵੇਂ ਪਿੰਡ ਵੀ ਵਸਾਏ। ਸਾਲ 1745-48 ਤੱਕ ਆਲਾ ਸਿੰਘ ਸਰਹਿੰਦ ਦੇ ਮੁਗਲ ਗਵਰਨਰ ਅਲੀ ਮੁਹੰਮਦ ਖ਼ਾਨ ਰੁਹੀਲਾ ਦੀ ਕੈਦ ਵਿਚ ਵੀ ਰਹੇ ਅਤੇ ਉਨ੍ਹਾਂ ਨੂੰ ਉਦੋਂ ਹੀ ਛੱਡਿਆ ਗਿਆ ਜਦੋਂ ਅਲੀ ਮੁਹੰਮਦ ਫਰਵਰੀ 1748 'ਚ ਅਫਗਾਨ ਹਮਲਾਵਰ ਅਹਮਦ ਸ਼ਾਹ ਦੁੱਰਾਨੀ ਦੇ ਆਉਣ ਨਾਲ ਰਾਜਧਾਨੀ ਛੱਡ ਭੱਜ ਗਿਆ।
ਜਿਸ ਮਗਰੋਂ ਮੁਗਲਾਂ ਅਤੇ ਅਹਮਦ ਸ਼ਾਹ ਦੁੱਰਾਨੀ ਵਿਚ ਹੋਈ ਜੰਗ ਦੌਰਾਨ ਆਲਾ ਸਿੰਘ ਨੇ ਮੁਗਲਾਂ ਦੀ ਮਦਦ ਵੀ ਕੀਤੀ। ਤਿੰਨ ਸਾਲਾਂ ਪਿੱਛੋਂ ਆਲਾ ਸਿੰਘ ਨੇ ਸਨੌਰ ਦਾ ਜ਼ਿਲ੍ਹਾ, ਜਿਸਨੂੰ ਚੌਰਾਸੀ ਕਿਹਾ ਜਾਂਦਾ ਸੀ ਅਤੇ ਜੋ ਕਿ ਚੌਰਾਸੀ ਪਿੰਡਾਂ ਦਾ ਸਮੂਹ ਸੀ, ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਗਿਆ। ਜਿਥੇ ਫਿਰ 1763 ਵਿੱਚ ਕਿਲ੍ਹਾ ਬਣਾਇਆ ਗਿਆ ਅਤੇ ਜਿਹੜਾ ਇਸ ਪਿੱਛੋਂ ਆਲਾ ਸਿੰਘ ਦਾ ਪੱਕਾ ਟਿਕਾਣਾ ਬਣ ਗਿਆ। ਜੋ ਬਾਅਦ ਵਿੱਚ ਪਟਿਆਲੇ ਦੇ ਤੌਰ ਤੇ ਪ੍ਰਸਿੱਧ ਹੋਇਆ। 1760 ਦੇ ਅੰਤ ਵਿਚ ਆਲਾ ਸਿਘ ਕੋਲ 726 ਪਿੰਡ ਸਨ ਜਿਨ੍ਹਾਂ ਵਿਚ ਕਈ ਕਸਬੇ ਵੀ ਸਨ।
ਸਾਲ 1761 ਪਾਣੀਪਤ ਦੀ ਲੜਾਈ ਦੇ ਅੰਤ ਸਮੇਂ ਜਦੋਂ ਮਰੱਠਿਆਂ ਨੂੰ ਅਹਮਦ ਸ਼ਾਹ ਦੁੱਰਾਨੀ ਨੇ ਘੇਰ ਲਿਆ ਸੀ, ਆਲਾ ਸਿੰਘ ਨੇ ਉਹਨਾਂ ਦੀ ਰਸਦ ਅਤੇ ਹੋਰ ਵਸਤਾਂ ਭੇਜ ਮਦਦ ਕੀਤੀ ਸੀ। ਫਰਵਰੀ 1762 ਵਿਚ ਵੱਡੇ ਘੱਲੂਘਾਰੇ ਵਿੱਚ ਆਲਾ ਸਿੰਘ ਨਿਰਪੱਖ ਰਹੇ। ਪਰ ਅਹਮਦ ਸ਼ਾਹ ਨੇ ਬਰਨਾਲੇ ਦੀ ਤਬਾਹੀ ਕਰ ਫਿਰ ਵੀ ਸਜ਼ਾ ਦਿੱਤੀ। ਆਲਾ ਸਿੰਘ ਨੂੰ ਦਾੜ੍ਹੀ ਅਤੇ ਸਿਰ ਮੁਨਾਉਣ ਦਾ ਹੁਕਮ ਦਿੱਤਾ ਗਿਆ। ਉਨ੍ਹਾਂ ਹੁਕਮ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਸਵਾ ਲੱਖ ਰੁਪਿਆ ਜੁਰਮਾਨਾ ਦੇਣਾ ਮੰਨ ਲਿਆ। ਸ਼ਾਹ ਨੇ ਪੈਸਾ ਪਰਵਾਨ ਕਰ ਲਿਆ ਪਰ ਸ਼ਾਹ ਆਲਾ ਸਿੰਘ ਨੂੰ ਗ੍ਰਿਫ਼ਤਾਰ ਕਰ ਆਪਣੇ ਨਾਲ ਲਾਹੌਰ ਲੈ ਗਿਆ। ਜਿਥੇ ਆਲਾ ਸਿੰਘ ਨੇ ਪੰਜ ਲੱਖ ਰੁਪਿਆ ਹੋਰ ਦੇ ਕੇ ਆਪਣੀ ਬੰਦ ਖਲਾਸੀ ਕਰਵਾਈ।
ਆਲਾ ਸਿੰਘ ਨੇ ਦਲ ਖ਼ਾਲਸਾ ਦੇ ਮੁਖੀ, ਨਵਾਬ ਕਪੂਰ ਸਿੰਘ ਤੋਂ 1732 ਵਿਚ ਅੰਮ੍ਰਿਤ ਛੱਕਿਆ ਸੀ। ਸਾਲ 1764 ਵਿਚ ਸਰਹਿੰਦ ਉੱਤੇ ਹਮਲੇ ਵੇਲੇ ਇਹ ਜੱਸਾ ਸਿੰਘ ਆਹਲੂਵਾਲੀਆ ਦੇ ਸਾਥੀ ਵੀ ਰਹੇ। ਪਿੱਛੋਂ ਆਲਾ ਸਿੰਘ ਨੇ ਭਾਈ ਬੁੱਢਾ ਸਿੰਘ ਤੋਂ ਇਹ ਕਸਬਾ ਖਰੀਦ ਲਿਆ। ਭਾਈ ਬੁੱਢਾ ਸਿੰਘ ਨੂੰ ਖ਼ਾਲਸਾ ਦਲ ਵਲੋਂ ਇਹ ਕਸਬਾ ਦਿੱਤਾ ਗਿਆ ਸੀ। 29 ਮਾਰਚ 1761 ਨੂੰ ਅਹਮਦ ਸ਼ਾਹ ਦੁੱਰਾਨੀ ਨੇ ਆਲਾ ਸਿੰਘ ਦੁਆਰਾ ਮੱਲੇ ਹੋਏ ਇਲਾਕੇ ਉੱਤੇ ਅਧਿਕਾਰ ਨੂੰ ਮੰਨ ਲਿਆ ਅਤੇ ਭਾਰਤ ਉੱਤੇ ਆਪਣੇ ਸੱਤਵੇਂ ਹਮਲੇ ਵੇਲੇ ਆਲਾ ਸਿਘ ਨੂੰ ਸਾਲ 1765 ਨੂੰ ਸਰਹਿੰਦ ਦੀ ਸਰਕਾਰ ਵਿਚ ਪੱਕਾ ਕਰ ਦਿੱਤਾ ਅਤੇ ਰਾਜਾ ਦੀ ਉਪਾਧੀ ਦਿੱਤੀ, ਸਨਮਾਨ ਸੂਚਕ ਬਸਤਰ, ਇਕ ਨਗਾਰਾ ਅਤੇ ਬਾਦਸ਼ਾਹਤ ਦੀ ਨਿਸ਼ਾਨੀ ਵਜੋਂ ਇਕ ਝੰਡਾ ਵੀ ਦਿੱਤਾ ਸੀ।
