Axis Bank-Citibank : ਐਕਸਿਸ ਬੈਂਕ ਨੇ ਖ਼ਰੀਦਿਆ ਸਿਟੀ ਬੈਂਕ ਦਾ ਰਿਟੇਲ ਕਾਰੋਬਾਰ, ਗਾਹਕਾਂ ਲਈ ਵੱਡੇ ਬਦਲਾਅ
ਨਵੀਂ ਦਿੱਲੀ : ਇਕ ਮਾਰਚ 2023 ਤੋਂ ਕਾਰੋਬਾਰ ਨਾਲ ਸਬੰਧਤ ਬਹੁਤ ਸਾਰੇ ਬਦਲਾਅ ਕੀਤੇ ਗਏ ਹਨ। ਇਸ ਵਿਚ ਰਸੋਈ ਗੈਸ ਦੀ ਕੀਮਤ ਤੋਂ ਲੈ ਕੇ ਬੈਂਕਿੰਗ ਨਿਯਮਾਂ ਤੱਕ ਸਭ ਕੁਝ ਸ਼ਾਮਲ ਹੈ। ਇਸ ਦੌਰਾਨ ਅੱਜ ਤੋਂ ਇਕ ਹੋਰ ਵੱਡਾ ਬਦਲਾਅ ਦੇਖਣ ਨੂੰ ਮਿਲੇਗਾ, ਜੋ ਕਿ ਸਿਟੀ ਬੈਂਕ ਦੇ ਗਾਹਕਾਂ ਨਾਲ ਸਬੰਧਤ ਹੈ। ਦਰਅਸਲ ਭਾਰਤ ਵਿਚ ਸਿਟੀ ਬੈਂਕ ਦਾ ਰਿਟੇਲ ਕਾਰੋਬਾਰ ਹੁਣ ਐਕਸਿਸ ਬੈਂਕ ਨਾਲ ਜੁੜ ਗਿਆ ਹੈ। ਇਸ ਨਾਲ ਜੁੜੇ ਸਾਰੇ ਗਾਹਕ ਹੁਣ ਐਕਸਿਸ ਬੈਂਕ ਦੀਆਂ ਸਹੂਲਤਾਂ ਦੀ ਵਰਤੋਂ ਕਰ ਸਕਣਗੇ। ਸਿਟੀਬੈਂਕ ਦੇ ਪ੍ਰਚੂਨ ਕਾਰੋਬਾਰ ਵਿਚ ਕ੍ਰੈਡਿਟ ਕਾਰਡ, ਹੋਮ ਅਤੇ ਪਰਸਨਲ ਲੋਨ, ਰਿਟੇਲ ਬੈਂਕਿੰਗ, ਬੀਮਾ ਸੇਵਾਵਾਂ ਸ਼ਾਮਲ ਹਨ।
ਦੇਸ਼ ਭਰ ਵਿਚ ਸਿਟੀਬੈਂਕ ਦੀਆਂ 35 ਬ੍ਰਾਂਚਾਂ
ਅਸਲ ਵਿਚ ਸਾਲ 2021 ਵਿਚ ਸਿਟੀਗਰੁੱਪ ਦੁਆਰਾ ਭਾਰਤ ਸਮੇਤ 13 ਦੇਸ਼ਾਂ ਵਿਚ ਪ੍ਰਚੂਨ ਬੈਂਕਿੰਗ ਸੰਚਾਲਨ ਨੂੰ ਛੱਡਣ ਦਾ ਐਲਾਨ ਕੀਤਾ ਗਿਆ ਸੀ। ਇਸ ਦੇ ਤਹਿਤ ਐਕਸਿਸ ਬੈਂਕ ਦੇ ਐਕਵਾਇਰ 'ਤੇ ਭਾਰਤ 'ਚ ਬੈਂਕ ਦੇ ਕਾਰੋਬਾਰ 'ਤੇ ਮੋਹਰ ਲੱਗ ਗਈ। ਅੱਜ 1 ਮਾਰਚ ਨੂੰ ਇਸ ਪ੍ਰਾਪਤੀ ਦੇ ਨਾਲ ਸਿਟੀ ਬੈਂਕ ਦੇ ਰਿਟੇਲ ਗਾਹਕਾਂ ਨੂੰ ਐਕਸਿਸ ਬੈਂਕ ਵਿਚ ਤਬਦੀਲ ਕਰ ਦਿੱਤਾ ਹੈ। ਸਿਟੀਬੈਂਕ ਭਾਰਤ ਵਿਚ 1902 ਤੋਂ ਮੌਜੂਦ ਹੈ, 1985 ਤੋਂ ਉਪਭੋਗਤਾ ਬੈਂਕਿੰਗ ਕਾਰੋਬਾਰ ਵਿਚ ਕੰਮ ਕਰ ਰਿਹਾ ਹੈ। ਦੇਸ਼ ਵਿਚ ਇਸ ਦੀਆਂ 35 ਬ੍ਰਾਂਚਾਂ ਹਨ ਤੇ ਲਗਭਗ 4,000 ਕਰਮਚਾਰੀ ਉਪਭੋਗਤਾ ਬੈਂਕਿੰਗ ਕਾਰੋਬਾਰ ਵਿਚ ਕੰਮ ਕਰ ਰਹੇ ਹਨ।
ਪਿਛਲੇ ਸਾਲ ਹੋਇਆ ਸੀ ਸਮਝੌਤਾ
ਐਕਸਿਸ ਅਤੇ ਸਿਟੀ ਵਿਚਾਲੇ ਸਮਝੌਤਾ ਪਿਛਲੇ ਸਾਲ ਮਾਰਚ 'ਚ ਹੋਇਆ ਸੀ। ਐਕਸਿਸ ਬੈਂਕ ਨੇ ਪਿਛਲੇ ਸਾਲ ਕਿਹਾ ਸੀ ਕਿ ਉਸ ਨੇ ਭਾਰਤ 'ਚ ਸਿਟੀ ਬੈਂਕ ਦੇ ਖਪਤਕਾਰ ਕਾਰੋਬਾਰ ਨੂੰ ₹12,325 ਕਰੋੜ ($1.6 ਬਿਲੀਅਨ) ਵਿਚ ਖਰੀਦਣ ਲਈ ਸਮਝੌਤੇ ਕੀਤੇ ਸਨ। ਕਾਬਿਲੇਗੌਰ ਹੈ ਕਿ ਸਿਟੀ ਬੈਂਕ ਦੇ ਖਪਤਕਾਰ ਕਾਰੋਬਾਰ ਵਿਚ ਲੋਨ, ਕ੍ਰੈਡਿਟ ਕਾਰਡ, ਵੈਲਥ ਮੈਨੇਜਮੈਂਟ ਅਤੇ ਰਿਟੇਲ ਬੈਂਕਿੰਗ ਆਪਰੇਸ਼ਨ ਸ਼ਾਮਲ ਹਨ।
ਬੈਂਕ ਨੂੰ ਐਕਵਾਇਰ ਪੂਰਾ ਕਰਨ ਲਈ 12 ਮਹੀਨਿਆਂ ਦਾ ਸਮਾਂ ਦਿੱਤਾ ਗਿਆ ਸੀ। ਪਿਛਲੇ ਸਾਲ ਜੁਲਾਈ ਵਿਚ ਐਕਸਿਸ ਬੈਂਕ ਨੂੰ ਇਸ ਲਈ ਭਾਰਤੀ ਮੁਕਾਬਲੇਬਾਜ਼ੀ ਕਮਿਸ਼ਨ (ਸੀਸੀਆਈ) ਤੋਂ ਮਨਜ਼ੂਰੀ ਮਿਲੀ ਸੀ।
ਸੌਦੇ ਮਗਰੋਂ ਐਕਸਿਸ 'ਚ ਕੀ ਹੋਣਗੇ ਬਦਲਾਅ
ਇਸ ਡੀਲ ਮਗਰੋਂ ਐਕਸਿਸ ਦਾ ਪੋਰਟਫੋਲੀਓ ਪਹਿਲਾਂ ਨਾਲੋਂ ਜ਼ਿਆਦਾ ਮਜ਼ਬੂਤ ਹੋਵੇਗਾ। ਇਸ ਡੀਲ ਤੋਂ ਬਾਅਦ ਐਕਸਿਸ ਦੇ ਖਾਤੇ 'ਚ 2.5 ਕਰੋੜ ਯੂਜ਼ਰਸ ਜੋੜੇ ਜਾਣਗੇ। ਉਸ ਦਾ ਕ੍ਰੈਡਿਟ ਕਾਰਡ ਪੋਰਟਫੋਲੀਓ, 50,200 ਕਰੋੜ ਰੁਪਏ ਦੀ ਜਮ੍ਹਾਂ ਰਕਮ ਐਕਸਿਸ ਕੋਲ ਜਾਵੇਗੀ। ਭਾਰਤ ਵਿੱਚ Citi ਦੇ ਸੱਤ ਦਫ਼ਤਰ, 21 ਸ਼ਾਖਾਵਾਂ ਅਤੇ Citi ਦੇ 499 ATM ਦਾ ਨੈੱਟਵਰਕ ਵੀ ਐਕਸਿਸ ਵਿੱਚ ਜਾਵੇਗਾ। ਸਿਟੀ ਬੈਂਕ ਦੇ 25 ਲੱਖ ਕਾਰਡ ਐਕਸਿਸ ਬੈਂਕ ਕੋਲ ਜਾਣਗੇ ਅਤੇ ਇਸ ਨਾਲ ਕਾਰਡ ਪੋਰਟਫੋਲੀਓ ਦੀ ਬੈਲੇਂਸ ਸ਼ੀਟ 57% ਤੱਕ ਵਧ ਜਾਵੇਗੀ। ਇਹ ਦੇਸ਼ ਦੇ ਚੋਟੀ ਦੇ 3 ਕਾਰਡ ਕਾਰੋਬਾਰ ਪ੍ਰਦਾਤਾਵਾਂ ਵਿੱਚੋਂ ਇੱਕ ਬਣ ਜਾਵੇਗਾ।
ਸਪੱਸ਼ਟ ਹੈ ਕਿ ਸਿਟੀ ਬੈਂਕ ਦਾ ਕ੍ਰੈਡਿਟ ਕਾਰਡ, ਰਿਟੇਲ ਬੈਂਕਿੰਗ, ਵੈਲਥ ਮੈਨੇਜਮੈਂਟ ਅਤੇ ਕੰਜ਼ਿਊਮਰ ਲੋਨ ਸੈਕਸ਼ਨ ਐਕਸਿਸ ਬੈਂਕ ਦਾ ਹੋਣ ਜਾ ਰਿਹਾ ਹੈ। ਇਕ ਰਿਪੋਰਟ ਮੁਤਾਬਕ ਐਕਸਿਸ ਬੈਂਕ ਨੂੰ ਸੌਦੇ ਤੋਂ ਬਾਅਦ 2.5 ਕਰੋੜ ਤੋਂ ਵੱਧ ਬਚਤ ਖਾਤੇ, 20 ਲੱਖ ਤੋਂ ਵੱਧ ਸੈਲਰੀ ਖਾਤੇ ਮਿਲਣ ਜਾ ਰਹੇ ਹਨ। ਦੋਵਾਂ ਬੈਂਕਾਂ ਦੇ ਸੌਦੇ ਤੋਂ ਬਾਅਦ ਐਕਸਿਸ ਬੈਂਕ ਕ੍ਰੈਡਿਟ ਕਾਰਡ ਧਾਰਕਾਂ ਦੀ ਗਿਣਤੀ ਵਿੱਚ ICICI ਬੈਂਕ ਤੋਂ ਬਾਅਦ ਦੂਜੇ ਨੰਬਰ 'ਤੇ ਆ ਜਾਵੇਗਾ।
ਐਕਸਿਸ ਬੈਂਕ ਨੇ ਤੀਜੀ ਤਿਮਾਹੀ ਲਈ ਸ਼ੁੱਧ ਲਾਭ ਵਿੱਚ 62% ਵਾਧਾ ਦਰਜ ਕੀਤਾ ਹੈ। 31 ਦਸੰਬਰ ਨੂੰ ਖਤਮ ਹੋਈ ਤਿਮਾਹੀ 'ਚ ਬੈਂਕ ਦਾ ਮੁਨਾਫਾ ਇਕ ਸਾਲ ਪਹਿਲਾਂ 3,614 ਕਰੋੜ ਰੁਪਏ ਤੋਂ ਵਧ ਕੇ 5,853 ਕਰੋੜ ਰੁਪਏ ਹੋ ਗਿਆ।
ਗਾਹਕਾਂ ਲਈ ਹੋਣਗੇ ਵੱਡੇ ਬਦਲਾਅ
