ਕੇਜਰੀਵਾਲ ਦਾ ਨਸ਼ੇ 'ਤੇ ਕਬੂਲਨਾਮਾ ਭਗਵੰਤ ਮਾਨ ਸਰਕਾਰ ਨੂੰ ਦੋਸ਼ੀ ਠਹਿਰਾਉਣ ਬਰਾਬਰ : ਅਕਾਲੀ ਦਲ
Shiromani Akali Dal on Kejriwal statement : ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਆਪ ਸਰਕਾਰ ਦੇ ਰਾਜ ਵਿਚ ਨਸ਼ਾ ਤਸਕਰੀ ਵਿਚ ਵਾਧਾ ਹੋਣ ਦੀ ਗੱਲ ਕਬੂਲਣਾ ਭਗਵੰਤ ਮਾਨ ਸਰਕਾਰ ਨੂੰ ਦੋਸ਼ੀ ਠਹਿਰਾਉਣ ਬਰਾਬਰ ਹੈ ਤੇ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਕੇਜਰੀਵਾਲ ਵੀ ਇਹਨਾਂ ਮਾੜੇ ਹਾਲਾਤਾਂ ਲਈ ਜ਼ਿੰਮੇਵਾਰ ਹਨ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਕੇਜਰੀਵਾਲ ਨੇ ਨਵੇਂ ਚੁਣੇ ਸਰਪੰਚਾਂ ਦੇ ਸਹੁੰ ਚੁੱਕ ਸਮਾਗਮ ਵਿਚ ਖੁਦ ਮੰਨਿਆ ਹੈ ਕਿ ਪੰਜਾਬ ਵਿਚ ਪਿਛਲੇ ਕੁਝ ਸਾਲਾਂ ਵਿਚ ਨਸ਼ਿਆਂ ਦਾ ਪਸਾਰ ਹੋਰ ਵਧਿਆ ਹੈ। ਉਹਨਾਂ ਕਿਹਾ ਕਿ ਕੇਜਰੀਵਾਲ ਦਾ ਬਿਆਨ ਭਗਵੰਤ ਮਾਨ ਸਰਕਾਰ ਨੂੰ ਸਿੱਧਾ ਦੋਸ਼ੀ ਠਹਿਰਾਉਣ ਸਮੇਤ ਹੈ ਤੇ ਹੁਣ ਕੇਜਰੀਵਾਲ ਹੀ ਜਵਾਬ ਦੇਣ ਕਿ ਅਜਿਹੇ ਹਾਲਾਤ ਕਿਉਂ ਬਣੇ ਜਦੋਂ ਸੂਬਾ ਸਿੱਧਾ ਉਹਨਾਂ ਦੇ ਕੰਟਰੋਲ ਹੇਠ ਹੈ।
ਐਡਵੋਕੇਟ ਕਲੇਰ ਨੇ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਕੇਜਰੀਵਾਲ ਨੇ ਵੱਡੇ ਦਾਅਵੇ ਕੀਤੇ ਸਨ ਕਿ ਉਹ ਨਸ਼ਾ ਖਤਮ ਕਰ ਦੇਣਗੇ ਅਤੇ ਸੂਬੇ ਦੀ ਆਮਦਨ ਵਿਚ ਵਾਧਾ ਕਰਨਗੇ ਪਰ ਇਹ ਦਾਅਵੇ ਮੂਧੇ ਮੂੰਹ ਡਿੱਗੇ ਹਨ। ਉਹਨਾਂ ਕਿਹਾ ਕਿ ਹੁਣ ਜਦੋਂ ਕੇਜਰੀਵਾਲ ਨੇ ਭਗਵੰਤ ਮਾਨ ਨੂੰ ਖੂੰਜੇ ਲਗਾ ਕੇ ਸੂਬੇ ਦਾ ਕੰਟਰੋਲ ਸਿੱਧਾ ਆਪਣਾ ਹੱਥ ਵਿਚ ਲੈ ਲਿਆ ਹੈ ਤਾਂ ਉਹ ਦੱਸਣ ਕਿ ਸੂਬੇ ਵਿਚ ਨਸ਼ਾ ਤਸਕਰੀ ਵਿਚ ਵਾਧਾ ਕਿਉਂ ਹੋਇਆ ਹੈ।
ਐਡਵੋਕੇਟ ਕਲੇਰ ਨੇ ਕਿਹਾ ਕਿ ਅਸਲੀਅਤ ਇਹ ਹੈ ਕਿ ਪਿਛਲੇ ਢਾਈ ਸਾਲਾਂ ਦੌਰਾਨ ਆਪ ਸਰਕਾਰ ਨੇ ਨਸ਼ਾ ਤਸਕਰੀ ਸਮੇਤ ਪੰਜਾਬ ਵਿਚ ਹਰ ਪਹਿਲੂ ’ਤੇ ਕੁਪ੍ਰਬੰਧਨ ਕੀਤਾ ਹੈ ਤੇ ਸੂਬੇ ਨੂੰ ਅਰਾਜਕਤਾ ਵੱਲ ਧੱਕਿਆ ਹੈ।
ਉਹਨਾਂ ਕਿਹਾ ਕਿ ਕੇਜਰੀਵਾਲ ਤੇ ਭਗਵੰਤ ਮਾਨ ਨੂੰ ਝੂਠੇ ਵਾਅਦਿਆਂ ਨਾਲ ਪੰਜਾਬੀਆਂ ਨੂੰ ਗੁੰਮਰਾਹ ਕਰਨ ਲਈ ਮੁਆਫੀ ਮੰਗਣੀ ਚਾਹੀਦੀ ਹੈ ਤੇ ਪ੍ਰਵਾਨ ਕਰਨਾ ਚਾਹੀਦਾ ਹੈ ਕਿ ਉਹ ਸੂਬੇ ਨੂੰ ਚਲਾਉਣ ਵਿਚ ਅਸਮਰਥ ਹਨ।
- PTC NEWS