Thu, Dec 26, 2024
Whatsapp

ਕੈਨੇਡਾ ਹਿੰਸਾ ਮਾਮਲੇ 'ਚ ਭੜਕਾਊ ਭਾਸ਼ਣ ਦੇਣ ਵਾਲਾ ਗ੍ਰਿਫਤਾਰ

ਕੈਨੇਡਾ ਦੇ ਬਰੈਂਪਟਨ ਵਿੱਚ 3 ਨਵੰਬਰ ਹਿੰਦੂ ਸਭਾ ਮੰਦਰ ਬਾਹਰ ਹੋਈ ਹਿੰਸਾ ਦੇ ਮਾਮਲੇ ਵਿੱਚ ਪੀਲ ਰੀਜਨਲ ਪੁਲਿਸ ਨੇ ਰਣੇਂਦਰ ਲਾਲ ਬੈਨਰਜੀ ਨਾਂਮ ਦੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ।

Reported by:  PTC News Desk  Edited by:  Amritpal Singh -- November 08th 2024 02:32 PM
ਕੈਨੇਡਾ ਹਿੰਸਾ ਮਾਮਲੇ 'ਚ ਭੜਕਾਊ ਭਾਸ਼ਣ ਦੇਣ ਵਾਲਾ ਗ੍ਰਿਫਤਾਰ

ਕੈਨੇਡਾ ਹਿੰਸਾ ਮਾਮਲੇ 'ਚ ਭੜਕਾਊ ਭਾਸ਼ਣ ਦੇਣ ਵਾਲਾ ਗ੍ਰਿਫਤਾਰ

Canada Temple Attack: ਕੈਨੇਡਾ ਦੇ ਬਰੈਂਪਟਨ ਵਿੱਚ 3 ਨਵੰਬਰ ਹਿੰਦੂ ਸਭਾ ਮੰਦਰ ਬਾਹਰ ਹੋਈ ਹਿੰਸਾ ਦੇ ਮਾਮਲੇ ਵਿੱਚ ਪੀਲ ਰੀਜਨਲ ਪੁਲਿਸ ਨੇ ਰਣੇਂਦਰ ਲਾਲ ਬੈਨਰਜੀ ਨਾਂਮ ਦੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ।


ਇਸ ਮਾਮਲੇ ਬਾਰੇ ਵੀਰਵਾਰ ਨੂੰ ਪੀਲ ਰੀਜਨਲ ਪੁਲਿਸ ਨੇ ਇੱਕ ਵੀਡੀਓ ਜਾਰੀ ਕਰਕੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਹ ਗ੍ਰਿਫ਼ਤਾਰੀ 6 ਨਵੰਬਰ ਨੂੰ ਕੀਤੀ ਗਈ ਸੀ। ਸੀਐੱਸਟੀ ਟੇਲਰ ਬੈਲ-ਮੋਰੇਨਾ ਨੇ ਦੱਸਿਆ ਕਿ ਬੈਨਰਜੀ ਨੂੰ ਕੈਨੇਡਾ ਦੇ ਕ੍ਰਿਮੀਲ ਕੋਡ ਦੀ ਧਾਰਾ 319 (1) ਦੀ ਉਲੰਘਣਾ ਕਰਨ ਅਤੇ ਜਨਤਕ ਤੌਰ ਉੱਤੇ ਨਫ਼ਰਤੀ ਭਾਸ਼ਣ ਦੇਣ ਦੇ ਇਲਜ਼ਾਮਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ।

ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੇ ਪ੍ਰਦਰਸ਼ਨਾਂ ਦੀਆਂ ਵੀਡੀਓਜ਼ ਦੀ ਜਾਂਚ ਵੀ ਸ਼ੁਰੂ ਕੀਤੀ ਹੈ। ਪੁਲਿਸ ਮੁਤਾਬਕ ਇੱਕ ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਕਿ ਇੱਕ ਵਿਅਕਤੀ ਲਾਊਡਸਪੀਕਰ ਉੱਤੇ ਸਿੱਖ ਗੁਰਦੁਆਰਿਆਂ ’ਤੇ ਧਾਵਾ ਬੋਲਣ ਸਬੰਧੀ ਭੜਕਾਊ ਭਾਸ਼ਣ ਦੇ ਰਿਹਾ ਸੀ। ਉਸੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਉਸ ਨੂੰ ਕੁਝ ਸ਼ਰਤਾਂ ਦੇ ਨਾਲ ਰਿਹਾਅ ਕੀਤਾ ਗਿਆ ਹੈ। ਹੁਣ ਉਸ ਵਿਅਕਤੀ ਨੇ ਬਰੈਂਪਟਨ ਵਿੱਚ ਓਨਟਾਰੀਓ ਕੋਰਟ ਆਫ਼ ਜਸਟਿਸ ਵਿੱਚ ਪੇਸ਼ ਹੋਣਾ ਹੈ।

