Thu, Sep 19, 2024
Whatsapp

ਦਰਬਾਰ-ਏ-ਖ਼ਾਲਸਾ ਨੂੰ ਦੁਬਾਰਾ ਮਨਾਉਣ ਦੇ ਕੀਤੇ ਜਾਣ ਯਤਨ

Reported by:  PTC News Desk  Edited by:  Jasmeet Singh -- October 23rd 2023 07:32 PM -- Updated: October 24th 2023 08:20 AM
ਦਰਬਾਰ-ਏ-ਖ਼ਾਲਸਾ ਨੂੰ ਦੁਬਾਰਾ ਮਨਾਉਣ ਦੇ ਕੀਤੇ ਜਾਣ ਯਤਨ

ਦਰਬਾਰ-ਏ-ਖ਼ਾਲਸਾ ਨੂੰ ਦੁਬਾਰਾ ਮਨਾਉਣ ਦੇ ਕੀਤੇ ਜਾਣ ਯਤਨ

ਗੁਰੂ ਕਾਲ ਤੋਂ ਪਹਿਲਾਂ ਦੁਸਹਿਰੇ ਦਾ ਤਿਉਹਾਰ ਭਾਰਤੀ ਧਰਤੀ ਉੱਪਰ ਬਦੀ ਉੱਪਰ ਨੇਕੀ ਦੀ ਜਿੱਤ ਦੇ ਪ੍ਰਤੀਕ ਵਜੋਂ ਮਨਾਇਆ ਜਾਂਦਾ ਸੀ। ਗੁਰੂ ਸਾਹਿਬ ਨੇ ਆਪਣੀ ਪਾਵਨ ਪਵਿੱਤਰ ਵਿਚਾਰਧਾਰਾ ਦੇ ਨਾਲ ਭਾਰਤੀ ਧਰਤੀ ਦੀ ਤਕਦੀਰ ਬਦਲਣ ਲਈ ਐਸੀਆਂ ਨਰੋਈਆਂ ਪ੍ਰੰਪਰਾਵਾਂ ਇਜਾਦ ਕੀਤੀਆਂ, ਜਿੰਨ੍ਹਾਂ ਨਾਲ਼ ਇਸ ਧਰਤੀ ਦੇ ਹਰ ਮਨੁੱਖ ਨੂੰ ਹਮੇਸ਼ਾਂ ਮਾਣ ਮਹਿਸੂਸ ਹੁੰਦਾ ਹੈ। ਇਸੇ ਮਕਸਦ ਨਾਲ਼ ਗੁਰੂ ਸਾਹਿਬ ਨੇ ਆਪਣੇ ਮੰਨਣਹਾਰਿਆਂ ਨੂੰ ਨਵੇਂ ਸਿਰੇ ਤੋਂ ਨਰੋਏ ਅਤੇ ਚੜ੍ਹਦੀ ਕਲਾ ਵਾਲੇ ਤਿਉਹਾਰਾਂ ਨਾਲ ਨਿਵਾਜ਼ ਕੇ ਆਮ ਲੋਕਾਈ ਦੇ ਮਨਾਂ ਅੰਦਰ ਉੱਚਾਪਨ, ਦਲੇਰੀ ਅਤੇ ਸਾਹਸ ਭਰਨ ਦਾ ਮਹਾਨ ਕਾਰਜ ਕੀਤਾ। 

ਸਦੀਆਂ ਤੋਂ ਮਨਾਏ ਜਾਂਦੇ ਦੁਸਹਿਰੇ ਦੇ ਤਿਉਹਾਰ ਮੌਕੇ ਨਾਟਕਾਂ ਰਾਹੀਂ ਪੇਸ਼ ਕੀਤੀ ਜਾਂਦੀ ਲੜ੍ਹਾਈ ਦੀ ਥਾਂ ਤੇ ਹਕੀਕੀ ਸਚਾਈ ਦੇ ਰੂ-ਬਰੂ ਕਰਨ ਲਈ ਤੇ ਸਦੀਆਂ ਤੋਂ ਲਿਤਾੜੀ ਹੋਈ ਲੋਕਾਈ ਨੂੰ ਸਮੇਂ ਦੀਆਂ ਕਰੂਰ ਹਕੂਮਤਾਂ ਨਾਲ਼ ਮੱਥਾ ਲਾਉਣ ਦੇ ਕਾਬਲ ਬਨਾਉਣ ਲਈ ਸਾਹਿਬ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹਜ਼ੂਰ ਸਾਹਿਬ ਦੀ ਪਾਵਨ ਧਰਤੀ 'ਤੇ ਇਸ ਤਿਉਹਾਰ ਵਾਲੇ ਦਿਨ ਨੂੰ ਜੋਧਿਆਂ ਦੀ ਸਿਖਲਾਈ ਅਤੇ ਸ਼ਸਤਰ ਅਭਿਆਸ ਦੇ ਰੂਪ ਵਿੱਚ ਮਨਾਉਣਾ ਸ਼ੁਰੂ ਕੀਤਾ ਗਿਆ। ਇਥੇ ਹੀ ਗੁਰੂ ਕੇ ਖ਼ਾਲਸੇ ਨੇ ਪੂਰੇ ਜਾਹੋ-ਜਲਾਲ ਦੇ ਨਾਲ ਗੁਰਬਾਣੀ ਪੜ੍ਹਦੇ ਹੋਏ ਨਿਸ਼ਾਨਾਂ, ਨਗਾਰਿਆਂ, ਧੌਂਸਿਆਂ, ਗਤਕਈ ਅਤੇ ਸ਼ਬਦੀ ਜਥਿਆਂ ਦੇ ਨੂੰ ਨਾਲ਼ ਲੈ ਕੇ ਗੁਰੂ ਸਾਹਿਬ ਦੇ ਸੋਹਣੇ ਅਸਵਾਰੀ ਘੋੜਿਆਂ ਦੇ ਨਾਲ ਮਹੱਲਾ ਖੇਡਣ ਦੀ ਪ੍ਰੰਪਰਾ ਆਰੰਭ ਕੀਤੀ। ਗੁਰੂ ਸਾਹਿਬ ਲਈ ਆਪਣੀਆਂ ਜਾਨਾਂ ਹੂਲ਼ ਕੇ ਅਤੇ ਸੀਸ ਤਲੀ ’ਤੇ ਧਰ ਕੇ ਗੁਰੂ ਸੇਵਾ ਦਾ ਪ੍ਰਣ ਲੈ ਕੇ ਗੁਰੂ ਸਾਹਿਬ ਦੀਆਂ ਫ਼ੌਜਾਂ ਵਿੱਚ ਸ਼ਾਮਿਲ ਹੋਣ ਵਾਲੇ ਯੋਧੇ ਇਸ ਦਿਨ ਵੱਧ ਚੜ੍ਹ ਕੇ ਆਪਣੇ ਕਰਤੱਬ ਦਿਖਾਉਂਦੇ ਅਤੇ ਗੁਰੂ ਸਾਹਿਬ ਜੀ ਦੇ ਕੋਲੋਂ ਖੁਸ਼ੀਆਂ ਪਾਉਂਦੇ ਸਨ।


ਸਿੱਖਾਂ ਨੇ ਆਪਣੀਆਂ ਪ੍ਰੰਪਰਾਵਾਂ ਦੇ ਅੰਦਰ ਗੁਰੂ ਕਾਲ ਦੀ ਇਸ ਰਵਾਇਤ ਨੂੰ ਹਮੇਸ਼ਾ ਕਾਇਮ ਰੱਖਣ ਦਾ ਯਤਨ ਕੀਤਾ। ਇਸੇ ਰਵਾਇਤ ਨੂੰ ਕਾਇਮ ਰੱਖਦਿਆਂ ਸਿੱਖ ਰਾਜ ਦੇ ਸਮੇਂ ਮਹਾਰਾਜਾ ਰਣਜੀਤ ਸਿੰਘ ਜੀ ਵੀ ਆਪਣੀਆਂ ਫ਼ੌਜਾਂ ਨੂੰ ਤਿਆਰ-ਬਰ-ਤਿਆਰ ਰੱਖਣ, ਉਹਨਾਂ ਦੀ ਅੱਵਲ ਦਰਜੇ ਦੀ ਸਿਖਲਾਈ ਅਤੇ ਸਿਖਲਾਈ ਉਪਰੰਤ ਉਹਨਾਂ ਦੇ ਕਰਤੱਬ ਕਰਵਾ ਕੇ ਉਹਨਾਂ ਨੂੰ ਇਨਾਮ ਵੰਡਣ ਦੇ ਰੂਪ ਵਿੱਚ ਮਨਾਉਂਦੇ ਰਹੇ ਸਨ।

