Australia Ban Social Media : ਆਸਟ੍ਰੇਲੀਆ 'ਚ ਬੱਚਿਆਂ ਦੇ ਸੋਸ਼ਲ ਮੀਡੀਆ ਵਰਤੋਂ 'ਤੇ ਲੱਗੀ ਪਾਬੰਦੀ! ਸਦਨ 'ਚ ਪਾਸ ਹੋਇਆ ਪ੍ਰਸਤਾਵ
Australia bans social media fpr Children : ਆਸਟ੍ਰੇਲੀਆ ਸਰਕਾਰ ਨੇ ਆਖਿਰਕਾਰ ਦੇਸ਼ ਵਿੱਚ ਬੱਚਿਆਂ ਦੇ ਸੋਸ਼ਲ ਮੀਡੀਆ ਦੀ ਵਰਤੋਂ ਕਰਨ 'ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਸਬੰਧੀ ਉਪਰਲੇ ਸਦਨ ਵਿੱਚ ਸੋਸ਼ਲ ਮੀਡੀਆ 'ਤੇ ਪਾਬੰਦੀ ਲਗਾਉਂਦਾ ਪ੍ਰਸਤਾਵ ਬਹੁਮਤ ਨਾਲ ਪਾਸ ਹੋ ਗਿਆ ਹੈ। ਇਸ ਨਾਲ ਆਸਟ੍ਰੇਲੀਆ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਸੋਸ਼ਲ ਮੀਡੀਆ ਵਰਤੋਂ 'ਤੇ ਪਾਬੰਦੀ ਲਗਾਉਣ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ।
ਦੁਨੀਆ ਦਾ ਪਹਿਲਾ ਦੇਸ਼ ਬਣਿਆ ਆਸਟ੍ਰੇਲੀਆ
ਇਸ ਕਾਨੂੰਨ ਤਹਿਤ TikTok, Facebook, Snapchat, Reddit, X ਅਤੇ Instagram ਸਮੇਤ ਸੋਸ਼ਲ ਮੀਡੀਆ ਪਲੇਟਫਾਰਮ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਖਾਤੇ ਖੋਲ੍ਹਣ/ਰੱਖਣ ਤੋਂ ਰੋਕਣ ਵਿੱਚ ਅਸਫਲ ਰਹਿੰਦੇ ਹਨ, ਤਾਂ ਉਨ੍ਹਾਂ ਨੂੰ 50 ਮਿਲੀਅਨ ਆਸਟ੍ਰੇਲੀਅਨ ਡਾਲਰ ਤੱਕ ਦਾ ਜੁਰਮਾਨਾ ਕੀਤਾ ਜਾਵੇਗਾ।
ਆਸਟ੍ਰੇਲੀਆਈ ਸੈਨੇਟ 'ਚ ਇੱਕ ਪਾਸੜ ਵੋਟਾਂ ਨਾਲ ਬੈਨ ਹੋਇਆ ਸੋਸ਼ਲ ਮੀਡੀਆ