ਬਾਬਾ ਆਲਾ ਸਿੰਘ ਅਤੇ ਸਰਦਾਰ ਜੱਸਾ ਸਿੰਘ ਆਲਹੂਵਾਲੀਆ ਦਾ ਜ਼ਿਕਰ ਕਰੀਏ ਤਾਂ ਇਨ੍ਹਾਂ ਨੂੰ ਸਿੱਖ ਕੌਮ ਦੇ ਦੋ ਸ਼ਕਤੀਸ਼ਾਲੀ ਜਰਨੈਲ ਮੰਨਿਆ ਜਾਂਦਾ ਹੈ। ਇਨ੍ਹਾਂ ਦੋਹਾਂ ਨੇ ਬਾਬਾ ਬੰਦਾ ਸਿੰਘ ਬਹਾਦੁਰ ਦੇ ਸਥਾਪਿਤ ਖਾਲਸਾ ਰਾਜ ਦੀਆਂ ਹੱਦਾਂ ਨੂੰ ਦਿੱਲੀ ਤੋਂ ਲਾਹੌਰ ਤੱਕ ਵਧਾਇਆ ਅਤੇ ਦੋਹਾਂ ਨੇ ਹੀ ਇਕੋ ਸਮੇਂ ਰਾਜ ਵੀ ਕੀਤਾ। ਇਹ ਦੋਵੇਂ ਹੀ ਸ਼ਾਸ਼ਕ ਆਪਣੇ ਅਪਣੇ ਖਿੱਤੇ 'ਚ ਬਹੁਤ ਪ੍ਰਭਾਵਸ਼ਾਲੀ ਜਰਨੈਲ ਅਤੇ ਯੋਧਾ ਹੋਏ ਸਨ। ਦੋਵੇਂ ਹੀ ਪਾਹੁਲ ਧਾਰੀ ਅਤੇ ਗੁਰੂ ਘਰ ਨੂੰ ਸਮਰਪਿਤ ਸਨ।
ਫੁਲਕੀਆਂ ਮਿਸਲ ਚੋਂ ਬਾਬਾ ਆਲਾ ਸਿੰਘ ਨੇ ਜੰਗਾਂ ਜਿਤ ਜਿਤ ਕੇ ਅਪਣੀ ਰਿਆਸਤ ਦੇ 84 ਪਿੰਡਾਂ ਨੂੰ 726 ਪਿੰਡਾ ਵਾਲੀ ਇਕ ਵੱਡੀ ਰਿਆਸਤ ਦੇ ਰੂਪ ਵਿੱਚ ਕਾਇਮ ਕਰ ਲਿਆ ਸੀ। ਪਰ ਇਤਿਹਾਸ 'ਚ ਇਹ ਵੀ ਜ਼ਿਕਰ ਆਉਂਦਾ ਹੈ ਕਿ ਬਾਬਾ ਆਲਾ ਸਿੰਘ ਨੂੰ ਸਰਬੱਤ ਖਾਲਸਾ ਅਤੇ ਦਲ ਖਾਲਸਾ ਦਾ ਗੁੱਸਾ ਅਤੇ ਅਪਮਾਨ ਵੀ ਸਹਿਣਾ ਪਿਆ ਸੀ। ਕਿਉਂਕਿ ਬਾਬਾ ਆਲਾ ਸਿੰਘ ਨੇ ਅਹਿਮਦ ਸ਼ਾਹ ਦੁੱਰਾਨੀ ਨੂੰ ਪੰਜ ਲੱਖ ਰੁਪਈਆ ਦੇ ਕੇ ਉਸ ਦੀ ਈਨ ਮੰਨ ਲਈ ਜਦ ਕਿ ਅਹਿਮਦ ਸ਼ਾਹ ਸਿੱਖ ਕੌਮ ਦਾ ਬਹੁਤ ਵੱਡਾ ਦੋਖੀ ਅਤੇ ਕਾਤਲ ਸੀ। ਜਦੋਂ ਸਰਬੱਤ ਖਾਲਸਾ ਦਾ ਇਕੱਠ ਹੋਇਆ ਤਾਂ ਬਾਬਾ ਆਲਾ ਸਿੰਘ ਨੇ ਉਨ੍ਹਾਂ ਵਿੱਚ ਮੁਆਫੀ ਮੰਗ ਕੇ ਅਪਣੀ ਗਲਤੀ ਦੀ ਸਜ਼ਾ ਭੁਗਤਾਈ ਸੀ।
ਬਾਬਾ ਆਲਾ ਸਿੰਘ 7 ਅਗਸਤ 1765 ਨੂੰ ਪਟਿਆਲੇ ਵਿਖੇ ਅਕਾਲ ਚਲਾਣਾ ਕਰ ਗਏ ਅਤੇ ਇਹਨਾਂ ਦਾ ਅਜੋਕੇ ਸ਼ਹਿਰ ਦੇ ਅੰਦਰਲੇ ਕਿਲ੍ਹੇ ਵਿੱਚ ਸਸਕਾਰ ਕੀਤਾ ਗਿਆ।
-