ਇਤਿਹਾਸ ਵਿੱਚੋਂ ਪਤਾ ਲੱਗਦਾ ਹੈ ਕਿ ਦੁਸਹਿਰੇ ਵਾਲੇ ਦਿਨ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਨੇ ਦਰਬਾਰ-ਏ-ਖ਼ਾਲਸਾ ਦੇ ਰੂਪ ਵਿੱਚ ਮਨਾਉਣਾ ਸ਼ੁਰੂ ਕੀਤਾ ਸੀ। ਇਸ ਦਿਨ ਮਹਾਰਾਜਾ ਰਣਜੀਤ ਸਿੰਘ ਜੀ ਆਪਣੇ ਮਹਾਨ ਜਰਨੈਲਾਂ ਸਰਦਾਰ ਹਰੀ ਸਿੰਘ ਜੀ ਨਲੂਆ ਅਤੇ ਅਕਾਲੀ ਫੂਲਾ ਸਿੰਘ ਜੀ ਨੂੰ ਨਾਲ ਲੈ ਕੇ ਮਹੱਲਾ ਕੱਢਦੇ ਸਨ। ਸਾਹਿਬ ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਰਾਇ ਸਾਹਿਬ ਜੀ ਦੇ ਨਾਮ ਉੱਪਰ ਕਾਇਮ ਕੀਤੀ ਹੋਈ 2200 ਘੋੜ ਸਵਾਰਾਂ ਦੀ ‘ਅਕਾਲ ਰਜਮੈਂਟ’ ਦੇ ਜਵਾਨਾਂ ਦੀ ਦਿਖ ਅਤੇ ਜਾਹੋ-ਜਲਾਲ ਦੇਖਿਆਂ ਹੀ ਬਣਦਾ ਹੁੰਦਾ ਸੀ। ਇਸ ਦਿਨ ਸਾਰੇ ਵੱਡੇ-ਵੱਡੇ ਸਿੱਖ ਸਰਦਾਰਾਂ, ਰਾਜਾਂ ਅਤੇ ਜਰਨੈਲਾਂ ਦੀ ਇਕੱਤਰਤਾ ਦੇ ਰੂਪ ਵਿੱਚ ਵੀ ਮਨਾਇਆ ਜਾਂਦਾ ਸੀ, ਜਿਥੇ ਬੈਠ ਕੇ ਸਾਰੇ ਸਿੱਖ ਸਰਦਾਰ ਮਤੇ ਪਕਾਉਂਦੇ ਅਤੇ ਭਵਿੱਖ ਦੀਆਂ ਸਲਾਹਾਂ ਕਰਦੇ ਸਨ। ਇਸ ਮੌਕੇ ਬਹੁਤ ਸਾਰੇ ਆਪਸੀ ਮਨ-ਮੁਟਾਵ ਦੂਰ ਕੀਤੇ ਜਾਂਦੇ ਸਨ ਅਤੇ ਕੌਮ ਦੀ ਚੜ੍ਹਦੀ ਕਲਾ ਦੇ ਅਹਿਦ ਲਏ ਜਾਂਦੇ ਸਨ।

ਸਿੱਖ ਪ੍ਰੰਪਰਾਵਾਂ ਅੰਦਰ ਆਪਸੀ ਪਿਆਰ, ਸਦਭਾਵਨਾ, ਮਿਲਵਰਤਨ ਅਤੇ ਕੌਮੀ ਉਸਾਰੀ ਦੇ ਦਿਨ ਦੇ ਰੂਪ ਵਿੱਚ ਅੱਜ ਵੀ ਇਸ ਦਿਨ ਦਾ ਉਨਾਂ ਹੀ ਮਹੱਤਵ ਹੈ ਜਿੰਨਾਂ ਮਹੱਤਵ ਗੁਰੂ ਸਾਹਿਬ ਅਤੇ ਸਿੱਖ ਰਾਜ ਦੇ ਸਮੇਂ ਹੁੰਦਾ ਸੀ। ਅੱਜ ਲੋੜ ਹੈ ਕਿ ਸਿੱਖ ਮਾਨਸਿਕਤਾ ਅੰਦਰ ਇਸ ਦਿਨ ਦੇ ਮਹੱਤਵ ਨੂੰ ਉਜਾਗਰ ਕਰਕੇ ਇਸ ਦਿਨ ਨੂੰ ਆਪਣੀਆਂ ਪੁਰਾਤਨ ਰਹੁ-ਰੀਤਾਂ ਅਨੁਸਾਰ ਇਸ ਦਿਨ ਨੂੰ ਮਨਾਉਣ ਦੇ ਦੁਬਾਰਾ ਯਤਨ ਕੀਤੇ ਜਾਣ।

- PTC NEWS

Top News view more...

Latest News view more...

PTC NETWORK