ਇਸ ਬਿੱਲ ਨੂੰ ਸੈਨੇਟ ਵਿੱਚ 19 ਦੇ ਮੁਕਾਬਲੇ 37 ਵੋਟਾਂ ਨਾਲ ਪਾਸ ਕੀਤਾ ਗਿਆ। ਪ੍ਰਤੀਨਿਧੀ ਸਭਾ ਪਹਿਲਾਂ ਹੀ ਇਸ ਨੂੰ 13 ਦੇ ਮੁਕਾਬਲੇ 103 ਵੋਟਾਂ ਨਾਲ ਮਨਜ਼ੂਰੀ ਦੇ ਚੁੱਕੀ ਹੈ। ਹਾਲਾਂਕਿ, ਪ੍ਰਤੀਨਿਧੀ ਸਦਨ ਨੇ ਅਜੇ ਤੱਕ ਸੈਨੇਟ ਵਿੱਚ ਵਿਰੋਧੀ ਧਿਰ ਵੱਲੋਂ ਲਿਆਂਦੀਆਂ ਸੋਧਾਂ ਦੀ ਪੁਸ਼ਟੀ ਨਹੀਂ ਕੀਤੀ ਹੈ। ਪਰ ਇਹ ਵੀ ਮਹਿਜ਼ ਇੱਕ ਰਸਮੀ ਹੈ ਕਿਉਂਕਿ ਸਰਕਾਰ ਪਹਿਲਾਂ ਹੀ ਮੰਨ ਚੁੱਕੀ ਹੈ ਕਿ ਇਨ੍ਹਾਂ ਨੂੰ ਪਾਸ ਕੀਤਾ ਜਾਵੇਗਾ। ਹੁਣ ਸੋਸ਼ਲ ਮੀਡੀਆ ਪਲੇਟਫਾਰਮਾਂ ਕੋਲ ਇਹ ਫੈਸਲਾ ਕਰਨ ਲਈ ਇੱਕ ਸਾਲ ਹੈ ਕਿ ਉਹ ਇਸ ਪਾਬੰਦੀ ਨੂੰ ਕਿਵੇਂ ਲਾਗੂ ਕਰਨਗੇ।
ਇਸ ਤੋਂ ਪਹਿਲਾਂ, ਸੰਚਾਰ ਮੰਤਰੀ ਮਿਸ਼ੇਲ ਰੋਲੈਂਡ ਨੇ ਸੈਨੇਟਰਾਂ ਨੂੰ ਬਿੱਲ ਪਾਸ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਸੀ ਕਿ ਇਹ ਆਸਟ੍ਰੇਲੀਆਈ ਜਨਤਾ ਦੇ ਵਿਚਾਰਾਂ ਨੂੰ ਦਰਸਾਉਂਦਾ ਹੈ। ਰੋਲੈਂਡ ਨੇ ਸਦਨ ਨੂੰ ਦੱਸਿਆ, 'ਸਰਕਾਰ ਮਾਪਿਆਂ ਦਾ ਸਮਰਥਨ ਕਰਨ ਅਤੇ ਨੌਜਵਾਨਾਂ ਦੀ ਸੁਰੱਖਿਆ ਲਈ ਵਚਨਬੱਧ ਹੈ।'
ਰੋਲੈਂਡ ਨੇ ਕਿਹਾ ਸੀ, ''ਸੋਸ਼ਲ ਮੀਡੀਆ ਆਸਟ੍ਰੇਲੀਆ ਦੇ ਕਈ ਨੌਜਵਾਨਾਂ ਲਈ ਨੁਕਸਾਨਦੇਹ ਸਾਬਤ ਹੋ ਸਕਦਾ ਹੈ। 14 ਤੋਂ 17 ਸਾਲ ਦੀ ਉਮਰ ਦੇ ਆਸਟ੍ਰੇਲੀਅਨ ਬੱਚਿਆਂ ਵਿੱਚੋਂ ਲਗਭਗ ਦੋ ਤਿਹਾਈ ਨੇ ਇੰਟਰਨੈੱਟ 'ਤੇ ਬਹੁਤ ਜ਼ਿਆਦਾ ਨੁਕਸਾਨਦੇਹ ਸਮੱਗਰੀ ਦੇਖੀ ਹੈ, ਜਿਸ ਵਿੱਚ ਨਸ਼ਾਖੋਰੀ, ਖੁਦਕੁਸ਼ੀ, ਹਿੰਸਾ ਜਾਂ ਸਵੈ-ਨੁਕਸਾਨ ਨਾਲ ਸਬੰਧਤ ਸਮੱਗਰੀ ਸ਼ਾਮਲ ਹੈ। ਇੱਕ ਚੌਥਾਈ ਬੱਚਿਆਂ ਨੇ ਖਾਣ-ਪੀਣ ਦੀਆਂ ਮਾੜੀਆਂ ਆਦਤਾਂ ਨੂੰ ਉਤਸ਼ਾਹਿਤ ਕਰਨ ਵਾਲੀ ਸਮੱਗਰੀ ਦੇਖੀ ਹੈ।''
- PTC NEWS