ਨਾਢਾ ਸਾਹਿਬ ਵਿਖੇ ਦੁਕਾਨਦਾਰਾਂ ਤੇ HSGMC ਮੈਂਬਰਾਂ 'ਚ ਮਾਹੌਲ ਹੋਇਆ ਤਣਾਅਪੂਰਨ
ਪੰਚਕੂਲਾ : ਗੁਰਦੁਆਰਾ ਸ੍ਰੀ ਨਾਢਾ ਸਾਹਿਬ ਵਿਖੇ ਹਰਿਆਣਾ ਵਿੱਚ ਬਣੀ ਨਵੀਂ ਕਮੇਟੀ ਐਚਐਸਜੀਐਮਸੀ ਦੇ ਮੈਂਬਰਾਂ ਤੇ ਸਥਾਨਕ ਦੁਕਾਨਦਾਰਾਂ ਵਿਚਾਲੇ ਵਿਵਾਦ ਮਗਰੋਂ ਮਾਹੌਲ ਭਖ ਗਿਆ। ਸੂਚਨਾ ਮਿਲਣ ਉਤੇ ਚੰਡੀਮੰਦਰ ਥਾਣੇ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਦੋਵੇਂ ਧਿਰਾਂ ਨੂੰ ਸਮਝਾਇਆ।
ਜਾਣਕਾਰੀ ਅਨੁਸਾਰ ਐਚਐਸਜੀਐਮਸੀ ਦੇ ਮੈਂਬਰ ਗੁਰਵਿੰਦਰ ਸਿੰਘ ਧਮੀਜਾ, ਵਿਨਰਜੀਤ ਸਿੰਘ ਅਤੇ ਰਮਨੀਕ ਮਾਨ ਨੇ ਗੁਰਦੁਆਰਾ ਸਾਹਿਬ ਦੀ ਹਦੂਦ ਵਿੱਚ ਬਣੀਆਂ ਦੁਕਾਨਾਂ ਦਾ ਸਾਮਾਨ ਹਟਾਉਣ ਲਈ ਕਿਹਾ, ਜਿਸ 'ਤੇ ਉਥੇ ਕਈ ਸਾਲਾਂ ਤੋਂ ਦੁਕਾਨ ਚਲਾ ਰਹੇ ਦੁਕਾਨਦਾਰਾਂ ਨੇ ਰੋਸ ਜ਼ਾਹਿਰ ਕੀਤਾ। ਇਸ ਪਿੱਛੋਂ ਐਚਐਸਜੀਐਮਸੀ ਦੇ ਮੈਂਬਰਾਂ ਅਤੇ ਗੁਰਦੁਆਰਾ ਨਾਢਾ ਸਾਹਿਬ ਦੀ ਹਦੂਦ ਵਿੱਚ ਬਣੀਆਂ ਦੁਕਾਨਾਂ ਦੇ ਦੁਕਾਨਦਾਰਾਂ ਵਿੱਚ ਵਿਵਾਦ ਵਧ ਗਿਆ। ਮਾਹੌਲ ਇੰਨਾ ਭਖ ਗਿਆ ਰਿ ਮਰਦ-ਔਰਤਾਂ ਦੁਕਾਨਦਾਰਾਂ ਦੇ ਹੱਕ ਵਿੱਚ ਤਲਵਾਰਾਂ ਤੇ ਡੰਡੇ ਲੈ ਕੇ ਆ ਗਏ। ਇਸ ਦੌਰਾਨ ਦੋਵਾਂ ਧਿਰਾਂ ਵਿੱਚ ਹੱਥੋਪਾਈ ਵੀ ਹੋਈ। ਸੂਚਨਾ ਮਿਲਣ 'ਤੇ ਚੰਡੀਮੰਦਰ ਥਾਣੇ ਦੀ ਟੀਮ ਮੌਕੇ ਉਪਰ ਪੁੱਜ ਗਈ।
ਇਹ ਵੀ ਪੜ੍ਹੋ: ਸੁਪਰੀਮ ਕੋਰਟ ਨੇ ਮੋਦੀ ਸਰਕਾਰ ਦੇ ਨੋਟਬੰਦੀ ਫੈਸਲੇ ਨੂੰ ਸਹੀ ਦੱਸਿਆ
ਪੁਲਿਸ ਨੇ ਮੌਕੇ ਉਤੇ ਪੁੱਜ ਕੇ ਕਮੇਟੀ ਮੈਂਬਰਾਂ ਤੇ ਦੁਕਾਨਦਾਰਾਂ ਨੂੰ ਸਮਝਾਇਆ। ਇਸ ਮਗਰੋਂ ਕਮੇਟੀ ਮੈਂਬਰ ਅਤੇ ਦੁਕਾਨਦਾਰ ਆਪਸ ਵਿੱਚ ਗੱਲਬਾਤ ਰਾਹੀਂ ਸਮੱਸਿਆ ਦਾ ਹੱਲ ਲੱਭਣ ਦੀ ਕੋਸ਼ਿਸ਼ ਕੀਤੀ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਅਜੇ ਤੱਕ ਐਚਐਸਜੀਐਮਸੀ ਦੀ ਨਵੀਂ ਕਮੇਟੀ ਨੇ ਗੁਰਦੁਆਰਾ ਸ੍ਰੀ ਨਾਢਾ ਸਾਹਿਬ ਦਾ ਕਾਰਜਭਾਰ ਵੀ ਨਹੀਂ ਸੰਭਾਲਿਆ। ਇਸ ਤੋਂ ਪਹਿਲਾਂ ਵੀ ਉਹ ਧੱਕੇਸ਼ਾਹੀ ਉਤੇ ਉੱਤਰ ਆਏ ਹਨ।
- PTC NEWS