ਮੋਰੇਨਾ ਨੇ ਦਾਅਵਾ ਕੀਤਾ ਕਿ ਬਰੈਂਪਟਨ ਦੀ ਗੋਰ ਰੋਡ ਉੱਤੇ ਸਥਿਤ ਮੰਦਰ ਦੇ ਬਾਹਰ ਵਿਰੋਧੀ ਧਿਰਾਂ ਦਰਮਿਆਨ ਤਣਾਅ ਵੱਧਣ ਤੋਂ ਬਾਅਦ ਉੱਥੇ ਸੁਰੱਖਿਆ ਪ੍ਰਬੰਧ ਯਕੀਨੀ ਬਣਾਏ ਗਏ ਹਨ। ਕੁਝ ਲੋਕ ਜਿਨ੍ਹਾਂ ਦੇ ਪੱਕੇ ਪਤੇ ਦੀ ਜਾਣਕਾਰੀ ਨਹੀਂ ਮਿਲੀ ਸਕੀ, ਉਹਨਾਂ ਖ਼ਿਲਾਫ਼ ਵੀ ਕੇਸ ਦਰਜ ਕੀਤਾ ਗਿਆ ਹੈ। ਇਨ੍ਹਾਂ ਵਿੱਚ ਕਿਚਨਰ ਦੇ ਰਹਿਣ ਵਾਲੇ 24 ਸਾਲਾ ਅਰਮਾਨ ਗਹਿਲੋਤ ਅਤੇ 22 ਸਾਲਾ ਅਰਪਿਤ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਗਏ ਹਨ। ਦੋਵਾਂ ਖ਼ਿਲਾਫ਼ ਕਤਲ ਜਾਂ ਸਰੀਰਕ ਨੁਕਸਾਨ ਪਹੁੰਚਾਉਣ ਦੀਆਂ ਧਮਕੀਆਂ ਦੇਣਾ, ਹਥਿਆਰਾਂ ਨਾਲ ਹਮਲਾ ਕਰਨ ਦੀ ਸਾਜ਼ਿਸ਼ ਅਤੇ ਗ਼ੈਰ-ਸਮਾਜਿਕ ਗਤੀਵਿਧੀਆਂ ਦੀ ਸਾਜ਼ਿਸ਼ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ।

ਪੁਲਿਸ ਬੁਲਾਰੇ ਨੇ ਕਿਹਾ ਕਿ ਜਾਂਚਕਰਤਾ ਉਨ੍ਹਾਂ ਦੀ ਭਾਲ ਵਿੱਚ ਲੱਗੇ ਹੋਏ ਹਨ ਪਰ ਉਹਨਾਂ ਦੋਵਾਂ ਨੂੰ ਕਾਨੂੰਨੀ ਸਲਾਹ ਲੈ ਕੇ ਖ਼ੁਦ ਨੂੰ ਪੁਲਿਸ ਸਾਹਮਣੇ ਪੇਸ਼ ਕਰਨ ਦੀ ਸਲਾਹ ਵੀ ਦਿੱਤੀ ਗਈ ਹੈ। ਟੇਲਰ ਬੈਲ-ਮੋਰੇਨਾ ਨੇ ਕਿਹਾ ਕਿ ਪੀਲ ਰੀਜਨਲ ਪੁਲਿਸ ਕੈਨੇਡੀਅਨ ਚਾਰਟਰ ਆਫ਼ ਰਾਈਟਸ ਐਂਡ ਫ਼ਰੀਡਮਜ਼ ਤਹਿਤ ਕਿਸੇ ਵਿਅਕਤੀ ਦੇ ਵਿਰੋਧ ਦੇ ਅਧਿਕਾਰ ਦਾ ਸਨਮਾਨ ਕਰਨ ਲਈ ਵਚਨਬੱਧ ਹੈ।

ਪਰ ਕਿਸੇ ਕਿਸਮ ਦੀ ਹਿੰਸਕ ਗਤੀਵਿਧੀ, ਧਮਕੀਆਂ ਭਰੀ ਸ਼ਬਦਾਵਲੀ ਅਤੇ ਭੰਨਤੋੜ ਨੂੰ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ, “ਅਸੀਂ ਇਨ੍ਹਾਂ ਸਮਾਗਮਾਂ ਵਿੱਚ ਸਾਂਤੀਮਈ ਤਰੀਕੇ ਨਾਲ ਸਹਿਯੋਗ ਦੇਣ ਵਾਲਿਆਂ ਦੀ ਸ਼ਲਾਘਾ ਕਰਦੇ ਹਾਂ।”