ਅੱਜ ਤੋਂ ਭਾਰਤ ਵਿੱਚ ਸਿਟੀ ਬੈਂਕ ਦਾ ਸਾਰਾ ਕੰਮ ਐਕਸਿਸ ਦੀ ਜ਼ਿੰਮੇਵਾਰੀ ਹੋਵੇਗੀ। ਸਿਟੀ ਬੈਂਕ ਦੇ ਡੈਬਿਟ, ਕ੍ਰੈਡਿਟ ਅਤੇ ਸੇਵਿੰਗ ਖਾਤਿਆਂ ਦੇ ਲੱਖਾਂ ਗਾਹਕ ਐਕਸਿਸ ਬੈਂਕ ਬਣ ਜਾਣਗੇ। ਜੇਕਰ ਕਾਰਡ ਲੈਣ-ਦੇਣ ਦੀ ਗੱਲ ਕਰੀਏ ਤਾਂ ਸਿਟੀ ਬੈਂਕ ਸਭ ਤੋਂ ਉੱਪਰ ਹੈ। ਆਰਬੀਆਈ ਦੀ ਇੱਕ ਰਿਪੋਰਟ ਦੇ ਅਨੁਸਾਰ, ਸਿਟੀ ਬੈਂਕ ਦੇ ਭਾਰਤ ਵਿੱਚ ਲਗਭਗ 25 ਲੱਖ ਕ੍ਰੈਡਿਟ ਕਾਰਡ ਹਨ, ਜੋ ਇੱਕ ਮਹੀਨੇ ਵਿੱਚ 3,000 ਕਰੋੜ ਰੁਪਏ ਤੋਂ ਵੱਧ ਦਾ ਲੈਣ-ਦੇਣ ਕਰਦੇ ਹਨ।
ਇਹ ਵੀ ਪੜ੍ਹੋ : LPG Cylinder Price Hike: ਹੋਲੀ ਤੋਂ ਪਹਿਲਾਂ ਮਹਿੰਗਾਈ ਦਾ ਝਟਕਾ, ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ 'ਚ 50 ਰੁਪਏ ਇਜ਼ਾਫਾ
ਸਿਟੀ ਬੈਂਕ ਦੇ ਡੈਬਿਟ ਕਾਰਡਾਂ ਦੀ ਗਿਣਤੀ 14 ਲੱਖ ਨੂੰ ਪਾਰ ਕਰ ਗਈ ਹੈ। ਜੇਕਰ ਲੋਨ ਖਾਤਿਆਂ ਦੀ ਗੱਲ ਕਰੀਏ ਤਾਂ ਇਨ੍ਹਾਂ ਦੀ ਗਿਣਤੀ 12 ਲੱਖ ਦੇ ਕਰੀਬ ਹੈ। ਅੱਜ ਤੋਂ, ਸਿਟੀ ਗਾਹਕਾਂ ਨੂੰ ਐਕਸਿਸ ਬੈਂਕ ਦੀਆਂ ਸੇਵਾਵਾਂ ਅਤੇ ਪੇਸ਼ਕਸ਼ਾਂ ਦਾ ਲਾਭ ਮਿਲਣਾ ਸ਼ੁਰੂ ਹੋ ਜਾਵੇਗਾ। ਰਲੇਵੇਂ ਦੀ ਪ੍ਰਕਿਰਿਆ ਦੌਰਾਨ ਗਾਹਕਾਂ ਨੂੰ ਕੁਝ ਸਮੇਂ ਲਈ ਮੁਸ਼ਕਲਾਂ ਆ ਸਕਦੀਆਂ ਹਨ, ਪਰ ਦੋਵਾਂ ਬੈਂਕਾਂ ਦਾ ਦਾਅਵਾ ਹੈ ਕਿ ਗਾਹਕਾਂ ਨੂੰ ਕੋਈ ਸਮੱਸਿਆ ਨਹੀਂ ਆਵੇਗੀ। ਸਿਟੀ ਬੈਂਕ ਦੇ ਗਾਹਕਾਂ ਨੂੰ ਐਕਸਿਸ ਬੈਂਕ ਵਿੱਚ ਦੁਬਾਰਾ ਕੇਵਾਈਸੀ ਕਰਨਾ ਹੋਵੇਗਾ ਪਰ ਇਹ ਕੰਮ ਹੌਲੀ-ਹੌਲੀ ਕੀਤਾ ਜਾਵੇਗਾ।
- PTC NEWS