ਪੀਲ ਰੀਜਨਲ ਪੁਲਿਸ ਨੇ ਇਸ ਤੋਂ ਬਾਅਦ 3 ਅਤੇ 4 ਨਵੰਬਰ ਦੀਆਂ ਘਟਨਾਵਾਂ ਦੌਰਾਨ ਅਪਰਾਧ ਦੀਆਂ ਸਾਰੀਆਂ ਘਟਨਾਵਾਂ ਦੀ ਜਾਂਚ ਕਰਨ ਲਈ ਇੱਕ ਸਟ੍ਰੈਜੇਟਿਕ ਇਨਵੈਸਟੀਗੇਸ਼ਨ ਟੀਮ (ਰਣਨੀਤਕ ਜਾਂਚ ਟੀਮ) ਦਾ ਗਠਨ ਕੀਤਾ ਹੈ। 3 ਨਵੰਬਰ ਨੂੰ ਐਤਵਾਰ ਵਾਲੇ ਦਿਨ ਬਰੈਂਪਟਨ ਦੇ ਹਿੰਦੂ ਮੰਦਰ ਅੱਗੇ ਕੁਝ ਖਾਲਿਸਤਾਨੀ ਸਮਰਥਕਾਂ ਨੇ ਮੁਜ਼ਾਹਰਾ ਕੀਤਾ ਸੀ। ਜਿਸ ਦੌਰਾਨ ਉਨ੍ਹਾਂ ਦੀ ਕੁਝ ਹਿੰਦੂ ਲੋਕਾਂ ਨਾਲ ਝੜਪ ਹੋ ਗਈ ਸੀ।

ਜਿਸ ਨੂੰ ਕੈਨੇਡਾ ਦੇ ਸੰਸਦ ਮੈਂਬਰ ਚੰਦਰ ਆਰਿਆ ਨੇ ਸੋਸ਼ਲ ਮੀਡੀਆ ਉੱਤੇ ਸ਼ੇਅਰ ਕਰਦਿਆਂ ਲਿਖਿਆ ਸੀ, ‘‘ਗਰਮਖਿਆਲੀ ਕੱਟੜਵਾਦੀਆਂ ਨੇ ਅੱਜ ਲਾਲ ਲਕੀਰ ਪਾਰ ਕਰ ਲਈ।’’ ਚੰਦਰ ਆਰਿਆ ਸਣੇ ਬਹੁਤ ਸਾਰੇ ਲੋਕਾਂ ਨੇ ਇਸ ਨੂੰ ਮੰਦਰ ਉੱਤੇ ਹਮਲਾ ਕਰਾਰ ਦਿੱਤਾ ਸੀ। ਪਰ ਵਰਲਡ ਸਿੱਖ ਆਰਗੇਨਾਈਜੇਸ਼ਨ ਵਰਗੇ ਸਿੱਖ ਸੰਗਠਨਾਂ ਨੇ ਦਾਅਵਾ ਕੀਤਾ ਕਿ ਇਹ ਮੰਦਰ ਉੱਤੇ ਹਮਲਾ ਨਹੀਂ ਸੀ।

ਉਨ੍ਹਾਂ ਨੇ ਮੰਗ ਕੀਤੀ ਸੀ ਕਿ ਪੁਲਿਸ ਇਸ ਦੀ ਗਹਿਰਾਈ ਨਾਲ ਜਾਂਚ ਕਰ ਕੇ ਪਤਾ ਲਾਏ ਕਿ ਹਿੰਸਾ ਭੜਕਾਉਣ ਦਾ ਕੰਮ ਕਿਸ ਨੇ ਕੀਤਾ। ਉਨ੍ਹਾਂ ਬਿਆਨ ਵਿੱਚ ਕਿਹਾ ਸੀ ਕਿ ਗਰਮਖਿਆਲੀ ਸਮਰਥਕ ਭਾਰਤੀ ਕੌਂਸਲੇਟ ਦੇ ਅਧਿਕਾਰੀਆਂ ਖਿਲਾਫ਼ ਮੁਜ਼ਾਹਰਾ ਕਰਨ ਗਏ ਸਨ। ਜੋ ਉੱਥੇ ਭਾਰਤੀ ਨਾਗਰਿਕਾਂ ਲ਼ਈ ਲਾਇਫ਼ ਸਟੀਫਿਕੇਟ ਜਾਰੀ ਕਰਨ ਲਈ ਲਗਾਏ ਕੈਂਪ ਵਿੱਚ ਪਹੁੰਚੇ ਹੋਏ ਸਨ। ਇਸ ਦੌਰਾਨ ਮੰਦਰ ਦੀ ਪਾਰਕਿੰਗ ਲੌਟ ਵਿੱਚ ਹਾਜ਼ਰ ਤਿਰੰਗੇ ਝੰਡੇ ਫੜੀ ਭਾਰਤ ਪੱਖੀਆਂ ਨੇ ਵੀ ਨਾਅਰੇਬਾਜੀ ਕੀਤੀ, ਜੋ ਬਾਅਦ ਵਿੱਚ ਹਿੰਸਾ ਵਿੱਚ ਬਦਲ ਗਈ।

- PTC NEWS

Top News view more...

Latest News view more...

PTC NETWORK